ਦਵਾਈ ਫੈਕਟਰੀ ’ਚ ਛਾਪੇਮਾਰੀ ਦੌਰਾਨ ਪਾਬੰਦੀ•ਸ਼ੁਦਾ ਗੋਲੀਆਂ ਤੇ ਕੱਚਾ ਮਾਲ ਬਰਾਮਦ
ਦਵਾਈ ਫੈਕਟਰੀ ’ਚ ਛਾਪੇਮਾਰੀ, ਲੱਖਾਂ ਨਸ਼ੀਲੀਆਂ ਗੋਲੀਆਂ ਅਤੇ ਕੱਚਾ ਮਾਲ ਬਰਾਮਦ
Publish Date: Sun, 18 Jan 2026 05:10 PM (IST)
Updated Date: Mon, 19 Jan 2026 04:06 AM (IST)
-ਮੁਕਤਸਰ-ਬਠਿੰਡਾ ਪ੍ਰਸ਼ਾਸਨ ਨੇ ਸਾਂਝੇ ਆਪ੍ਰੇਸ਼ਨ ਚਲਾ ਕੇ ਫੈਕਟਰੀ ਕੀਤੀ ਸੀਲ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੇ ਇੰਡਸਟਰੀ ਗ੍ਰੋਥ ਸੈਂਟਰ, ਬਠਿੰਡਾ ਵਿਚ ਸਥਿਤ ਇਕ ਦਵਾਈ ਫੈਕਟਰੀ ’ਤੇ ਛਾਪੇਮਾਰੀ ਕਰਕੇ ਉਸਨੂੰ ਸੀਲ ਕਰ ਦਿੱਤਾ। ਇਸ ਕਾਰਵਾਈ ਦੌਰਾਨ ਲੱਖਾਂ ਦੀ ਗਿਣਤੀ ਵਿਚ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਤੇ ਵੱਡੀ ਮਾਤਰਾ ’ਚ ਕੱਚਾ ਮਾਲ ਬਰਾਮਦ ਕੀਤਾ। ਜਾਣਕਾਰੀ ਮੁਤਾਬਕ ਇਹ ਕਾਰਵਾਈ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਐੱਨਡੀਪੀਐੱਸ ਐਕਟ ਅਧੀਨ ਦਰਜ ਮਾਮਲਾ ਨੰਬਰ 316 (26 ਨਵੰਬਰ 2025) ਦੀ ਜਾਂਚ ਦੌਰਾਨ ਕੀਤੀ ਗਈ। ਇਸ ਮਾਮਲੇ ਵਿਚ ਪਹਿਲਾਂ ਮਨੀਸ਼ ਕੁਮਾਰ ਤੇ ਸਾਹਿਲ ਕੁਮਾਰ (ਮੰਡੀਆਂ ਕਿਲਿਆਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਕਬਜ਼ੇ ਤੋਂ 20 ਐਟਿਜੋਲਾਮ ਗੋਲੀਆਂ, 80 ਪ੍ਰੇਗਾਬੇਲਿਨ ਕੈਪਸੂਲ ਅਤੇ 7.26 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ।
ਜਾਂਚ ਦੌਰਾਨ ਮਨੀਸ਼ ਦੇ ਭਰਾ ਕ੍ਰਿਸ਼ਨਾ ਕੁਮਾਰ (ਮੰਡੀਆਂ ਕਿਲਿਆਵਾਲੀ) ਅਤੇ ਵੰਸ਼ ਕੁਆਤਰਾ ਵਾਸੀ ਡਬਵਾਲੀ ਦੇ ਨਾਮ ਸਾਹਮਣੇ ਆਏ ਹਨ। ਦੋਹਾਂ ਨੂੰ 29 ਨਵੰਬਰ 2025 ਨੂੰ ਨਾਮਜ਼ਦ ਕਰ ਕੇ 4 ਜਨਵਰੀ 2026 ਨੂੰ ਗ੍ਰਿਫ਼ਤਾਰ ਕੀਤਾ। 5 ਜਨਵਰੀ 2026 ਨੂੰ ਦੋਹਾਂ ਦੇ ਕਬਜ਼ੇ ਤੋਂ 30 ਹਜ਼ਾਰ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਦੀ ਜਾਂਚ ਤੋਂ ਪਤਾ ਲੱਗਾ ਕਿ ਨਸ਼ੀਲੇ ਦਵਾਈਆਂ ਦੀ ਸਪਲਾਈ ਬਠਿੰਡਾ ਦੇ ਇੰਡਸਟਰੀ ਗ੍ਰੋਥ ਸੈਂਟਰ ਸਥਿਤ ਰੇਜ਼ਨੇਕਸ ਲਾਈਫ ਸਾਇੰਸ ਪ੍ਰਾਈਵੇਟ ਲਿਮਿਟਡ ਕੰਪਨੀ ਤੋਂ ਹੋ ਰਹੀ ਸੀ। ਇਸ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਡਰੱਗ ਇੰਸਪੈਕਟਰਾਂ ਦੇ ਨਾਲ ਮਿਲ ਕੇ ਫੈਕਟਰੀ ’ਚ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਬਿਨਾਂ ਲਾਇਸੈਂਸ ਦੇ ਦਵਾਈਆਂ ਬਣਾਉਣ ਦੇ ਸਬੂਤ ਮਿਲੇ। ਫੈਕਟਰੀ ਮਾਲਕ ਕੋਈ ਜਾਇਜ਼ ਦਸਤਾਵੇਜ਼ ਜਾਂ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਮੌਕੇ ਤੋਂ 1,85,000 ਖੁੱਲ੍ਹੀਆਂ ਗੋਲੀਆਂ, 42,350 ਜੈਂਟਾਡੋਲ ਗੋਲੀਆਂ, 1,22,400 ਟੇਨੇਡੋਲ ਗੋਲੀਆਂ ਤੇ ਲਗਭਗ 10 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਹੋਇਆ। ਫੈਕਟਰੀ ਨੂੰ ਸੀਲ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।