- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਟ ਖੋਹ ਅਤੇ ਚੋਰੀਆਂ ਕਰਨ ਵਾਲੇ ਪੰਜ ਗ੍ਰਿਫਤਾਰ, ਕੁੱਟਮਾਰ ਕਰਕੇ ਡਾਕਟਰ ਤੋਂ ਖੋਹੀ ਸੀ ਕਾਰ

-ਕੁੱਟਮਾਰ ਕਰਕੇ ਡਾਕਟਰ ਤੋਂ ਖੋਹੀ ਸੀ ਕਾਰ, ਸਾਬਕਾ ਫ਼ੌਜੀ ਦੀ ਸਮਝਦਾਰੀ ਨਾਲ ਫੜੇ ਲੁਟੇਰੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਪੁਲਿਸ ਨੇ ਸੋਮਵਾਰ ਨੂੰ ਹੋਈਆਂ ਲੁੱਟ-ਖੋਹ ਦੀਆਂ ਚਾਰ ਵਾਰਦਾਤਾਂ ਨੂੰ ਸੁਲਝਾ ਲਿਆ ਹੈ। ਸ਼ਹਿਰ ਅੰਦਰ ਡਾਕਟਰ ਦੀ ਕੁੱਟਮਾਰ ਕਰਕੇ ਕਾਰ ਖੋਹਣ, ਇਕ ਵਿਅਕਤੀ ਦੀ ਸਕੂਟਰੀ ਅਤੇ ਔਰਤ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਪੁੱਟ ਕੇ ਫਰਾਰ ਹੋਣ ਵਾਲੇ ਚਾਰ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਉੱਥੇ ਹੀ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੇ ਅਰੋਗਿਆ ਕੇਂਦਰ ਵਿੱਚ ਚੋਰੀ ਕਰਨ ਵਾਲੇ ਮੁਲਜਮ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ।
ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਡਾ. ਸੌਰਵ ਗੁਪਤਾ ਵਾਸੀ ਸਿਵਲ ਲਾਈਨ ਬਠਿੰਡਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੀ ਹੌਂਡਾ ਅਮੇਜ ਕਾਰ ਵਿੱਚ ਸਵਾਰ ਹੋ ਕੇ ਘਰ ਤੋਂ ਮਾਡਲ ਟਾਊਨ ਜਿੰਮ ਜਾ ਰਿਹਾ ਸੀ। ਇਸ ਦੌਰਾਨ ਰਜਿੰਦਰਾ ਕਾਲਜ ਨੇੜੇ ਤਿੰਨ ਅਣਪਛਾਤਿਆਂ ਨੇ ਉਸ ਦੀ ਗੱਡੀ ਰੋਕ ਲਈ ਅਤੇ ਕੁੱਟਮਾਰ ਕਰਕੇ ਕਾਰ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਸੰਜੇ ਸ਼ਰਮਾ ਵਾਸੀ ਪਰਸਰਾਮ ਨਗਰ ਦੀ ਤਿੰਨ ਵਿਅਕਤੀਆਂ ਨੇ ਸਕੂਟਰੀ ਜੂਪੀਟਰ ਖੋਹ ਲਈ। ਇਸ ਤਰ੍ਹਾਂ ਹੀ ਸ਼ਹਿਰ ਵਿੱਚ ਦੁਕਾਨ ’ਤੇ ਬੈਠੀ ਇਕ ਔਰਤ ਦੀਆਂ ਦੋ ਨੌਜਵਾਨ ਸੋਨੇ ਦੀਆਂ ਵਾਲੀਆਂ ਪੁੱਟ ਕੇ ਫਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਸਕੂਟਰੀ ’ਤੇ ਸਵਾਰ ਹੋ ਕੇ ਆਏ ਮਨਜਿੰਦਰ ਸਿੰਘ, ਰੋਹਿਤ ਕੁਮਾਰ ਵਾਸੀ ਅੰਬੇਦਕਰ ਨਗਰ ਬਠਿੰਡਾ ਅਤੇ ਨਿਗਮ ਕੁਮਾਰ ਵਾਸੀ ਪ੍ਰਤਾਪ ਨਗਰ ਨੇ ਸਰਕਾਰੀ ਰਜਿੰਦਰਾ ਕਾਲਜ ਨੇੜੇ ਡਾਕਟਰ ਦੀ ਕਾਰ ਖੋਹੀ ਲਈ। ਇਸ ਦੌਰਾਨ ਮਨਜਿੰਦਰ ਤੇ ਰੋਹਿਤ ਕਾਰ ਵਿੱਚ ਸਵਾਰ ਹੋ ਕੇ ਚੱਲ ਪਏ ਜਦੋਂ ਕਿ ਨਿਗਮ ਕੁਮਾਰ ਸਕੂਟਰੀ ਲੈ ਕੇ ਉਥੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਹੀ ਉੱਥੇ ਮੌਜੂਦ ਸਾਬਕਾ ਫੌਜੀ ਕੁਲਵੀਰ ਸਿੰਘ ਵਾਸੀ ਮਤੀ ਦਾਸ ਨਗਰ ਮੌਜੂਦ ਸੀ, ਜਿਸ ਨੇ ਲੁੱਟੀ ਗਈ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਲ ਰੋਡ ’ਤੇ ਪਹੁੰਚ ਕੇ ਕੁਲਵੀਰ ਸਿੰਘ ਨੇ ਲੁਟੇਰਿਆਂ ਦੀ ਕਾਰ ਰੋਕ ਲਈ। ਇਸ ਦੌਰਾਨ ਉਸ ਦੀ ਲੁਟੇਰਿਆਂ ਨਾਲ ਹੱਥੋਂ ਪਾਈ ਹੋਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਨਿਗਮ ਕੁਮਾਰ ਦੀ ਭਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਨ ਮੁਲਜ਼ਮਾਂ ਨੇ ਮੰਨਿਆ ਕਿ ਪਹਿਲਾਂ ਉਨ੍ਹਾਂ ਇਕ ਵਿਅਕਤੀ ਤੋਂ 1000 ਦੀ ਖੋਹ ਕੀਤੀ। ਇਸ ਤੋਂ ਬਾਅਦ ਉਨ੍ਹਾਂ ਸੰਜੇ ਸ਼ਰਮਾ ਦੀ ਜੂਪੀਟਰ ਸਕੂਟਰੀ ਖੋਹ ਲਈ ਤੇ ਰਜਿੰਦਰਾ ਕਾਲਜ ਵਾਲੇ ਪਾਸੇ ਪਹੁੰਚ ਗਏ। ਇਸ ਦੌਰਾਨ ਡਾ. ਸੌਰਵ ਗੁਪਤਾ ਕਾਰ ’ਤੇ ਸਵਾਰ ਹੋ ਕੇ ਆ ਰਿਹਾ ਸੀ ਕਿ ਕੁੱਟਮਾਰ ਕਰਕੇ ਲੁਟੇਰੇ ਨੇ ਉਸ ਦੀ ਕਾਰ ਖੋਹ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਡਾਕਟਰ ਦੀ ਹੌਂਡਾ ਕਾਰਨ ਨੰਬਰ ਪੀਬੀ 03 ਏਐਮ 7980, ਸਕੂਟਰੀ ਪੀਬੀ 03 ਬੀਐਲ 0939 ਤੇ ਲੁੱਟੇ 1000 ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਉਕਤ ਤਿੰਨੇ ਵਾਰਦਾਤਾਂ ਨੂੰ ਹੱਲ ਕਰ ਲਿਆ ਹੈ। ਲੁਟੇਰਿਆਂ ਦੇ ਤੀਜੇ ਸਾਥੀ ਨਿਗਮ ਕੁਮਾਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
-ਬਾਕਸ-
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਕਲਕੱਤੇ ਵਾਲੀ ਗਲੀ ’ਚ ਇਕ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋਣ ਵਾਲੇ ਦੋ ਮੁਲਜ਼ਮਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਨਿਰਮਲਜੀਤ ਸਿੰਘ ਤੇ ਅਜੇਪਾਲ ਸਿੰਘ ਵਾਸੀ ਦਾਨ ਸਿੰਘ ਵਾਲਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਐੱਸਪੀ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਨੇ ਪਹਿਲਾਂ ਸ਼ਹਿਰ ਵਿੱਚੋਂ ਇੱਕ ਮੋਟਰਸਾਈਕਲ ਚੋਰੀ ਕੀਤਾ ਅਤੇ ਇਸ ਤੋਂ ਬਾਅਦ ਦੁਕਾਨ ਵਿਚ ਬੈਠੀ ਮਹਿਲਾ ਦੀਆਂ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਤੇ ਫਰਾਰ ਹੋ ਗਏ। ਉਕਤ ਦੋਵੇਂ ਮੁਲਜ਼ਮ ਉਹੀ ਸਨ ਜਿਨ੍ਹਾਂ ਦਾਨ ਸਿੰਘ ਵਾਲਾ ਘਰਾਂ ਨੂੰ ਅੱਗ ਲਗਾ ਕਿ ਦਹਿਸ਼ਤ ਪੈਦਾ ਕੀਤੀ ਸੀ। ਉਨ੍ਹਾਂ ਦੱਸਿਆ ਕਿ ਨਿਰਮਲਜੀਤ ਸਿੰਘ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਦਸ , ਜਦੋਂ ਕਿਹਾ ਅਜੇਪਾਲ ਸਿੰਘ ਖਿਲਾਫ ਪੰਜ ਮੁਕਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਹੋਰ ਡੁੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾ ਸਕੇ। ਮੁਲਜ਼ਮਾਂ ਕੋਲੋਂ ਮੋਟਰਸਾਈਕਲ ਨੰਬਰ ਪੀਬੀ 62 5799 ਬਰਾਮਦ ਕੀਤਾ ਗਿਆ ਹੈ।
-ਬਾਕਸ-
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਪਿੱਪਲੀ ਦੇ ਅਰੋਗਿਆ ਕੇਂਦਰ ਵਿਚ ਹੋਈ ਚੋਰੀ ਦੀ ਘਟਨਾ ਨੂੰ ਵੀ ਟਰੇਸ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਨੂੰ ਗਗਨਦੀਪ ਸਿੰਘ ਨੇ ਅੰਜਾਮ ਦਿੱਤਾ ਸੀ। ਐਸਪੀਸੀਟੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਚੋਰੀ ਦਾ ਸਮਾਨ ਮੁਕੇਸ਼ ਕੁਮਾਰ ਕਬਾੜੀਏ ਨੂੰ ਵੇਚਦਾ ਸੀ ਜਿਸ ਨੂੰ ਵੀ ਕੇਸ ਵਿੱਚ ਨਾਮਜਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਗਗਨਦੀਪ ਸਿੰਘ ਖਿਲਾਫ ਚੋਰੀ ਦੇ 30 ਮੁਕਦਮੇ ਦਰਜ ਹਨ।