ਮਾਤਾ ਸੁੰਦਰੀ ਕਾਲਜ ’ਚ ਬੀਕਾਮ ਦਾ ਨਤੀਜਾ ਰਿਹਾ ਸੌ ਫ਼ੀਸਦੀ
ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਬੀਕਾਮ ਨਤੀਜਾ 100 ਫੀਸਦੀ ਰਿਹਾ
Publish Date: Fri, 20 Feb 2026 06:03 PM (IST)
Updated Date: Sat, 21 Feb 2026 04:10 AM (IST)

26,29,30) ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ ਲੜਕੀਆਂ ਦੀ ਸਿੱਖਿਆ, ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੇ ਖੇਤਰ ਵਿਚ ਮਾਲਵੇ ਦੀ ਮੋਹਰੀ ਸੰਸਥਾ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ ਮੈਦਾਨ ਵਿਚ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਬੀਕਾਮ ਭਾਗ ਦੂਜਾ, ਸਮੈਸਟਰ ਚੌਥੇ ਦਾ ਨਤੀਜਾ 100 ਫੀਸਦੀ ਰਿਹਾ । ਇਸ ਮੌਕੇ ਕਾਲਜ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਵਿਦਿਆਰਥਣਾਂ ਦੀ ਲਗਨ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਅਤੇ ਕਾਲਜ ਦੇ ਅਨੁਸ਼ਾਸਿਤ ਅਕਾਦਮਿਕ ਮਾਹੌਲ ਦਾ ਨਤੀਜਾ ਹੈ। ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੰਸਥਾ ਹਮੇਸ਼ਾ ਵਿਦਿਆਰਥਣਾਂ ਨੂੰ ਕਿੱਤਾ-ਮੁੱਖੀ ਕੋਰਸਾਂ ਵੱਲ ਪ੍ਰੇਰਿਤ ਕਰਦੀ ਹੈ, ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮਿਲ ਸਕਣ। ਪ੍ਰਿੰਸੀਪਲ ਰਾਜ ਸਿੰਘ ਬਾਘਾ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਸੰਸਥਾ ਲਗਾਤਾਰ ਉਤਕ੍ਰਿਸ਼ਟ ਨਤੀਜੇ ਦੇ ਰਹੀ ਹੈ ਅਤੇ ਵਿਦਿਆਰਥਣਾਂ ਸੱਭਿਆਚਾਰਕ ਤੇ ਖੇਡ ਮੈਦਾਨ ਦੇ ਨਾਲ-ਨਾਲ ਸਿੱਖਿਆ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਉਂਦੀਆਂ ਆ ਰਹੀਆਂ ਹਨ। ਵਿਭਾਗ ਮੁਖੀ ਪ੍ਰੋ. ਹਰਸ਼ ਰਾਣੀ ਅਨੁਸਾਰ ਰਮਨਦੀਪ ਕੌਰ (70 ਫੀਸਦੀ) ਅਤੇ ਕਮਲਜੀਤ ਕੌਰ (70 ਫੀਸਦੀ) ਨੇ ਸਾਂਝੇ ਤੌਰ ‘ਤੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਮਨਦੀਪ ਕੌਰ (67ਫੀਸਦੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੰਸਥਾ ਦੀ ਡਾਇਰੈਕਟਰ ਸਿੰਬਲਜੀਤ ਕੌਰ ਅਤੇ ਖਜਾਨਚੀ ਪ੍ਰਸ਼ੋਤਮ ਕੌਰ ਸਮੇਤ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਕਾਮਨਾ ਕੀਤੀ।