ਮਜ਼ਦੂਰ ਤੋਂ ਪਰਸ ਲੁੱਟਿਆ, ਔਰਤ ਦਾ ਮੋਬਾਈਲ ਝਪਟਣ ਦੀ ਕੋਸ਼ਿਸ਼
ਲੁਟੇਰਿਆਂ ਤੇ ਝਪਟਮਾਰਾਂ ਦਾ ਕਹਿਰ ਜਾਰੀ: ਮਜ਼ਦੂਰ ਤੋਂ ਪਰਸ ਲੁੱਟਿਆ, ਔਰਤ ਦਾ ਮੋਬਾਈਲ ਝਪਟਣ ਦੀ ਕੋਸ਼ਿਸ਼
Publish Date: Sat, 28 Feb 2026 05:16 PM (IST)
Updated Date: Sun, 01 Mar 2026 04:04 AM (IST)

-ਲੁਟੇਰਿਆਂ ਤੇ ਝਪਟਮਾਰਾਂ ਦਾ ਕਹਿਰ ਜਾਰੀ, ਵਾਰਦਾਤਾਂ ਦੀਆਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਵੀਡੀਓਜ਼ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਬਠਿੰਡਾ ਪੁਲਿਸ ਵੱਲੋਂ ਗਸ਼ਤ ਵਧਾਉਣ ਅਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਲੁਟੇਰਿਆਂ, ਝਪਟਮਾਰਾਂ ਅਤੇ ਜੇਬਕਤਰਿਆਂ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ। ਸ਼ਰੇਆਮ ਵਾਪਰ ਰਹੀਆਂ ਲੁੱਟਖੋਹ ਤੇ ਝਪਟਮਾਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਹਰ ਵਿਅਕਤੀ ਰਾਤ ਤੇ ਸਵੇਰੇ ਸਮੇਂ ਘਰ ਵਿੱਚੋਂ ਨਿਕਲਣ ਤੋਂ ਡਰ ਰਿਹਾ ਹੈ। ਇਕ ਵਾਰਦਾਤ ਬੀਤੇ ਸ਼ੁੱਕਰਵਾਰ ਸ਼ਾਮ ਅਮਰੀਕ ਸਿੰਘ ਰੋਡ ‘ਤੇ ਵਾਪਰੀ, ਜਿੱਥੇ ਦੋ ਲੁਟੇਰਿਆਂ ਨੇ ਇਕ ਮਜ਼ਦੂਰ ਨਾਲ ਕੁੱਟਮਾਰ ਕਰਕੇ ਉਸ ਦਾ ਪੈਸਿਆਂ ਵਾਲਾ ਪੁਰਸ ਲੁੱਟ ਲਿਆ। ਦੂਜੀ ਵਾਰਦਾਤ ਕਿੱਕਰ ਬਾਜ਼ਾਰ ਵਿੱਚ ਵਾਪਰੀ ਹੈ, ਜਿੱਥੇ 16 ਸਾਲਾ ਇਕ ਨਾਬਾਲਗ ਨੇ ਲੰਗਰ ਦੀ ਸੇਵਾ ਕਰ ਰਹੇ ਵਿਅਕਤੀ ਦਾ ਪੁਰਸ ਚੋਰੀ ਕਰ ਲਿਆ। ਤੀਜੀ ਘਟਨਾ ਸ਼ਨੀਵਾਰ ਸਵੇਰੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਵਾਪਰੀ ਜਿੱਥੇ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਇਕ ਔਰਤ ਦਾ ਮੋਬਾਈਲ ਫੋਨ ਝਪਟਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ। ਇਸ ਤਰ੍ਹਾਂ ਜੇਬ ਕਤਰੇ ਨੇ ਇਕ ਵਿਅਕਤੀ ਦੇ ਜੇਬ ਵਿੱਚੋਂ ਪਰਸ ਕੱਢ ਲਿਆ, ਜਿਸ ਵਿਚ ਦਸ ਹਜ਼ਾਰ ਰੁਪਏ ਸਨ। ਇਹ ਸਾਰੀਆਂ ਘਟਨਾਵਾਂ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਲਗਾਤਾਰ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। -ਬਾਕਸ- -ਮਜ਼ਦੂਰ ਤੋਂ ਲੁੱਟੇ ਛੇ ਹਜ਼ਾਰ ਰੁਪਏ ਪਹਿਲੇ ਮਾਮਲੇ ਵਿੱਚ ਪਰਸਰਾਮ ਨਗਰ ਨਿਵਾਸੀ ਰਿੰਕੂ ਕੁਮਾਰ ਨੇ ਦੱਸਿਆ ਕਿ ਉਹ ਦਿਹਾਡ਼ੀ ਮਜ਼ਦੂਰੀ ਕਰਦਾ ਹੈ। ਬੀਤੇ ਸ਼ੁੱਕਰਵਾਰ ਸ਼ਾਮ ਉਹ ਅਮਰੀਕ ਸਿੰਘ ਰੋਡ ਗਲੀ ਨੰਬਰ 1 ਵਿੱਚ ਇਕ ਪਲਾਈਵੁੱਡ ਦੀ ਦੁਕਾਨ ਤੋਂ ਸਾਮਾਨ ਲੈਣ ਜਾ ਰਿਹਾ ਸੀ। ਜਦੋਂ ਉਹ ਗਲੀ ਵਿੱਚ ਦਾਖਲ ਹੋਇਆ ਤਾਂ ਦੋ ਅਣਪਛਾਤੇ ਨੌਜਵਾਨ ਪੈਦਲ ਪਿੱਛੋਂ ਆਏ ਅਤੇ ਉਸ ਨੂੰ ਘੇਰ ਕੇ ਕੁੱਟਮਾਰ ਕਰਨ ਲੱਗੇ। ਲੁਟੇਰਿਆਂ ਨੇ ਉਸ ਦੀ ਜੇਬ ਵਿੱਚੋਂ ਪਰਸ ਕੱਢ ਕੇ ਫਰਾਰ ਹੋ ਗਏ। ਪੀੜਤ ਮੁਤਾਬਕ ਪਰਸ ਵਿੱਚ ਲਗਭਗ ਛੇ ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਉਸ ਨੇ ਦੱਸਿਆ ਕਿ ਇਹ ਰਕਮ ਉਹ ਸਮਾਨ ਖਰੀਦਣ ਲਈ ਲੈ ਕੇ ਆਇਆ ਸੀ। ਲੁੱਟ ਦੀ ਇਹ ਘਟਨਾ ਉਕਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੋਵੇਂ ਨੌਜਵਾਨ ਪੀੜਤ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਫੁਟੇਜ ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ। -ਬਾਕਸ- -ਔਰਤ ਦਾ ਮੋਬਾਈਲ ਝਪਟਣ ਦੀ ਕੋਸ਼ਿਸ਼ ਹੋਈ ਫੇਲ੍ਹ ਦੂਜੀ ਵਾਰਦਾਤ ਸ਼ਨੀਵਾਰ ਸਵੇਰੇ ਗੁਰੂ ਗੋਬਿੰਦ ਸਿੰਘ ਨਗਰ ਦੀ ਗਲੀ ਨੰਬਰ 5-10 ਨੇੜੇ ਵਾਪਰੀ। ਇਲਾਕਾ ਨਿਵਾਸੀ ਰੀਨਾ ਨੇ ਦੱਸਿਆ ਕਿ ਉਹ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਹੈ। ਸ਼ਨੀਵਾਰ ਸਵੇਰੇ ਉਹ ਪੈਦਲ ਕੰਮ ‘ਤੇ ਜਾ ਰਹੀ ਸੀ ਅਤੇ ਮੋਬਾਈਲ ‘ਤੇ ਗੱਲ ਕਰ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਆਏ ਤੇ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਹੱਥੋਂ ਮੋਬਾਈਲ ਫੋਨ ਝਪਟਣ ਦੀ ਕੋਸ਼ਿਸ਼ ਕੀਤੀ। ਝਪਟਮਾਰੀ ਦੌਰਾਨ ਮੋਬਾਈਲ ਜ਼ਮੀਨ ‘ਤੇ ਡਿੱਗ ਗਿਆ ਅਤੇ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਹ ਵਾਰਦਾਤ ਵੀ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ।