- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਬਣਨ ’ਤੇ ਧੀਆਂ ਵਾਸਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ: ਸੁਖਬੀਰ ਬਾਦਲ

-ਲਾਭਪਾਤਰੀ ਮਹਿਲਾਵਾਂ ਨੂੰ ਪਹਿਲਾਂ 4 ਸਾਲ ਦੇ ਬਕਾਇਆ 48-48 ਹਜ਼ਾਰ ਰੁਪਏ ਦਿੱਤੇ ਜਾਣ : ਬੀਬੀ ਬਾਦਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਆਪ ਸਰਕਾਰ ਵੱਲੋਂ ਲਏ ਕੈਬਨਿਟ ਫੈਸਲਿਆਂ ’ਤੇ ਪ੍ਰਤੀਕਰਮ ਵੀ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚਾਰ ਸਾਲਾਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੂੰ ਨਿਊ ਚੰਡੀਗੜ੍ਹ ’ਚ ਮੈਡੀਕਲ ਕਾਲਜ ਬਣਾਉਣ ਦਾ ਲਾਰਾ ਲਾ ਕੇ ਮੂਰਖ ਬਣਾਉਂਦੇ ਰਹੇ। ਭਗਵੰਤ ਮਾਨ ਨੂੰ ਸ਼ਾਇਦ ਇਹ ਵੀ ਪਤਾ ਨਹੀਂ ਸੀ ਕਿ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿਊ ਚੰਡੀਗੜ੍ਹ ’ਚ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਸਥਾਪਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਭਗਵੰਤ ਮਾਨ ਦਾ ਰਿਕਾਰਡ ਵੇਖੇ ਤਾਂ ਪਤਾ ਚੱਲਦਾ ਹੈ ਕਿ ਇਸਨੇ ਸੰਗਰੂਰ ’ਚ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਨੀਂਹ ਪੱਥਰ ਰੱਖਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ ਗਿਆ ਤੇ ਸੂਬੇ ’ਚ ਕੋਈ ਵੀ ਹੋਰ ਮੈਡੀਕਲ ਕਾਲਜ ਸਥਾਪਿਤ ਨਹੀਂ ਕੀਤਾ। ਉਹ ਭੁੱਚੋ ਵਿਧਾਨ ਸਭਾ ਹਲਕੇ ਦੀ ਗੋਨਿਆਣਾ ਮੰਡੀ ’ਚ ਰੱਖੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਕਾਲੀ ਦਲ ਔਰਤਾਂ ਦੀ ਭਲਾਈ ਵਾਸਤੇ ਵਚਨਬੱਧ ਹੈ। ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ’ਤੇ ਉਹ ਐਲਾਨ ਕਰਦਾ ਹੈ ਕਿ ਜਿਥੇ ਸ਼ਗਨ ਸਕੀਮ ਅਧੀਨ ਗ਼ਰੀਬ ਵਰਗ ਦੀਆਂ ਧੀਆਂ ਵਾਸਤੇ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ, ਉਥੇ ਹੀ ਅਗਲੀ ਅਕਾਲੀ ਦਲ ਦੀ ਸਰਕਾਰ ਆਂਗਨਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਗ੍ਰੇਡ ਦੇਵੇਗੀ ਅਤੇ ਮਿਡ ਡੇਅ ਮੀਲ ਤੇ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਐਕਟ ਅਧੀਨ ਲਿਆਂਦਾ ਜਾਵੇਗਾ। ਪੰਜਾਬ ਲਈ ਦ੍ਰਿਸ਼ਟੀਕੋਣ ਦੀ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਸੂਬੇ ਦੇ ਸਾਰੇ ਦਰਿਆਵਾਂ ਦੀ ਸਫਾਈ ਕਰਾਵੇਗਾ। ਅਸੀਂ ਬਿਆਸ ਤੇ ਸਤਲੁਜ ਦਰਿਆ ਵਿਚ ਇਕ ਬੂੰਦ ਵੀ ਗੰਦਾ ਪਾਣੀ ਨਹੀਂ ਜਾਣ ਦਿਆਂਗੇ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਰੋਕਣ ਵਾਸਤੇ ਅਜਿਹਾ ਕਰਨਾ ਜ਼ਰੂਰੀ ਹੈ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਲੋਕਾਂ ਨੂੰ ਆਟਾ-ਦਾਲ ਸਕੀਮ ਤਹਿਤ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਪ੍ਰਦਾਨ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਦਿੱਤਾ ਜਾਵੇਗਾ। ਸਰਕਾਰ ਦੀ ਔਰਤਾਂ ਨੂੰ ਅਗਲੇ ਕੁਝ ਮਹੀਨਿਆਂ ਵਾਸਤੇ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਦੀ ਗੱਲ ਕਰਦਿਆਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਸਕੀਮ ਤਹਿਤ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੀ ਰਾਸ਼ੀ ਮਿਲਣੀ ਚਾਹੀਦੀ ਹੈ ਤੇ ਕੋਈ ਵੀ ਮਹਿਲਾ ਵਾਂਝੀ ਨਹੀਂ ਰਹਿਣੀ ਚਾਹੀਦੀ। ਸਾਰੇ ਲਾਭਪਾਤਰੀਆਂ ਨੂੰ ਪਹਿਲਾਂ 48-48 ਹਜ਼ਾਰ ਰੁਪਏ ਪਿਛਲੇ 4 ਸਾਲਾਂ ਦੇ ਬਕਾਏ ਦਿੱਤੇ ਜਾਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਔਰਤਾਂ ਨੂੰ ਅਪੀਲ ਕਰੇਗਾ ਕਿ ਜਦੋਂ ਵੀ ‘ਆਪ’ ਦੇ ਵਿਧਾਇਕ ਉਹਨਾਂ ਦੀਆਂ ਵੋਟਾਂ ਮੰਗਣ ਆਉਣ ਤਾਂ ਉਹ ਉਨ੍ਹਾਂ ਦਾ ਘਿਰਾਓ ਕਰਨ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਜਥੇ. ਜਗਸੀਰ ਸਿੰਘ ਕਲਿਆਣ, ਦਲਜੀਤ ਸਿੰਘ ਗੁਰੂ ਹਲਕਾ ਸੇਵਾਦਾਰ, ਮੋਹਿਤ ਗੁਪਤਾ, ਹਰਗੋਬਿੰਦ ਕੌਰ ਤੇ ਬਲਕਾਰ ਸਿੰਘ ਬਰਾੜ ਨੇ ਸੰਬੋਧਨ ਕੀਤਾ। ਇਸ ਮੌਕੇ ਫਲੇਲ ਸਿੰਘ ਸਾਬਕਾ ਸਰਪੰਚ ਭੋਖੜਾ, ਜਗਮੀਤ ਸਿੰਘ ਭੋਖੜਾ, ਗੁਰਸੇਵਕ ਸਿੰਘ ਭੋਖੜਾ, ਜਥੇਦਾਰ ਭਵਿੰਦਰ ਸਿੰਘ ਭਿੰਡਰ, ਰਾਜਾ ਸਿੰਘ ਸਾਬਕਾ ਸਰਪੰਚ ਕੋਠੇ ਇੰਦਰ ਸਿੰਘ ਵਾਲਾ, ਸੁਖਰਾਜ ਸਿੰਘ ਰਾਜੀ, ਗੁਰਦੋਰ ਸਿੰਘ ਸਾਬਕਾ ਸਰਪੰਚ, ਜੱਸੀ ਮਹਿਮਾ ਸਰਜਾ, ਅਮੀਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰੇਮ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਹਰਵਿੰਦਰ ਪਾਲ ਸੋਨੂ ਦੂਆ, ਕਮਲਪ੍ਰੀਤ ਸਿੰਘ ਕੁਕੂ, ਗੁਰਮੀਤ ਸਿੰਘ ਮੀਤਾ, ਜਮੀਤ ਸਿੰਘ ਮੱਕੜ, ਗੋਲਡੀ ਮੱਕੜ, ਪ੍ਰਭਦੀਪ ਸਿੰਘ ਮੱਕੜ, ਨਰਦੇਵ ਸਿੰਘ ਪੂਹਲੀ ਹਾਜ਼ਰ ਰਹੇ।