- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੈਲਰਜ਼ ਦੀ ਦੁਕਾਨ ਵਿਚ ਹੋਈ ਚੋਰੀ ਦਾ ਮਾਮਲਾ ਸੁਲਝਾਇਆ, ਮੱਧ ਪ੍ਰਦੇਸ਼ ਦੇ ਪਾਰਦੀ ਗੈਂਗ ਨੇ ਕੀਤੀ ਸੀ ਚੋਰੀ

-ਜਿਊਲਰਜ਼ ਦੀ ਦੁਕਾਨ ’ਚ ਹੋਈ ਚੋਰੀ ਦਾ ਮਾਮਲਾ ਸੁਲਝਾਇਆ, 7 ਕਿੱਲੋ ਚਾਂਦੀ ਬਰਾਮਦ, 15 ਜਨਵਰੀ ਨੂੰ ਵਾਪਰੀ ਸੀ ਘਟਨਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ’ਚ ਸਥਿਤ ਇਕ ਜਿਊਲਰਜ਼ ਦੀ ਦੁਕਾਨ ਵਿਚ 25 ਦਿਨ ਪਹਿਲਾਂ ਹੋਈ ਚੋਰੀ ਦੀ ਵੱਡੀ ਵਾਰਦਾਤ ਨੂੰ ਬਠਿੰਡਾ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਮੱਧ ਪ੍ਰਦੇਸ਼ ਨਾਲ ਸਬੰਧਤ ਪਾਰਦੀ ਗੈਂਗ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਕਰੀਬ 7 ਕਿਲੋਗ੍ਰਾਮ ਚੋਰੀ ਕੀਤੀ ਗਈ ਚਾਂਦੀ ਤੇ ਵਾਰਦਾਤ ਵਿੱਚ ਵਰਤਿਆ ਗਿਆ ਇਕ ਜੁਗਾੜੂ ਵਾਹਨ ਬਰਾਮਦ ਕੀਤਾ ਗਿਆ ਹੈ। ਇਸ ਗੈਂਗ ’ਚ ਅਹਿਮਗੜ੍ਹ ਦਾ ਇਕ ਜਿਊਲਰ ਵੀ ਸ਼ਾਮਲ ਹੈ, ਜਿਸਨੇ ਗੈਂਗ ਕੋਲੋਂ ਚਾਂਦੀ ਦੀ ਖਰੀਦ ਕੀਤੀ ਸੀ। ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ, ਆਈਪੀਐੱਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 14 ਤੇ 15 ਜਨਵਰੀ ਦੀ ਰਾਤ ਨੂੰ ਸ਼ਹਿਰ ਦੇ ਪ੍ਰਤਾਪ ਨਗਰ ਵਿਚ ਇਕ ਜਿਊਲਰਜ਼ ਦੀ ਦੁਕਾਨ ਸਮੇਤ ਹੋਰਨਾਂ ਦੁਕਾਨਾਂ ’ਤੇ 15 ਤੋਂ 17 ਚੋਰਾਂ ਨੇ ਧਾਵਾ ਬੋਲਿਆ ਸੀ। ਚੋਰ ਜਿਊਲਰਜ਼ ਦੀ ਦੁਕਾਨ ਵਿੱਚੋਂ ਚਾਂਦੀ ਚੋਰੀ ਕਰਕੇ ਲੈ ਗਏ ਸਨ। ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਬਠਿੰਡਾ ਵਿਚ 15 ਜਨਵਰੀ 2026 ਨੂੰ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਆਪਣੇ ਬਿਆਨ ’ਚ ਦੱਸਿਆ ਕਿ 14 ਅਤੇ 15 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਮੇਨ ਰੋਡ ਗਲੀ ਨੰਬਰ 5 ਪ੍ਰਤਾਪ ਨਗਰ ਬਠਿੰਡਾ ਵਿਚ ਸਥਿਤ ‘ਪਾਰਸ ਜਿਊਲਰਜ਼’ ਨਾਮਕ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਰੀਬ 16 ਤੋਂ 17 ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ 6 ਤੋਂ 7 ਕਿਲੋ ਚਾਂਦੀ ਤੇ ਕੁਝ ਨਕਦੀ ਚੋਰੀ ਕਰ ਲਈ ਗਈ ਸੀ। ਇਸ ਵਾਰਦਾਤ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਇਨ੍ਹਾਂ ਟੀਮਾਂ ਨੇ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਜਾਂਚ ਦਾ ਦਾਇਰਾ ਫੈਲਾਇਆ। ਜਾਂਚ ਦੌਰਾਨ ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਫਿਰੋਜ਼ਪੁਰ, ਕੁਰਾਲੀ ਤੇ ਬਲਾਚੌਰ ਤੋਂ ਇਲਾਵਾ ਹਰਿਆਣਾ ਦੇ ਜੀਂਦ, ਕਰਨਾਲ, ਮੇਵਾਤ ਅਤੇ ਰੇਵਾੜੀ ਖੇਤਰਾਂ ’ਚ ਵੀ ਛਾਣਬੀਣ ਕੀਤੀ ਗਈ। ਲਗਾਤਾਰ ਯਤਨਾਂ ਤੋਂ ਬਾਅਦ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਤੇ ਆਖ਼ਰਕਾਰ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਨਿਲ ਉਰਫ਼ ਅਮਪੁੜੀ ਪੁੱਤਰ ਅਸ਼ੋਕ ਕੁਮਾਰ ਸਹਾਰੀਆ ਵਾਸੀ ਪਿੰਡ ਨਿਆਪੁਰਾ, ਜ਼ਿਲ੍ਹਾ ਕੋਟਾ (ਰਾਜਸਥਾਨ), ਗੋਵਿੰਦਾ ਪੁੱਤਰ ਬਾਦਲ ਵਾਸੀ ਨਵੀਂ ਸਬਜ਼ੀ ਮੰਡੀ, ਬਾਜਾਖਾਨਾ ਰੋਡ ਬਰਨਾਲਾ, ਓਮੀ ਉਰਫ਼ ਟਾਈਗਰ ਪੁੱਤਰ ਬਾਦਲ ਵਾਸੀ ਨਵੀਂ ਸਬਜ਼ੀ ਮੰਡੀ, ਬਾਜਾਖਾਨਾ ਰੋਡ ਬਰਨਾਲਾ ਤੇ ਵਿਕਰਮ ਵਰਮਾ ਪੁੱਤਰ ਰਾਜਵਿੰਦਰ ਵਰਮਾ ਵਾਸੀ ਅਹਿਮਦਗੜ੍ਹ ਵਜੋਂ ਹੋਈ ਹੈ। ਵਿਕਰਮ ਵਰਮਾ ਇਸ ਗੈਂਗ ਕੋਲੋ ਚੋਰੀ ਚਾਂਦੀ ਤੇ ਹੋਰ ਸਾਮਾਨ ਖਰੀਦਦਾ ਸੀ। ਉਸਨੇ ਗੈਂਗ ਕੋਲੋ ਚਾਂਦੀ ਖਰੀਦ ਕਰਕੇ ਉਸਦੀ ਇਕ ਇੱਟ ਤਿਆਰ ਕਰ ਰੱਖੀ ਸੀ। ਸਾਰੇ ਮੁਲਜ਼ਮਾਂ ਦੀ ਉਮਰ 19 ਤੋਂ 31 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇਕ ਸੰਗਠਿਤ ਗੈਂਗ ਦੇ ਤੌਰ ’ਤੇ ਕੰਮ ਕਰਦੇ ਸਨ ਤੇ ਵੱਖ-ਵੱਖ ਸੂਬਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਇਹ ਗੈਂਗ ਮੇਲਿਆਂ ਦੀ ਆੜ ਲੈ ਕੇ ਆਪਣੀਆਂ ਗਤੀਵਿਧੀਆਂ ਚਲਾਉਂਦਾ ਸੀ। ਗੈਂਗ ਦੀਆਂ ਔਰਤਾਂ ਮੇਲਿਆਂ ਵਿੱਚ ਗੁਬਾਰੇ ਵੇਚਣ ਦਾ ਕੰਮ ਕਰਦੀਆਂ ਸਨ, ਜਦਕਿ ਮਰਦ ਮੈਂਬਰ ਗਲੀਆਂ ਤੇ ਬਾਜ਼ਾਰਾਂ ਵਿੱਚ ਘੁੰਮ-ਘੁੰਮ ਕੇ ਰੇਕੀ ਕਰਦੇ ਸਨ। ਮੌਕਾ ਮਿਲਦੇ ਹੀ ਇਹ ਲੋਕ ਜਿਊਲਰਜ਼ ਦੀਆਂ ਦੁਕਾਨਾਂ ਤੇ ਹੋਰ ਵਪਾਰਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਵਾਰਦਾਤ ਤੋਂ ਬਾਅਦ ਜਿਵੇਂ ਹੀ ਮੇਲਾ ਸਮਾਪਤ ਹੁੰਦਾ ਸੀ ਇਹ ਲੋਕ ਟ੍ਰੇਨ ਰਾਹੀਂ ਕਿਸੇ ਹੋਰ ਰਾਜ ਜਾਂ ਜ਼ਿਲ੍ਹੇ ਵਿੱਚ ਲੱਗਣ ਵਾਲੇ ਮੇਲੇ ਵੱਲ ਰਵਾਨਾ ਹੋ ਜਾਂਦੇ ਸਨ। ਪੁਲਿਸ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਗੈਂਗ ਵੱਲੋਂ ਪਹਿਲਾਂ ਵੀ ਮੁਕੇਰੀਆਂ (ਜ਼ਿਲ੍ਹਾ ਹੁਸ਼ਿਆਰਪੁਰ), ਜਲੰਧਰ, ਕੁਰਾਲੀ ਤੇ ਬਲਾਚੌਰ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਬਠਿੰਡਾ ਪੁਲਿਸ ਹੁਣ ਇਨ੍ਹਾਂ ਮਾਮਲਿਆਂ ਨਾਲ ਵੀ ਮੁਲਜ਼ਮਾਂ ਦੇ ਤਾਰ ਜੋੜਣ ’ਚ ਰੁੱਝ ਗਈ ਹੈ।
ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਰੀਬ 7 ਕਿਲੋ ਚੋਰੀ ਦੀ ਚਾਂਦੀ ਤੇ ਇਕ ਜੁਗਾੜੂ ਵਾਹਨ ਬਰਾਮਦ ਕੀਤਾ ਹੈ, ਜਿਸਦੀ ਵਰਤੋਂ ਚੋਰੀ ਸਮੇਂ ਕੀਤੀ ਗਈ ਸੀ। ਬਰਾਮਦਗੀ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਵਾਰਦਾਤ ’ਚ ਸ਼ਾਮਲ ਕੁੱਝ ਹੋਰ ਲੋਕਾਂ ਦੀ ਪਛਾਣ ਵੀ ਹੋ ਚੁੱਕੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।