ਮਗਨਰੇਗਾ ਸਕੀਮ ਬਹਾਲ ਕਰਨ ਲਈ ਡੀਸੀ ਦਫ਼ਤਰ ਅੱਗੇ ਵਿਸ਼ਾਲ ਤੇ ਰੋਸ ਧਰਨਾ
ਮਗਨਰੇਗਾ ਕਾਨੂੰਨ 2005 ਬਹਾਲ ਕੀਤਾ ਜਾਵੇ
Publish Date: Sun, 08 Feb 2026 05:33 PM (IST)
Updated Date: Mon, 09 Feb 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਇਕ ਵਿਸ਼ਾਲ ਤੇ ਰੋਹ ਭਰਪੂਰ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਮੰਗ ਕੀਤੀ ਕਿ ਕੇਂਦਰ ਸਰਕਾਰ ਮਗਨਰੇਗਾ ਕਾਨੂੰਨ 2005 ਨੂੰ ਬਹਾਲ ਕਰੇ ਤੇ ਮਜ਼ਦੂਰ ਵਿਰੋਧੀ ਜੀ ਰਾਮ ਜੀ ਐਕਟ 2025 ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਤੇ ਪੈਨਸ਼ਨ ਨੂੰ 1500 ਤੋਂ ਵਧਾ ਕੇ 2500 ਰੁਪਏ ਕਰਨ ਦੇ ਕੀਤੇ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਵੀ ਕੀਤੀ ਗਈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਸੋਹੀ ਤੇ ਨਾਨਕ ਚੰਦ ਲੰਬੀ ਨੇ ਮੰਗ ਰੱਖੀ ਕਿ ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਕੰਮ ਦੇ ਦਿਨ ਵਧਾ ਕੇ 200 ਕੀਤੇ ਜਾਣ। ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਆਪਣੇ ਸੰਬੋਧਨ ’ਚ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਤਿੱਖੇ ਦੋਸ਼ ਲਾਉਂਦਿਆਂ ਕਿਹਾ ਕਿ ਮਨੂ ਸਮ੍ਰਿਤੀ ਨੂੰ ਮੰਨਣ ਵਾਲੀ ਸਰਕਾਰ ਦਲਿਤਾਂ ਅਤੇ ਗਰੀਬ ਵਰਗਾਂ ਨਾਲ ਨਫ਼ਰਤ ਕਰਦੀ ਹੈ, ਜਿਸ ਕਰ ਕੇ ਮਗਨਰੇਗਾ ਸਕੀਮ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਕੇਂਦਰ ਦਾ ਹਿੱਸਾ 90 ਫੀਸਦੀ ਤੋਂ ਘਟਾ ਕੇ 60 ਫੀਸਦੀ ਕੀਤਾ ਗਿਆ ਹੈ, ਮਜ਼ਦੂਰਾਂ ਦਾ ਕੰਮ ਮੰਗਣ ਦਾ ਹੱਕ ਖੋਹ ਲਿਆ ਹੈ ਤੇ ਸਕੀਮ ਦਾ ਨਾਂ ਬਦਲ ਕੇ ਉਸਨੂੰ ਧਾਰਮਿਕ ਰੰਗਤ ਦਿੱਤੀ ਹੈ।
ਰੋਸ ਧਰਨੇ ਦੌਰਾਨ ਡੀਸੀ ਬਠਿੰਡਾ ਵੱਲੋਂ ਤਹਿਸੀਲਦਾਰ ਕੁਲਦੀਪ ਸਿੰਘ ਮੌਕੇ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਤੋਂ 7 ਨੁਕਾਤੀ ਮੰਗ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸੋਮਵਾਰ ਨੂੰ ਇਹ ਮੰਗ ਪੱਤਰ ਯੋਗ ਪ੍ਰਣਾਲੀ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਧਰਨਾਕਾਰੀਆਂ ਨੂੰ ਸੂਬਾ ਸਕੱਤਰ ਰਿਸ਼ੀ ਪਾਲ ਖੁੱਬਣ, ਜ਼ਿਲ੍ਹਾ ਆਗੂ ਸਰਵ ਸਿੰਘ, ਪਰਮਜੀਤ ਸਿੰਘ ਸੇਖਪੁਰਾ, ਸੁਰਜੀਤ ਸਿੰਘ ਸਰਦਾਰਗੜ੍ਹ, ਸੁਖਨ ਲਾਲ ਝੁੰਬਾ, ਠਾਕੁਰ ਸਿੰਘ ਕੋਟਸ਼ਮੀਰ, ਮਨਦੀਪ ਸਿੰਘ ਸਰਦਾਰਗੜ, ਜਸਵੀਰ ਕੌਰ ਸਰਾਂ ਤੇ ਬਲਜਿੰਦਰ ਸਿੰਘ ਜੋਗਾਨੰਦ ਨੇ ਵੀ ਸੰਬੋਧਨ ਕੀਤਾ।