ਮਕਰ ਸੰਕਰਾਂਤੀ ਮੌਕੇ ਜ਼ਿਲ੍ਹੇ ਦੇ ਗੁਰੂਘਰਾਂ ’ਚ ਸੰਗਤ ਨਤਮਸਤਕ
ਮਕਰ ਸੰਕਰਾਂਤੀ ਮੌਕੇ ਜ਼ਿਲ੍ਹੇ ਭਰ ਦੇ ਗੁਰੂਘਰਾਂ ਵਿੱਚ ਨਤਮਸਤਕ ਹੋਈਆਂ ਸੰਗਤਾਂ
Publish Date: Wed, 14 Jan 2026 04:50 PM (IST)
Updated Date: Thu, 15 Jan 2026 04:03 AM (IST)
-ਗੁਰੂਘਰਾਂ ’ਚ ਕੀਤੀ ਸੇਵਾ, ਲੰਗਰਾਂ ਰਾਹੀਂ ਵੰਡਿਆ ਸੰਗਤ ਨੂੰ ਭਾਈਚਾਰੇ ਤੇ ਏਕਤਾ ਦਾ ਸੁਨੇਹਾ
31) ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਸਿੱਖ ਸੰਗਤ।
33) ਗੁਰਦੁਆਰਾ ਸਾਹਿਬ ਵਿਖੇ ਸਥਿਤ ਪਵਿੱਤਰ ਸਰੋਵਰ ’ਚ ਪੰਜ ਇਸ਼ਨਾਨ ਕਰਦਨ ਸਮੇਂ ਸੰਗਤ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਮਕਰ ਸੰਕਰਾਂਤੀ ਦੇ ਪਾਵਨ ਤਿਉਹਾਰ ਮੌਕੇ ਜ਼ਿਲ੍ਹੇ ਭਰ ਦੇ ਗੁਰੂਘਰਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਸਵੇਰ ਤੋਂ ਹੀ ਗੁਰੂਘਰਾਂ ਵਿੱਚ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ ਅਤੇ ਪੂਰਾ ਮਾਹੌਲ ਧਾਰਮਿਕ ਸ਼ਰਧਾ ਅਤੇ ਭਕਤੀਮਈ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੰਗਤ ਵੱਲੋਂ ਗੁਰੂਘਰਾਂ ਵਿੱਚ ਮੱਥਾ ਟੇਕ ਕੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਕਈ ਗੁਰੂਘਰਾਂ ਵਿੱਚ ਸ਼ਰਧਾਲੂਆਂ ਨੇ ਇਸ਼ਨਾਨ ਕਰਕੇ ਗੁਰੂ ਘਰਾਂ ਵਿੱਚ ਹਾਜ਼ਰੀ ਭਰੀ। ਇਸ ਮੌਕੇ ਗੁਰਬਾਣੀ ਕੀਰਤਨ ਅਤੇ ਸ਼ਬਦ ਕੀਰਤਨ ਨਾਲ ਗੁਰੂਘਰਾਂ ਦਾ ਮਾਹੌਲ ਅਤਿ ਸ਼ਾਂਤਮਈ ਬਣਿਆ ਰਿਹਾ। ਮਕਰ ਸੰਕਰਾਂਤੀ ਦੇ ਮੌਕੇ ‘ਤੇ ਸੰਗਤਾਂ ਵੱਲੋਂ ਗੁਰੂਘਰਾਂ ਵਿੱਚ ਵੱਖ-ਵੱਖ ਪ੍ਰਕਾਰ ਦੀ ਸੇਵਾ ਵੀ ਨਿਭਾਈ ਗਈ। ਕਈ ਗੁਰੂਘਰਾਂ ਵਿੱਚ ਲੰਗਰ ਸੇਵਾ, ਜੋੜਾ ਘਰ ਸੇਵਾ, ਸਫ਼ਾਈ ਸੇਵਾ ਅਤੇ ਪਾਣੀ ਦੀ ਸੇਵਾ ਕੀਤੀ ਗਈ।
ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਥਾਂ-ਥਾਂ ਲੰਗਰ ਲਗਾਏ ਗਏ, ਜਿੱਥੇ ਸ਼ਰਧਾਲੂਆਂ ਨੇ ਪਿਆਰ, ਸਮਾਨਤਾ ਅਤੇ ਭਾਈਚਾਰੇ ਦੇ ਭਾਵ ਨਾਲ ਪ੍ਰਸਾਦ ਛਕਿਆ। ਸਵੇਰੇ ਤੋਂ ਹੀ ਧਾਰਮਿਕ ਅਸਥਾਨਾਂ ‘ਤੇ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਗਈ, ਜਿਸ ਨਾਲ ਪੂਰਾ ਸ਼ਹਿਰ ਸ਼ਰਧਾ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿੱਚ ਮਕਰ ਸੰਕਰਾਂਤੀ ਦੇ ਦਿਨ ਵਿਸ਼ੇਸ਼ ਰੌਣਕ ਵੇਖਣ ਨੂੰ ਮਿਲੀ। ਤੜਕੇ ਸਵੇਰੇ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰੇ ਪਹੁੰਚ ਕੇ ਮੱਥਾ ਟੇਕਣ ਆਏ।
ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਗੁਰਦੁਆਰਾ ਸਾਹਿਬ ਵਿਚ “ਵਾਹਿਗੁਰੂ” ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ, ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਭਕਤੀਮਈ ਬਣ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਸੇਵਾਦਾਰਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਲੰਗਰ ਹਾਲ ਵਿੱਚ ਸ਼ਰਧਾਲੂਆਂ ਨੂੰ ਪੰਗਤ ਵਿੱਚ ਬੈਠਾ ਕੇ ਪਿਆਰ ਅਤੇ ਸੇਵਾ ਭਾਵ ਨਾਲ ਲੰਗਰ ਵਰਤਾਇਆ ਗਿਆ।