ਮੇਅਰ ਦੇ ਨਾਂ ’ਤੇ ਠੱਗੀਆਂ ਮਾਰਨ ਵਾਲਾ ਕਾਬੂ
ਮੇਅਰ ਦੇ ਨਾਮ ’ਤੇ ਠੱਗੀਆਂ ਮਾਰਨ ਵਾਲਾ ਕਾਬੂ, ਮੇਅਰ ਦੀ ਆਵਾਜ਼ ਕੱਢ ਕੇ ਮਾਰਦਾ ਸੀ ਠੱਗੀ
Publish Date: Wed, 28 Jan 2026 04:39 PM (IST)
Updated Date: Thu, 29 Jan 2026 04:02 AM (IST)
-ਵੱਖ-ਵੱਖ ਫਿਲਮੀ ਅਦਾਕਾਰਾਂ ਦੀਆਂ ਆਵਾਜ਼ਾਂ ਕੱਢਣ ’ਚ ਹੈ ਮਾਹਿਰ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਪੁਲਿਸ ਨੇ ਇਕ ਅਜਿਹੇ ਸ਼ਾਤਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਨਾਂ ’ਤੇ ਠੱਗੀਆਂ ਮਾਰ ਰਿਹਾ ਸੀ। ਉਕਤ ਵਿਅਕਤੀ ਵੱਖ-ਵੱਖ ਫਿਲਮੀ ਅਦਾਕਾਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਦੀਆਂ ਆਵਾਜ਼ਾਂ ਕੱਢਣ ’ਚ ਮਾਹਿਰ ਮੰਨਿਆ ਹੈ। ਉਹ ਹੁਣ ਜਿੱਥੇ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਦੀ ਆਵਾਜ਼ ਕੱਢ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ ਸੀ, ਉੱਥੇ ਠੱਗੀਆਂ ਮਾਰ ਰਿਹਾ ਸੀ। ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਜਾਣਕਾਰੀ ਦਿੱਤੀ ਕਿ ਕੁਝ ਦਿਨ ਪਹਿਲਾਂ ਉਕਤ ਵਿਅਕਤੀ ਭਲਿੰਦਰ ਪਾਲ ਸਿੰਘ ਨੇ ਆਰਕੇ ਮਨੀ ਟ੍ਰਾਂਸਫਰ ਫਰਮ ਦੇ ਮਾਲਕ ਰਵੀ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਨਿਗਮ ਦਾ ਮੇਅਰ ਪਦਮਜੀਤ ਮਹਿਤਾ ਬੋਲ ਰਿਹਾ ਹੈ। ਸ਼ਾਤਰ ਠੱਗ ਨੇ ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਰਵੀ ਨੂੰ ਕਿਹਾ ਕਿ ਉਸ ਨੇ ਦਿੱਲੀ ਯੂਨੀਵਰਸਿਟੀ ਦੀ ਫੀਸ ਭੁਗਤਾਨ ਕਰਨੀ ਹੈ, ਜਿਸ ਕਾਰਨ ਉਸ ਨੂੰ ਫੋਨ ਕੀਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਉਕਤ ਸ਼ਾਤਰ ਠੱਗ ਮਨੀ ਟਰਾਂਸਫਰ ਦੇ ਮਾਲਕ ਕੋਲੋਂ ਪਦਮਜੀਤ ਸਿੰਘ ਮਹਿਤਾ ਦੇ ਨਾਂ ’ਤੇ ਕਾਫੀ ਜਾਣਕਾਰੀਆਂ ਹਾਸਲ ਕਰਦਾ ਰਿਹਾ, ਇਸ ਤੋਂ ਬਾਅਦ ਜਦੋਂ ਰਵੀ ਨੂੰ ਸ਼ੱਕ ਹੋਇਆ ਤਾਂ ਉਸਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਸਭ ਤੋਂ ਪਹਿਲਾਂ ਦੁਕਾਨ ਮਾਲਕ ਨੇ ਪਦਮਜੀਤ ਸਿੰਘ ਮਹਿਤਾ ਦਾ ਮੋਬਾਈਲ ਨੰਬਰ ਹਾਸਲ ਕੀਤਾ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਵਿਅਕਤੀ ਉਸ ਨਾਲ ਠੱਗੀ ਮਾਰਨ ਦਾ ਯਤਨ ਕਰ ਰਿਹਾ ਹੈ। ਡੀਐੱਸਪੀ ਅੰਮ੍ਰਿਤ ਪਾਲ ਸਿੰਘ ਭਾਟੀ ਨੇ ਦੱਸਿਆ ਕਿ ਭਲਿੰਦਰ ਪਾਲ ਸਿੰਘ ਵੱਖ-ਵੱਖ ਫਿਲਮੀ ਅਦਾਕਾਰਾਂ ਤੇ ਸ਼ਖ਼ਸੀਅਤਾਂ ਦੀਆਂ ਆਵਾਜ਼ਾਂ ਕੱਢ ਲੈਂਦਾ ਹੈ, ਜਿਸ ਕਾਰਨ ਹੁਣ ਉਸਨੇ ਨਿਗਮ ਦੇ ਮੇਅਰ ਦੀ ਆਵਾਜ਼ ਕੱਢ ਕੇ ਕਈ ਲੋਕਾਂ ਨੂੰ ਫੋਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮ ਖਿਲਾਫ ਪਹਿਲਾਂ ਵੀ ਵੱਖ-ਵੱਖ 13 ਮਾਮਲੇ ਦਰਜ ਹਨ, ਜਦੋਂ ਕਿ ਇਨ੍ਹਾਂ ਵਿੱਚੋਂ 10 ਮਾਮਲੇ ਠੱਗੀਆਂ ਮਾਰਨ ਦੇ ਦੋਸ਼ ਹੇਠ ਧੋਖਾਧੜੀ ਦੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ ’ਚ ਇਹ ਸਾਤਰ ਠੱਗ ਭਗੌੜਾ ਚੱਲ ਰਿਹਾ ਹੈ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਮੇਅਰ ਦੇ ਨਾਂ ’ਤੇ ਉਸਨੇ ਕਿਸ ਕਿਸ ਨਾਲ ਠੱਗੀ ਮਾਰੀ ਹੈ।