- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾੜੀ ਦੇਸ਼ਾਂ ਦੀ ਜੰਗ ਦਾ ਅਸਰ: ਘਰੇਲੂ ਗੈਸ ਦੀ ਕਮੀ ਕਾਰਨ ਏਜੰਸੀਆਂ ’ਤੇ ਝਗੜੇ ਵਧੇ

-ਕਈ ਗੈਸ ਏਜੰਸੀਆਂ ਅੱਗੇ ਪੁਲਿਸ ਤਾਇਨਾਤ, ਖ਼ਪਤਕਾਰ ਤੇ ਏਜੰਸੀ ਮੁਲਾਜ਼ਮਾਂ ਦਾ ਝਗੜਾ ਪੁਲਿਸ ਕੋਲ ਪੁੱਜਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਖਾੜੀ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਦਾ ਅਸਰ ਹੁਣ ਭਾਰਤ ਵਿੱਚ ਘਰੇਲੂ ਗੈਸ ਸਪਲਾਈ ‘ਤੇ ਵੀ ਪੈਣ ਲੱਗ ਪਿਆ ਹੈ। ਕਈ ਸ਼ਹਿਰਾਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਦੇ ਕਾਰਨ ਖਪਤਕਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਸ ਏਜੰਸੀਆਂ ਦੇ ਬਾਹਰ ਸਵੇਰੇ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਕਈ ਥਾਵਾਂ ‘ਤੇ ਖਪਤਕਾਰਾਂ ਅਤੇ ਏਜੰਸੀ ਕਰਮਚਾਰੀਆਂ ਵਿਚਕਾਰ ਤਕਰਾਰ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਹਾਲਾਤਾਂ ਨੂੰ ਦੇਖਦਿਆਂ ਕਈ ਜਗ੍ਹਾਂ ਪੁਲਿਸ ਵੱਲੋਂ ਗੈਸ ਏਜੰਸੀਆਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਸ਼ੁੱਕਰਵਾਰ ਨੂੰ ਸ਼ਹਿਰ ਦੀ ਇਕ ਗੈਸ ਏਜੰਸੀ ’ਤੇ ਹੰਗਾਮਾ ਹੋ ਗਿਆ, ਜਿਹੜਾ ਕਿ ਹੁਣ ਪੁਲਿਸ ਕੋਲ ਪਹੁੰਚ ਗਿਆ ਹੈ। ਪੀੜਤ ਦਵਿੰਦਰ ਪਾਲ ਨੇ ਦੱਸਿਆ ਕਿ ਉਸਨੇ ਸ਼ਹਿਰ ਦੀ ਸਿੱਧੂ ਗੈਸ ਏਜੰਸੀ ’ਤੇ ਸਿਲੰਡਰ ਬੁੱਕ ਕਰਵਾਇਆ ਸੀ, ਜਿਸਦਾ 17 ਮਾਰਚ ਨੂੰ ਮੋਬਾਈਲ ਫੋਨ ’ਤੇ ਡਲਿਵਰੀ ਦਾ ਮੈਸਿਜ ਆਇਆ ਪਰ ਉਹ ਦੋ ਦਿਨ ਸਿਲੰਡਰ ਦਾ ਇੰਤਜਾਰ ਕਰਦਾ ਰਿਹਾ, ਜਦੋਂ ਸ਼ੁੱਕਰਵਾਰ ਨੂੰ ਏਜੰਸੀ ’ਤੇ ਪਤਾ ਕਰਨ ਗਿਆ ਤਾਂ ਏਜੰਸੀ ਦੇ ਮੁਲਾਜ਼ਮਾਂ ਨੇ ਦੁਰਵਿਵਹਾਰ ਕਰਦਿਆਂ ਉਸਦਾ ਮੋਬਾਇਲ ਵੀ ਖੋਹ ਲਿਆ। ਉਸਨੇ ਇਸ ਮਾਮਲੇ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ। ਇਸ ਤਰ੍ਹਾਂ ਹੋਰਨਾਂ ਗੈਸ ਏਜੰਸੀਆਂ ’ਤੇ ਵੀ ਇਸ ਤਰ੍ਹਾਂ ਦੇ ਝਗੜੇ ਹੋਣ ਦੀਆਂ ਖਬਰਾਂ ਹਨ।
ਖਾੜੀ ਦੇਸ਼ਾਂ ਵਿੱਚ ਬਣੇ ਜੰਗੀ ਹਾਲਾਤਾਂ ਕਾਰਨ ਐਲਪੀਜੀ ਦੀ ਸਪਲਾਈ ਚੇਨ ‘ਤੇ ਅਸਰ ਪਿਆ ਹੈ। ਕਿਉਂਕਿ ਭਾਰਤ ਆਪਣੀ ਵੱਡੀ ਜ਼ਰੂਰਤ ਲਈ ਐਲਪੀਜੀ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਇਸ ਲਈ ਆਵਾਜਾਈ ਅਤੇ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦਾ ਸਿੱਧਾ ਪ੍ਰਭਾਵ ਘਰੇਲੂ ਗੈਸ ਦੀ ਉਪਲਬਧਤਾ ‘ਤੇ ਪੈ ਰਿਹਾ ਹੈ। ਕਈ ਗੈਸ ਏਜੰਸੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਆਉਣ ਵਾਲੀ ਸਪਲਾਈ ਘੱਟ ਮਿਲ ਰਹੀ ਹੈ, ਜਿਸ ਕਾਰਨ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਲ ਬਣਦਾ ਜਾ ਰਿਹਾ ਹੈ। ਕਈ ਖਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਬੁਕਿੰਗ ਕਰਵਾ ਲਈ ਸੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਸਿਲੰਡਰ ਨਹੀਂ ਮਿਲ ਰਹੇ। ਹਾਲਾਤ ਇਸ ਕਦਰ ਗੰਭੀਰ ਹੋ ਗਏ ਹਨ ਕਿ ਕਈ ਥਾਵਾਂ ‘ਤੇ ਲੋਕਾਂ ਅਤੇ ਏਜੰਸੀ ਕਰਮਚਾਰੀਆਂ ਵਿਚਕਾਰ ਬਹਿਸ ਅਤੇ ਤਕਰਾਰ ਦੇ ਮਾਮਲੇ ਵੀ ਸਾਹਮਣੇ ਆਏ ਹਨ। ਹਾਲਾਤਾਂ ਨੂੰ ਦੇਖਦਿਆਂ ਕਈ ਜਿਲ੍ਹਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਦਖ਼ਲ ਦੇਣਾ ਪਿਆ ਹੈ। ਗੈਸ ਏਜੰਸੀਆਂ ‘ਤੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਤਾਂ ਜੋ ਭੀੜ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਅਫ਼ਰਾਤਫ਼ਰੀ ਨੂੰ ਰੋਕਿਆ ਜਾ ਸਕੇ।
ਗੈਸ ਦੀ ਕਮੀ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਪਰਿਵਾਰਾਂ ‘ਤੇ ਪੈ ਰਿਹਾ ਹੈ ਜਿਨ੍ਹਾਂ ਦੇ ਘਰਾਂ ਵਿੱਚ ਵਿਆਹ, ਭੋਗ ਜਾਂ ਹੋਰ ਸਮਾਗਮ ਨਿਧਾਰਤ ਹਨ। ਕਈ ਲੋਕਾਂ ਨੇ ਦੱਸਿਆ ਕਿ ਖੁਸ਼ੀ ਅਤੇ ਗਮੀ ਦੇ ਪ੍ਰੋਗਰਾਮਾਂ ਲਈ ਵੀ ਸਿਲੰਡਰ ਪ੍ਰਾਪਤ ਕਰਨਾ ਮੁਸ਼ਕਲ ਬਣ ਗਿਆ ਹੈ। ਕਈ ਵਾਰ ਲੋਕਾਂ ਨੂੰ ਹੋਰ ਸ਼ਹਿਰਾਂ ਜਾਂ ਕਸਬਿਆਂ ਵਿੱਚ ਜਾ ਕੇ ਸਿਲੰਡਰ ਲੈਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ। ਗੈਸ ਏਜੰਸੀ ਦੇ ਮਾਲਕ ਭੂਸ਼ਨ ਕੁਮਾਰ ਨੇ ਅਨੁਸਾਰ ਦੇਸ਼ ਵਿੱਚ ਹਰ ਰੋਜ਼ ਲਗਭਗ 60 ਲੱਖ ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ। ਹਾਲਾਂਕਿ ਸਪਲਾਈ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਦੇਸ਼ ਵਿੱਚ ਕਰੀਬ 65 ਲੱਖ ਸਿਲੰਡਰ ਪਹੁੰਚ ਰਹੇ ਹਨ, ਪਰ ਵੱਖ-ਵੱਖ ਇਲਾਕਿਆਂ ਵਿੱਚ ਆਵਾਜਾਈ ਅਤੇ ਵੰਡ ਪ੍ਰਣਾਲੀ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ ਕਈ ਥਾਵਾਂ ‘ਤੇ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਜੇ ਖਾੜੀ ਦੇਸ਼ਾਂ ਵਿੱਚ ਬਣੇ ਹਾਲਾਤ ਲੰਮੇ ਸਮੇਂ ਤੱਕ ਬਣੇ ਰਹੇ ਤਾਂ ਅਗਲੇ ਦਿਨਾਂ ਵਿੱਚ ਗੈਸ ਸਪਲਾਈ ‘ਤੇ ਹੋਰ ਅਸਰ ਪੈ ਸਕਦਾ ਹੈ। ਇਸ ਨਾਲ ਕਮੀ ਹੋਰ ਵੱਧ ਸਕਦੀ ਹੈ ਅਤੇ ਖਪਤਕਾਰਾਂ ਨੂੰ ਹੋਰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਰਮਿਆਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਅਤੇ ਗੈਸ ਦੀ ਵਰਤੋਂ ਸੰਭਲ ਕੇ ਕਰਨ।