ਐੱਲਪੀਜੀ ਦੇ ਖਪਤਕਾਰਾਂ ਦੀ ਲਾਪਰਵਾਹੀ ਲਈ ਸਰਕਾਰੀ ਗੈਸ ਏਜੰਸੀ ਨੂੰ ਨੋਟਿਸ ਜਾਰੀ
ਐਲਪੀਜੀ ਗੈਸ ਖਪਤਕਾਰਾਂ ਦੀ ਲਾਪਰਵਾਹੀ ਲਈ ਸਰਕਾਰੀ ਗੈਸ ਏਜੰਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ
Publish Date: Sun, 08 Feb 2026 04:43 PM (IST)
Updated Date: Mon, 09 Feb 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਵਿਚ ਐਲਪੀਜੀ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਵਾਲੀਆਂ ਨਿੱਜੀ ਅਤੇ ਸਰਕਾਰੀ ਏਜੰਸੀਆਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਲੰਬੇ ਸਮੇਂ ਤਕ ਸ਼ਿਕਾਇਤਾਂ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ‘ਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੇ ਪਨਸਪ ਗੈਸ ਸਰਵਿਸ ਬਠਿੰਡਾ ਨੂੰ ਕਾਰਨ-ਦੱਸੋ ਨੋਟਿਸ ਜਾਰੀ ਕੀਤਾ ਹੈ। ਸ਼ਹਿਰ ’ਚ ਗੈਸ ਪਾਈਪਲਾਈਨ ਦੀ ਸਹੂਲਤ ਦੇ ਬਾਵਜੂਦ ਵੱਡੀ ਗਿਣਤੀ ’ਚ ਲੋਕ ਅਜੇ ਵੀ ਐੱਲਪੀਜੀ ਸਿਲੰਡਰਾਂ ’ਤੇ ਨਿਰਭਰ ਹਨ। ਅਮਰੀਕ ਸਿੰਘ ਰੋਡ ਨੇੜੇ ਵੀਰ ਕਾਲੋਨੀ ਦੇ ਰਹਿਣ ਵਾਲੇ ਇਕ ਖਪਤਕਾਰ ਨੇ ਦੱਸਿਆ ਕਿ ਪਿਛਲੇ ਸਾਲ ਉਸ ਦਾ ਸਿਲੰਡਰ ਚੁੱਲ੍ਹੇ ’ਤੇ ਚੱਲਦਿਆਂ ਅਚਾਨਕ ਬੰਦ ਹੋ ਗਿਆ। ਸ਼ੁਰੂ ’ਚ ਸਿਲੰਡਰ ਨੂੰ ਖਾਲੀ ਮੰਨਿਆ ਗਿਆ, ਪਰ ਜਦੋਂ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਸਿਲੰਡਰ ਦਾ ਭਾਰ 16.800 ਕਿਲੋਗ੍ਰਾਮ ਸੀ, ਜਦਕਿ ਖਾਲੀ ਸਿਲੰਡਰ ਦਾ ਭਾਰ 15.000 ਕਿਲੋਗ੍ਰਾਮ ਦਰਜ ਸੀ। ਇਸਦਾ ਮਤਲਬ ਹੈ ਕਿ ਲਗਭਗ 1.800 ਕਿਲੋਗ੍ਰਾਮ ਗੈਸ ਹੋਣ ਦੇ ਬਾਵਜੂਦ ਚੁੱਲ੍ਹਾ ਕੰਮ ਨਹੀਂ ਕਰ ਰਿਹਾ ਸੀ। ਅਕਤੂਬਰ 2025 ’ਚ ਏਜੰਸੀ ਨੂੰ ਸੂਚਨਾ ਦਿੱਤੀ, ਪਰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। 29 ਅਕਤੂਬਰ 2025 ਨੂੰ ਬੀਪੀਸੀਐੱਲ ਦੇ ਚੇਅਰਮੈਨ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਈਮੇਲ ਕੀਤੀ। 11 ਨਵੰਬਰ 2025 ਨੂੰ ਰਿਮਾਈਂਡਰ ਭੇਜਿਆ ਗਿਆ, ਪਰ ਫਿਰ ਵੀ ਸੁਣਵਾਈ ਨਹੀਂ ਹੋਈ। ਅੰਤ ਵਿੱਚ 2 ਫਰਵਰੀ 2026 ਨੂੰ ਡਿਪਟੀ ਕਮਿਸ਼ਨਰ, ਫੂਡ ਸਪਲਾਈ ਵਿਭਾਗ ਤੇ ਹੋਰ ਸੰਬੰਧਤ ਅਧਿਕਾਰੀਆਂ ਨੂੰ ਮੁੜ ਸ਼ਿਕਾਇਤ ਭੇਜੀ। ਨੋਟਿਸ ਜਾਰੀ ਹੋਣ ‘ਤੇ 4 ਫਰਵਰੀ ਨੂੰ ਏਜੰਸੀ ਨੇ ਸਿਲੰਡਰ ਦੀ ਜਾਂਚ ਕੀਤੀ, ਜਿਸ ਵਿਚ ਗੈਸ ਪ੍ਰੈਸ਼ਰ ਨਹੀਂ ਮਿਲਿਆ। ਹੁਣ ਸਿਲੰਡਰ ਨੂੰ ਬੀਪੀਸੀਐੱਲ ਪਲਾਂਟ ਭੇਜ ਕੇ ਜਾਂਚ ਕੀਤੀ ਜਾਵੇਗੀ। ਜਾਗੋ ਗ੍ਰਾਹਕ ਜਾਗੋ ਦੇ ਸਕੱਤਰ ਤੇ ਆਰਟੀਆਈ ਐਕਟਿਵਿਸਟ ਸੰਜੀਵ ਗੋਇਲ ਨੇ ਖਪਤਕਾਰਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਿਲੰਡਰ ਮਿਲਦੇ ਹੀ ਭਾਰ ਚੈੱਕ ਕਰੋ, ਬਿੱਲ ਜਾਂ ਮੀਮੋ ਲਵੋ, ਡਿਲੀਵਰੀ ਮੈਨ ਦੇ ਦਸਤਖਤ ਕਰਵਾਓ, ਸੀਰੀਅਲ ਨੰਬਰ ਨੋਟ ਕਰੋ ਤੇ ਖਾਲੀ ਸਿਲੰਡਰ ਦਾ ਭਾਰ ਮਿਲਾਓ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਚੌਕਸੀ ਹੀ ਇਹੋ ਜਿਹੀਆਂ ਲਾਪਰਵਾਹੀਆਂ ਨੂੰ ਰੋਕ ਸਕਦੀ ਹੈ।