- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਬੋਲੀ ਭੁੱਲ ਜਾਵੋਗੇ ਤਾਂ, ਕੱਖਾਂ ਵਾਂਗੂੰ ਰੁਲ ਜਾਵੋਗੇ, ਪੰਜਾਬੀ ਮਾਂ ਬੋਲੀ ਸਾਡੇ ਹੀ ਸੂਬੇ ’ਚ ਬਣ ਰਹੀ ਹੈ ਮਤਰੇਈ

-ਪੰਜਾਬੀ ਮਾਂ ਬੋਲੀ ਸਾਡੇ ਹੀ ਸੂਬੇ ’ਚ ਬਣ ਰਹੀ ਹੈ ਮਤਰੇਈ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ, ਮਾਂ ਬੋਲੀ ਭੁੱਲ ਜਾਵੋਗੇ ਤਾਂ, ਕੱਖਾਂ ਵਾਂਗੂੰ ਰੁਲ ਜਾਵੋਗੇ, ਹਰ ਇਕ ਵਿਅਕਤੀ ਵੱਲੋਂ ਕਿਹਾ ਜਾਂਦਾ ਹੈ, ਪਰ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤੇ ਲੋਕ ਆਪਣਾ ਫਰਜ਼ ਅਦਾ ਨਹੀਂ ਕਰ ਰਹੇ। ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਨੇ ਪੰਜਾਬੀ ਮਾਂ ਬੋਲੀ ’ਤੇ ਰਾਜਨੀਤੀ ਜਰੂਰ ਕੀਤੀ ਹੈ, ਪਰ ਮਾਂ ਬੋਲੀ ਦੀ ਪ੍ਰਫੁੱਲਤਾ ਅਤੇ ਪੰਜਾਬੀ ਨੂੰ ਸਰਕਾਰੀ ਦਫਤਰਾਂ ਵਿਚ ਲਾਗੂ ਕਰਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ‘ਆਪ’ ਦੀ ਸਰਕਾਰ ਨੇ ਵੀ ਦੁਕਾਨਾਂ, ਸਰਕਾਰੀ, ਗੈਰ ਸਰਕਾਰੀ ਦਫਤਰਾਂ ਅਤੇ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ ਵਿਚ ਲਿਖਣ ਦੀ ਮੁਹਿੰਮ ਚਲਾਈ ਸੀ ਪਰ ਉਹ ਵੀ ਅੱਧ ਵਿਚਾਲੇ ਲਟਕ ਗਈ। ਅੱਜ ਵੀ ਬਹੁਤੇ ਸਰਕਾਰੀ ਦਫਤਰਾਂ ਵਿਚ ਕੰਮ ਕਾਜ ਅੰਗਰੇਜ਼ੀ ਭਾਸ਼ਾ ਵਿਚ ਹੀ ਚੱਲ ਰਿਹਾ ਹੈ। ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀ ਕੀਤਾ ਜਾਵੇ ਇਸ ਲਈ ਵੱਖ-ਵੱਖ ਸ਼ਖ਼ਸੀਅਤਾਂ ਦੇ ਵਿਚਾਰ ਇਸ ਤਰ੍ਹਾਂ ਹਨ :
-ਬਾਕਸ-
ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਦਾ ਕਹਿਣਾ ਸੀ ਕਿ ਮਾਤ ਭਾਸ਼ਾ ਦੀ ਸਿਰਫ਼ ਇਕ ਸਤਰ ਵੀ ਰਸ ਘੋਲਦੀ ਹੈ ਤੇ ਉਹੀ ਸਤਰ ਜਦੋਂ ਵਿਦੇਸ਼ੀ ਭਾਸ਼ਾ ਵਿਚ ਉਚਾਰੀ ਜਾਵੇ ਤਾਂ ਕਿੰਨਾ ਓਪਰਾਪਨ ਮਹਿਸੂਸ ਹੁੰਦਾ ਹੈ। ਮਾਂ ਬੋਲੀ ਸਾਡੇ ਸਭਿਆਚਾਰ ਦਾ ਮਹਤਵਪੂਰਨ ਅੰਗ ਹੋਣ ਦੇ ਨਾਲ ਨਾਲ ਸਾਡੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਗਟਾਵਾ ਵੀ ਹੈ। ਜਿਵੇਂ ਬਠਿੰਡੇ ਵਾਲਿਆਂ ਦੀ ਬੋਲੀ ਤੋਂ ਹੀ ਪਤਾ ਲਗ ਜਾਂਦਾ ਹੈ ਕਿ ਇਹ ਬਠਿੰਡੇ ਨਾਲ ਸਬੰਧਤ ਹਨ। ਦੁੱਖ ਦੀ ਗੱਲ ਇਹ ਵੀ ਹੈ ਕਿ ਨਵੀਂ ਪੀੜ੍ਹੀ ਦੇ ਕੁਝ ਬੱਚੇ ਪੰਜਾਬੀ ਭਾਸ਼ਾ ਤੋਂ ਦੂਰ ਹੋ ਗਏ ਹਨ। ਭਾਸ਼ਾ ਕੋਈ ਵੀ ਮਾੜੀ ਨਹੀਂ ਤੇ ਨਾ ਹੀ ਹੋਰ ਭਾਸ਼ਾਵਾਂ ਸਿਖਣਾ ਗਲਤ ਹੈ ਪਰ ਅਪਣੀ ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਵਰਤਣਾ ਦਿਮਾਗ਼ੀ ਗ਼ੁਲਾਮੀ ਦਾ ਸਬੂਤ ਹੈ। ਭਾਸ਼ਾ ਵਿਗਿਆਨ ’ਚ ਹੋਈਆਂ ਖੋਜਾਂ ਵੀ ਸਾਬਤ ਕਰ ਚੁਕੀਆਂ ਹਨ ਕਿ ਹੋਰ ਭਾਸ਼ਾ ਸਿਖਣ ਲਈ ਵੀ ਪਹਿਲਾਂ ਅਪਣੀ ਭਾਸ਼ਾ ਸਿਖਣੀ ਜ਼ਰੂਰੀ ਹੈ। ਅਜਿਹਾ ਲਗਦੈ ਕਿ ਪੰਜਾਬੀ ਭਾਸ਼ਾ ਨੂੰ ਸਭ ਤੋਂ ਵੱਡਾ ਖ਼ਤਰਾ ਸਾਡੇ ਤੋਂ ਹੀ ਹੈ ਜੋ ਇਕ ਸੰਪੂਰਨ ਭਾਸ਼ਾ ਹੋਣ ਦੇ ਬਾਵਜੂਦ ਅਸੀ ਹੋਰ ਭਾਸ਼ਾ ਦੀ ਵਰਤੋਂ ਕਰ ਰਹੇ ਹਾਂ। ਸਾਨੂੰ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਬਾਰੇ ਜਰੂਰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ।
-ਬਾਕਸ-
ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਅਨੁਸਾਰ ਜਿਹੜੀ ਬੋਲੀ ਬੱਚਾ ਅਪਣੀ ਮਾਂ ਤੋਂ ਸਿਖਦਾ ਹੈ, ਉਹ ਉਸ ਦੀ ਮਾਂ ਬੋਲੀ ਹੈ ਪਰ ਅੱਜ ਦੇ ਸਮੇਂ ’ਚ ਤਾਂ ਬੱਚੇ ਨੂੰ ਥੋੜ੍ਹੀ ਜਿਹੀ ਸੁਰਤ ਸੰਭਲਣ ਤੇ ਮਾਂ ਅਪਣਾ ਸਾਰਾ ਜੋਰ ਬੱਚੇ ਨੂੰ ਛੇਤੀ ਤੋਂ ਛੇਤੀ ਅੰਗਰੇਜ਼ੀ ਸਿਖਾਉਣ ’ਤੇ ਲਾ ਦਿੰਦੀ ਹੈ। ਫਿਰ ਬੱਚਾ ਸਕੂਲ ਜਾਣ ਲੱਗ ਜਾਂਦਾ ਹੈ। ਅੱਜ ਬਹੁਤੇ ਸਕੂਲ ਅਜਿਹੇ ਹਨ ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ ਜਾਂ ਸਜ਼ਾ ਮਿਲਦੀ ਹੈ। ਮਾਂ ਵਲੋਂ ਤੇ ਸਕੂਲ ਵਲੋਂ ਅੰਗਰੇਜ਼ੀ ਭਾਸ਼ਾ ਦੇ ਦਬਾਅ ਹੇਠ ਬੱਚਾ ਨਾ ਤਾਂ ਪੂਰੀ ਤਰ੍ਹਾਂ ਅੰਗਰੇਜ਼ੀ ਸਿੱਖ ਪਾਉਂਦਾ ਹੈ ਤੇ ਨਾ ਹੀ ਪੰਜਾਬੀ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਅੰਗਰੇਜ਼ੀ ਐਨੀ ਸ਼ਾਮਲ ਹੋ ਚੁੱਕੀ ਹੈ ਕਿ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਅਸੀਂ ਅੰਗਰੇਜ਼ੀ ਦੇ ਸ਼ਬਦ ਵਰਤ ਰਹੇ ਹਾਂ ਕਿਉਂਕਿ ਅਜਿਹੇ ਸ਼ਬਦ ਹਨ ਜਿਹੜੇ ਸਾਨੂੰ ਅਪਣੀ ਪੰਜਾਬੀ ਦਾ ਹਿੱਸਾ ਹੀ ਲਗਦੇ ਹਨ। ਇਹ ਸ਼ਬਦ ਅਸੀਂ ਬਿਨਾਂ ਕਿਸੇ ਉਚੇਚ ਦੇ ਸਹਿਜੇ ਹੀ ਬੋਲ ਜਾਂਦੇ ਹਾਂ। ਪੰਜਾਬੀ ਭਾਸ਼ਾ ’ਤੇ ਅੰਗਰੇਜ਼ੀ ਭਾਸ਼ਾ ਦੋ ਤਰੀਕਿਆਂ ਨਾਲ ਭਾਰੂ ਹੋ ਰਹੀ ਹੈ। ਪੰਜਾਬੀ ਮਾਂ ਬੋਲੀ ਦੀ ਬੇਰੁਖੀ ਲਈ ਸਿਰਫ਼ ਸਰਕਾਰਾਂ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਜਾ ਸਕਦਾ ਸਗੋਂ ਸਮਾਜ ਦੀ ਇਹ ਜ਼ਿੰਮੇਵਾਰੀ ਹੈ।
-ਬਾਕਸ-
ਐਡਵੋਕੇਟ ਵਰਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਸਾਡੇ ਬੱਚੇ ਮਾਂ ਬੋਲੀ ਪ੍ਰਤੀ ਅਵੇਸਲੇ ਹਨ। ਬਹੁਤੇ ਬੱਚਿਆਂ ਨੂੰ ਤਾਂ ਪੰਜਾਬੀ ਭਾਸ਼ਾ ਦੀ ਸਮਝ ਵੀ ਨਹੀਂ ਆਉਦੀ। ਸਕੂਲਾਂ ਦੇ ਬੱਚਿਆਂ ਨੂੰ 69,79,89, ਸਮਝਾਉਣ ਲਈ ਅੰਗਰੇਜੀ ਵਿਚ ਬੋਲਣਾ ਪੈਂਦਾ ਹੈ। ਪੰਜਾਬੀ ਵਿਚ ਅਸੀਂ ਕੁਝ ਕੁ ਦਹਾਕੇ ਪਹਿਲਾਂ ਹੀ ਘੜਾ, ਗਾਗਰ, ਚੱਪਣ, ਕਸੋਰਾ, ਬਠਲੀ ਵਰਗੇ ਸ਼ਬਦ ਵਰਤਦੇ ਸੀ ਕਿਉਂਕਿ ਇਹ ਚੀਜ਼ਾਂ ਪੰਜਾਬੀ ਰਸੋਈ ਦਾ ਹਿੱਸਾ ਹੁੰਦੀਆਂ ਸਨ। ਇਸੇ ਤਰ੍ਹਾਂ ਛੰਨਾ, ਬਾਟੀ, ਥਾਲੀ ਆਦਿ ਸ਼ਬਦ ਵੀ ਵਰਤੇ ਜਾਂਦੇ ਸਨ। ਹੁਣ ਇਹ ਚੀਜ਼ਾਂ ਪੰਜਾਬੀ ਰਸੋਈ ਵਿੱਚੋਂ ਅਲੋਪ ਹੋ ਗਈਆਂ ਹਨ। ਇਹ ਹੁਣ ਅੱਜ ਦੇ ਬੱਚਿਆਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ ਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਬਾਰੇ ਗਿਆਨ ਹੈ। ਇਹ ਸ਼ਬਦਕੋਸ਼ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਦੀ ਥਾਂ ਗਲਾਸ, ਪਲੇਟ, ਗੈਸ, ਕੱਪ, ਮਾਈਕਰੋਵੇਵ ਆਦਿ ਸ਼ਬਦ ਪੰਜਾਬੀ ਨੇ ਜਜ਼ਬ ਕਰ ਲਏ ਹਨ। ਇਹ ਸਭ ਅੰਗਰੇਜ਼ੀ ਦੇ ਸ਼ਬਦ ਹਨ, ਪਰ ਆਮ ਲੋਕਾਂ ਨੂੰ ਇਹ ਪੰਜਾਬੀ ਦੇ ਹੀ ਲੱਗਦੇ ਹਨ। ਇਵੇਂ ਖੇਤੀ ਦੇ ਸੰਦ, ਗੱਡਾ, ਹਲ, ਪੰਜਾਲੀ ਆਦਿ ਵੀ ਅਲੋਪ ਹੋ ਗਏ ਹਨ ਜਾਂ ਹੋ ਰਹੇ ਹਨ। ਹੁਣ ਟਰੈਕਟਰ, ਟਰਾਲੀ (ਟਰੌਲੀ) ਵਰਗੇ ਸ਼ਬਦ ਵੀ ਲੋਕ ਬੋਲੀ ਦਾ ਹਿੱਸਾ ਬਣ ਗਏ ਹਨ। ਬੱਸ, ਕਾਰ, ਟਰੱਕ, ਮੋਟਰ ਸਾਈਕਲ, ਸਕੂਟਰ ਵਰਗੇ ਅਨੇਕਾਂ ਹੀ ਸ਼ਬਦ ਅੰਗਰੇਜ਼ੀ ਦੇ ਹੋਣ ਦੇ ਬਾਵਜੂਦ ਪੰਜਾਬੀ ਦੇ ਲੱਗਦੇ ਹਨ ਕਿਉਂਕਿ ਹਰ ਵਿਅਕਤੀ ਇਨ੍ਹਾਂ ਦੀ ਵਰਤੋਂ ਮਾਂ ਬੋਲੀ ਵਾਂਗ ਹੀ ਕਰਦਾ ਹੈ। ਕਿਤੇ ਨਾਂ ਕਿਤੇ ਸਰਕਾਰਾਂ ਨੇ ਵੀ ਮਾਂ ਬੋਲੀ ਪਿੱਠ ਕਰੀ ਰੱਖੀ ਹੈ ਜਿਸ ਕਾਰਨ ਮਾਂ ਬੋਲੀ ਸਾਡੇ ਹੀ ਸੂਬੇ ਵਿਚ ਮਤਰੇਈ ਬਣ ਰਹੀ ਹੈ।
-ਬਾਕਸ-
ਐਡਵੋਕੇਟ ਬਲਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਭਾਸ਼ਾ ਦਾ ਵਹਾਓ ਪੀੜ੍ਹੀ ਦਰ ਪੀੜ੍ਹੀ ਵਗਣਾ ਜ਼ਰੂਰੀ ਹੈ ਪਰ ਸਾਡੀ ਮਾਨਸਿਕਤਾ ਉਪਰ ਕੌਮਾਤਰੀ ਪ੍ਰਭਾਵ ਦੀ ਜਕੜ ਵੀ ਵਾਧੂ ਭਾਰੀ ਹੈ। ਜਿਸ ਕਰਕੇ ਅਜੋਕੇ ਸਮੇ ਦੇ ਬੱਚੇ ਬੋਲੀ ਪ੍ਰਤੀ ਤੰਗ ਨਜਰੀਆ ਰੱਖਦੇ ਹਨ। ਉਸ ਨਾਲ ਉਨ੍ਹਾਂ ਦੀ ਮਾਨਸਿਕਤਾ ਤੇ ਸਮਾਜ ਤਾਣਾ ਬਾਣਾ ਵੀ ਪ੍ਰਭਾਵਤ ਹੁੰਦਾ ਹੈ। ਮਾਪੇ ਭਵਿੱਖ ਮੁੱਖੀ ਸੋਚਦਿਆਂ ਅੰਗਰੇਜ਼ੀ ਨੂੰ ਪ੍ਰਮੁੱਖਤਾ ਦਿੰਦੇ ਹਨ, ਜਿਸ ਦਾ ਫਾਇਦਾ ਅੰਗਰੇਜੀ ਸਕੂਲਾਂ ਦੀਆਂ ਦੁਕਾਨਾਂ ਨੇ ਚੁੱਕਿਆ। ਬੱਚਿਆ ਨੂੰ ਮਨੋਵਿਗਿਆਨਕ ਤੌਰ ’ਤੇ ਭਾਸ਼ਾ ਨਾਲ ਜੋੜਨਾ ਹੀ ਸਥਾਈ ਹੱਲ ਹੈ। ਪੰਜਾਬੀ ਦੇ ਬਚਾਉ ਲਈ ਕਈ ਵਾਰ ਵਿਰੋਧ ਉਭਰੇ ਪਰ ਸਰਕਾਰਾਂ ਖਾਨਾ ਪੂਰਤੀ ਤੋ ਅੱਗੇ ਨਾ ਵਧੀਆ। ਕਿਉਂਕਿ ਜ਼ਿਆਦਾਤਰ ਅਦਾਰੇ ਸਰਕਾਰੇ ਦਰਬਾਰੇ ਪਹੁੰਚ ਵਾਲਿਆਂ ਦੇ ਹੀ ਹਨ। ਸੂਬੇ ਵਿਚ ਕੁਝ ਉਚ ਅਫਸ਼ਰ ਦੂਜੇ ਰਾਜਾ ਵਿੱਚੋ ਹਨ, ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਉਨ੍ਹਾਂ ਦਾ ਦਫਤਰੀ ਕੰਮ ਅੰਗਰੇਜੀ ਵਿੱਚ ਚੱਲ ਰਿਹਾ ਹੈ। ਜਦੋ ਤੱਕ ਸਰਕਾਰ ਦੀ ਇਮਾਨਦਾਰੀ ਨਾਲ ਇੱਛਾ ਸਕਤੀ ਨਹੀ ਜਾਗਦੀ ਮਾਂ ਬੋਲੀ ਦੀ ਪ੍ਰਫੁੱਲਤਾ ਅੰਗੂਰ ਖੱਟੇ ਹੋਣ ਦੇ ਸਮਾਨ ਹੀ ਹੈ। ਹਰ ਹਕੂਮਤ ਵਾਂਗ ਨਵੇ ਮੁੱਖ ਮੰਤਰੀ ਨੇ ਵੀ ਪੰਜਾਬੀ ਬਚਾਉ ਲਈ ਚੰਗੇ ਬਿਆਨ ਦਾਗੇ , ਪਰ ਅਮਲੀ ਰੂਪ ਵਿਚ ਕੁੱਝ ਨਹੀਂ ਹੋਇਆ। ਸਮੁੱਚੇ ਪੰਜਾਬੀ ਇਹੀ ਕਾਮਨਾ ਕਰਦੇ ਹਨ ਕਿ ਸਰਕਾਰ ਆਪਣੇ ਬਿਆਨਾਂ ਉਪਰ ਪਹਿਰਾ ਦੇਵੇ।