- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਤ ਮੰਡੀ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਲਗਾਈਆਂ ਸਟਰੀਟ ਲਾਈਟਾਂ ਬਣੀਆਂ ਸਫੈਦ ਹਾਥੀ

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੀ ਪ੍ਰਸਿਧ ਸੰਗਤ ਮੰਡੀ ’ਚ ਪੰਜਾਬ ਸਰਕਾਰ ਦੀ ਬੇਰੁਖ਼ੀ ਕਾਰਨ ਕਰੋੜਾਂ ਦੀ ਲਾਗਤ ਵਾਲੀਆਂ ਸਟਰੀਟ ਲਾਈਟਾਂ ਪਿਛਲੇ ਕਈ ਸਾਲਾਂ ਤੋਂ ਸਫੈਦ ਹਾਥੀ ਬਣੀਆਂ ਲੋਕਾਂ ਲਈ ਰੋਸ਼ਨੀ ਦੀ ਥਾਂ ਹਨੇਰੇ ’ਚ ਟਕਰਾਉਣ ਦਾ ਸਬਬ ਬਣੀਆਂ ਹੋਈਆਂ ਹਨ।
ਸੰਗਤ ਮੰਡੀ ਦੀਆਂ ਬੰਦ ਪਈਆਂ ਲਾਈਟਾਂ ਨੂੰ ਮੁੜ ਚਾਲੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ, ਜਿਸ ਕਰਕੇ ਮੰਡੀ ਦੇ ਲੋਕਾਂ ਅੰਦਰ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮੰਡੀ ਵਾਸੀਆਂ ਨੂੰ ਹਨੇਰੇ ਤੋਂ ਰਾਹਤ ਦੇਣ ਲਈ ਸਟਰੀਟ ਲਾਈਟਾਂ ਵੱਡੇ ਸ਼ਹਿਰਾਂ ਦੀ ਤਰਜ਼ ’ਤੇ ਅਕਾਲੀ ਭਾਜਪਾ ਸਰਕਾਰ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬਾ ਹਰਸਿਮਰਤ ਕੌਰ ਬਾਦਲ ਦੇ ਪਹਿਲੀ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਸਮੇਂ ਤੋਹਫੇ ਵਜੋਂ ਮਿਲੀਆਂ ਸਨ। ਉਸ ਸਮੇਂ ਸੰਗਤ ਮੰਡੀ ਦੇ ਨਾਲ-ਨਾਲ ਪਿੰਡ ਸੰਗਤ ਕਲਾਂ ਨੂੰ ਵੀ ਸ਼ਹਿਰ ਦੀ ਤਰ੍ਹਾਂ ਰੋਸ਼ਨੀ ਨਾਲ ਜਗਮਗਾ ਕੇ ਉਹ ਇਥੋਂ ਵੱਡੇ ਫਰਕ ਨਾਲ ਚੋਣ ਜਿੱਤ ਗਏ ਸਨ ਪ੍ਰੰਤੂ ਦੂਜੀ ਵਾਰ ਉਨ੍ਹਾਂ ਦੀਆਂ ਵੋਟਾਂ ਇੱਥੋਂ ਘੱਟ ਜਾਣ ਕਾਰਨ ਅਚਾਨਕ ਸਟਰੀਟ ਲਾਈਟਾਂ ਦੀ ਕਿਸਮਤ ਵੀ ਖ਼ਰਾਬ ਹੋ ਗਈ। ਬਠਿੰਡਾ ਡਿਪਾਰਟਮੈਂਟ ਅਥਾਰਟੀ ਬੀਡੀ ਦੁਆਰਾ ਜ਼ਿਲ੍ਹੇ ਦੀਆਂ ਕਈ ਹੋਰਨਾਂ ਮੰਡੀਆਂ ’ਚ ਲਗਾਈਆਂ ਸਟਰੀਟ ਲਾਈਟਾਂ ’ਚ ਹੋਏ ਕਥਿਤ ਘੁਟਾਲੇ ਦੀ ਵਿਜੀਲੈਂਸ ਜਾਂਚ ਦੇ ਨਾਂ ’ਤੇ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਭੇਜੀ ਵਿਜੀਲੈਂਸ ਦੀ ਵਿਸ਼ੇਸ਼ ਟੀਮ ਵੱਲੋਂ ਕਈ ਪੋਲਾਂ ਤੋਂ ਸਟਰੀਟ ਲਾਈਟਾਂ ਉਤਾਰ ਕੇ ਆਪਣੇ ਨਾਲ ਲੈ ਗਏ ਸੀ ਪ੍ਰੰਤੂ ਅਜੇ ਤਕ ਇਸਦੀ ਜਾਂਚ ਕਿਹੜੇ ਕਾਰਨਾਂ ਕਰਕੇ ਕਾਗਜਾਂ ’ਚ ਰੁਲੀ ਪਤਾ ਨਹੀਂ ਕਿਹੜੇ ਦਫਤਰਾਂ ਦੀ ਧੂੜ ਫੱਕ ਰਹੀ ਹੈ ਜਾਂ ਫਿਰ ਠੰਡੇ ਬਸਤੇ ਵਿਚ ਪਾਕੇ ਰੱਖ ਦਿੱਤੀ ਗਈ ਹੈ। ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਨਗਰ ਕੌਂਸਲ ਵੱਲ ਪਾਵਰਕਾਮ ਦਾ ਪਿਛਲਾ ਕਰੋੜਾਂ ਰੁਪਏ ਬਿਜਲੀ ਬਿੱਲ ਬਕਾਇਆ ਖੜ੍ਹਾ ਹੋਣ ਕਰਕੇ ਇਨ੍ਹਾਂ ਲਾਈਟਾਂ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਜਦੋਂਕਿ ਹੋਰਨਾਂ ਮੰਡੀਆਂ ਦਾ ਬਕਾਇਆ ਰਾਸ਼ੀ ਖੜੀ ਹੋਣ ਦੇ ਬਾਵਜੂਦ ਕੁਨੈਕਸ਼ਨ ਨਹੀਂ ਕੱਟੇ ਗਏ ਤੇ ਲਾਈਟਾਂ ਚੱਲ ਰਹੀਆਂ ਹਨ ਪਰ ਸੰਗਤ ਮੰਡੀ ਨਾਲ ਪਤਾ ਨਹੀਂ ਕਿਹੜੀ ਗੱਲ ਤੋਂ ਵਿਤਕਰਾ ਕੀਤਾ ਜਾ ਰਿਹਾ ਹੈ। ਲਾਈਟਾਂ ਨੂੰ ਚਾਲੂ ਕਰਵਾਉਣ ਲਈ ਉਨ੍ਹਾਂ ਵੱਲੋਂ ਨਿੱਜੀ ਤੌਰ ’ਤੇ ਸਬੰਧਤ ਵਿਭਾਗ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪੰਜਾਬ ਸਰਕਾਰ ਵੱਲੋਂ ਮੰਡੀ ’ਚ ਸੋਲਰ ਲਾਈਟਾਂ ਲਗਾਉਣ ਦੇ ਹੋਏ ਟੈਂਡਰ ਵੀ ਰੱਦ ਕਰ ਦਿੱਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣਾਂ ਦਾ ਸਾਲ ਹੋਣ ਕਰਕੇ ਮੰਡੀ ’ਚ ਦੁਬਾਰਾ ਜਗਮਗ ਜਗਮਗ ਹੋਵੇਗੀ ਕਿ ਇਹ ਸਾਲ ਵੀ ਹਨੇਰੇ ਵਿਚੋਂ ਦੀ ਲੰਘੇਗਾ।