ਮਨਪ੍ਰੀਤ ਕੌਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ
ਯੂਪੀਐਸਸੀ ਵਿਚ 136ਵਾਂ ਰੈਂਕ ਹਾਸਲ ਕਰਨ ਉਪਰੰਤ ਮਨਪ੍ਰੀਤ ਕੌਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਟੇਕਿਆ ਮੱਥਾ
Publish Date: Mon, 09 Mar 2026 05:27 PM (IST)
Updated Date: Tue, 10 Mar 2026 04:06 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ
ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਪ੍ਰਸਿੱਧ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿਚ 136ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਮਨਪ੍ਰੀਤ ਕੌਰ ਆਪਣੇ ਮਾਪਿਆਂ ਦੀ ਇਕੋ ਔਲਾਦ ਹੈ ਅਤੇ ਇਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਪਿਤਾ ਇਕ ਕਿਸਾਨ ਹਨ। ਮਨਪ੍ਰੀਤ ਕੌਰ ਨੇ ਆਪਣੀ ਮੁੱਢਲੀ ਪੜ੍ਹਾਈ ਮਾਨਸਾ ਜ਼ਿਲ੍ਹੇ ਦੇ ਭਿੱਖੀ ਵਿਖੇ ਇਕ ਨਿੱਜੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਕਾਨੂੰਨ ਦੀ ਉੱਚ ਪੜ੍ਹਾਈ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਤੋਂ ਪੂਰੀ ਕੀਤੀ। ਮਨਪ੍ਰੀਤ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਉਸਦੇ ਪਿੰਡ ਧਲੇਵਾਂ ਸਮੇਤ ਪੂਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਉਸਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਕ ਸਧਾਰਨ ਕਿਸਾਨ ਪਰਿਵਾਰ ਦੀ ਧੀ ਵੱਲੋਂ ਇਹ ਵੱਡੀ ਉਪਲੱਬਧੀ ਹਾਸਲ ਕਰਨਾ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇਗਾ।
ਇਸ ਦੌਰਾਨ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਮਨਪ੍ਰੀਤ ਕੌਰ ਅੱਜ ਮੱਥਾ ਟੇਕਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੀ, ਜਿੱਥੇ ਉਸਨੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਬਾਬਾ ਟੇਕ ਸਿੰਘ ਧਨੌਲਾ ਨੇ ਮਨਪ੍ਰੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਸਿਰੋਪਾ ਭੇਟ ਕਰਕੇ ਉਸਦਾ ਸਨਮਾਨ ਕੀਤਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਕਾਮਯਾਬੀ ਨੌਜਵਾਨ ਪੀੜ੍ਹੀ ਲਈ ਇਕ ਵੱਡੀ ਪ੍ਰੇਰਣਾ ਹੈ ਤੇ ਇਹ ਦਰਸਾਉਂਦੀ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਮੁਸ਼ਕਲ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਮਨਪ੍ਰੀਤ ਕੌਰ ਭਵਿੱਖ ਵਿਚ ਦੇਸ਼ ਸੇਵਾ ਕਰਦਿਆਂ ਸਮਾਜ ਲਈ ਮਿਸਾਲ ਕਾਇਮ ਕਰੇਗੀ। ਇਸ ਮੌਕੇ ਜਸਪਾਲ ਸਿੰਘ, ਹਰਪ੍ਰੀਤ ਸਿੰਘ, ਰਘਵੀਰ ਸਿੰਘ, ਸੁਖਦੇਵ ਸਿੰਘ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ।