ਮਨਰੇਗਾ ਰੁਜ਼ਗਾਰ ਗਾਰੰਟੀ ਕਾਨੂੰਨ ਬਚਾਉਣ ਲਈ ਅੰਦੋਲਨ ਕਰਾਂਗੇ ਤੇਜ਼ : ਗਹਿਰੀ
ਮਨਰੇਗਾ ਰੋਜ਼ਗਾਰ ਗਾਰੰਟੀ ਕਨੂੰਨ ਬਚਾਉਣ ਲਈ ਅੰਦੋਲਨ ਪਿੰਡ ਪੱਧਰ ਤਕ ਤੇਜ਼ ਕਰਾਂਗੇ: ਗਹਿਰੀ
Publish Date: Mon, 16 Feb 2026 08:25 PM (IST)
Updated Date: Tue, 17 Feb 2026 04:10 AM (IST)

-ਬਾਜਵਾ ਵੱਲੋਂ ਸੰਸਦ ਤੋਂ ਲੈ ਕੇ ਸੜਕ ਤੇ ਪਿੰਡ ਪੱਧਰ ਤਕ ਮਨਰੇਗਾ ਬਚਾਉਣ ਲਈ ਚੁੱਕੀ ਜਾ ਰਹੀ ਅਵਾਜ਼ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨਰੇਗਾ ਰੁਜ਼ਗਾਰ ਗਾਰੰਟੀ ਐਕਟ ਨੂੰ ਬਚਾਉਣ ਲਈ ਅੰਦੋਲਨ ਨੂੰ ਪਿੰਡ ਪੱਧਰ ਤਕ ਤੇਜ਼ ਕਰਨ ਦਾ ਐਲਾਨ ਕੇਕੇਸੀ ਵਿਭਾਗ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਵੱਲੋਂ ਕੀਤਾ ਗਿਆ। ਪਿੰਡ ਗਹਿਰੀ ਬਾਰਾ ਸਿੰਘ ਤੇ ਭੈਣੀ ਵਿੱਚ ਮਜ਼ਦੂਰਾਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਮਜ਼ਦੂਰ ਵਰਗ ਨੂੰ ਕੰਪਨੀਆਂ ਅਤੇ ਠੇਕੇਦਾਰ ਪ੍ਰਣਾਲੀ ਦੀ ਗੁਲਾਮੀ ਵੱਲ ਧੱਕਣ ਵਾਲੀਆਂ ਨੀਤੀਆਂ ਤਿਆਰ ਕਰ ਰਹੀ ਹੈ, ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਗਹਿਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ (ਮਨਰੇਗਾ) ਗਰੀਬ ਅਤੇ ਮਜ਼ਦੂਰ ਵਰਗ ਲਈ ਜੀਵਨ-ਰੇਖਾ ਹੈ। ਇਸ ਯੋਜਨਾ ਰਾਹੀਂ ਪਿੰਡਾਂ ’ਚ ਰਹਿੰਦੇ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਉਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਮਨਰੇਗਾ ਲਈ ਬਜਟ ਘਟਾ ਕੇ ਅਤੇ ਕੰਮ ਦੇ ਦਿਨ ਘਟਾ ਕੇ ਇਸ ਸਕੀਮ ਨੂੰ ਕਮਜ਼ੋਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੀਨੀਅਰ ਨੇਤਾ ਡਾ. ਉਦਿਤ ਰਾਜ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਸਦ ਤੋਂ ਲੈ ਕੇ ਸੜਕ ਤੇ ਪਿੰਡ ਪੱਧਰ ਤਕ ਮਨਰੇਗਾ ਬਚਾਉਣ ਲਈ ਅਵਾਜ਼ ਚੁੱਕੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਸਾਲ ਵਿੱਚ ਘੱਟੋ-ਘੱਟ 200 ਦਿਨ ਚਲਾਇਆ ਜਾਵੇ ਅਤੇ ਮਜ਼ਦੂਰਾਂ ਨੂੰ 800 ਰੁਪਏ ਪ੍ਰਤੀ ਦਿਹਾੜੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸਕੀਮ ਅਧੀਨ ਕੰਮ ਕਰਦੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਲਈ 20 ਲੱਖ ਰੁਪਏ ਤਕ ਦਾ ਮੁਫ਼ਤ ਜੀਵਨ ਅਤੇ ਸਿਹਤ ਬੀਮਾ ਲਾਗੂ ਕੀਤਾ ਜਾਵੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਮਨਰੇਗਾ ਨੂੰ ਖੇਤੀ ਖੇਤਰ ਨਾਲ ਜੋੜਿਆ ਜਾਵੇ, ਤਾਂ ਜੋ ਕਿਸਾਨ ਅਤੇ ਮਜ਼ਦੂਰ ਦੋਹਾਂ ਵਰਗਾਂ ਨੂੰ ਸਿੱਧਾ ਲਾਭ ਮਿਲ ਸਕੇ। ਮੀਟਿੰਗ ਦੌਰਾਨ ਕਾਂਗਰਸ ਵੱਲੋਂ ਮਜ਼ਦੂਰਾਂ ਦੇ ਫਾਰਮ ਭਰੇ ਗਏ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਸ ਦੌਰਾਨ ਗਹਿਰੀ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਬਚਾਉਣ ਲਈ ਜਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਗੁਰਜੰਟ ਸਿੰਘ ਗਹਿਰੀ ਚੇਅਰਮੈਨ ਬਠਿੰਡਾ, ਜਗਦੇਵ ਸਿੰਘ ਭੈਣੀ, ਹਰਦੇਵ ਸਿੰਘ ਬੁਰਜ ਡਲਾ, ਸਰਪੰਚ ਮਿੱਠੂ ਸਿੰਘ, ਸਰਪੰਚ ਸਿੰਗਾਰਾ ਸਿੰਘ, ਪੰਚ ਸਤਨਾਮ ਸਿੰਘ, ਸਰਪੰਚ ਜਸਵੀਰ ਸਿੰਘ ਗੋਬਿੰਦਪੁਰਾ, ਪ੍ਰਧਾਨ ਡੋਮਾ ਪਰੀਸੰਗ ਸਮੇਤ ਹੋਰ ਅਗੂਆਂ ਨੇ ਭਾਗ ਲਿਆ ਤੇ ਮਨਰੇਗਾ ਬਚਾਓ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।