- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜਦੂਰਾਂ ਨੇ ਮੈਨੇਜਮੈਟ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

- ਆਵਾਜਾਈ ਪੂਰੀ ਤਰ੍ਹਾਂ ਹੋਈ ਪ੍ਰਭਾਵਿਤ, ਆਮ ਲੋਕਾਂ ਨੂੰ ਮੁਸ਼ਕਲਾਂ ਦਾ ਕਰਨਾ ਪਿਆ ਸਾਹਮਣਾ
ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ, ਗੋਨਿਆਣਾ : ਬਠਿੰਡਾ- ਸ਼੍ਰੀ ਅੰਮ੍ਰਿਤਸਰ ਮੁੱਖ ਰਾਸ਼ਟਰੀ ਮਾਰਗ ਤੇ ਪਿੰਡ ਜੀਦਾ ਦੇ ਨਜ਼ਦੀਕ ਸਪੋਰਟਸ ਕਿੰਗ ਫੈਕਟਰੀ ਦੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਫੈਕਟਰੀ ਮੈਨੇਜਮੈਂਟ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ। ਫੈਕਟਰੀ ਦੀਆਂ ਮਸ਼ੀਨਾਂ ਨੂੰ ਚੁਲਾਉਣ ਲਈ ਤਿੰਨ ਸ਼ਿਫਟਾਂ ਲੱਗਦੀਆਂ ਹਨ, ਰਾਤ ਵਾਲੀ ਸ਼ਿਫਟ ਖਤਮ ਹੁੰਦਿਆਂ ਹੀ ਸਵੇਰ ਤੜਕਸਾਰ ਸਵੇਰ ਵਾਲੀ ਸ਼ਿਫਟ ਵਿਚ ਕੰਮ ’ਤੇ ਆਏ ਮਜ਼ਦੂਰਾਂ ਨੇ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿਛਲੇ ਕਰੀਬ 10-12 ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਫੈਕਟਰੀ ਦੀ ਮੈਨੇਜਮੈਂਟ ਮਜ਼ਦੂਰਾਂ ਦੇ ਖਿਲਾਫ ਕਾਫੀ ਧੱਕੇਸ਼ਾਹੀ ਕਰ ਰਹੀ ਹੈ, ਜਿਸ ਕਾਰਨ ਅੱਜ ਮਜ਼ਦੂਰਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸ਼ੁਰੂ ਵਿਚ ਇਹ ਪ੍ਰਦਰਸ਼ਨ ਫੈਕਟਰੀ ਦੇ ਗੇਟ ਤੱਕ ਹੀ ਸੀਮਤ ਰਿਹਾ, ਪਰ ਮੰਗਾਂ ‘ਤੇ ਕੋਈ ਸੁਣਵਾਈ ਨਾ ਹੋਣ ਕਾਰਨ ਮਜ਼ਦੂਰਾਂ ਨੇ ਅੰਦੋਲਨ ਨੂੰ ਤੇਜ਼ ਕਰਦੇ ਹੋਏ ਰਾਸ਼ਟਰੀ ਮਾਰਗ ਜਾਮ ਕਰ ਦਿੱਤਾ।
ਇਸ ਦੌਰਾਨ ਕਰੀਬ ਤਿੰਨ ਘੰਟਿਆਂ ਤਕ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ, ਜਿਸ ਨਾਲ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਡੀਸੀ ਰੇਟ (ਘੱਟੋ-ਘੱਟ ਮਜ਼ਦੂਰੀ) ਮੁਤਾਬਕ ਤਨਖਾਹ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਮਜ਼ਦੂਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਤੋਂ ਲਗਾਤਾਰ ਓਵਰਟਾਈਮ ਕੰਮ ਲਿਆ ਜਾਂਦਾ ਹੈ, ਪਰ ਇਸ ਦੇ ਬਦਲੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਭੁਗਤਾਨ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਪ੍ਰਬੰਧਕਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸ ਰਹੇ ਹਨ, ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਇਹ ਵੀ ਕਿਹਾ ਜਦੋਂ ਫੈਕਟਰੀ ਵਿਚ ਕੋਈ ਚੈਕਿੰਗ ਟੀਮ ਆਉਂਦੀ ਹੈ ਤਾਂ ਮਜ਼ਦੂਰਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਨਾ ਬੋਲੇ ਕਿ ਸਾਡੇ ਤੋਂ ਓਵਰਟਾਈਮ ਲਗਾਇਆ ਜਾਂਦਾ ਹੈ। ਧਰਨੇ ਵਿੱਚ ਵੱਖ-ਵੱਖ ਮਜ਼ਦੂਰ ਯੂਨੀਅਨਾਂ ਅਤੇ ਜਥੇਬੰਦੀਆਂ ਨੇ ਭਾਗ ਲੈ ਕੇ ਮਜ਼ਦੂਰਾਂ ਦਾ ਸਮਰਥਨ ਕੀਤਾ, ਜਿਸ ਨਾਲ ਅੰਦੋਲਨ ਹੋਰ ਮਜ਼ਬੂਤ ਹੋ ਗਿਆ। ਹਾਲਾਤ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ, ਜਿੱਥੇ ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ, ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਨੇਹੀਆਂ ਵਾਲਾ ਸਮੇਤ ਹੋਰ ਅਧਿਕਾਰੀਆਂ ਨੇ ਮਜ਼ਦੂਰਾਂ ਅਤੇ ਪ੍ਰਬੰਧਕਾਂ ਦਰਮਿਆਨ ਗੱਲਬਾਤ ਕਰਵਾਈ। ਕਰੀਬ ਪੰਜ ਘੰਟਿਆਂ ਤੱਕ ਚੱਲੇ ਇਸ ਧਰਨੇ ਤੋਂ ਬਾਅਦ ਫੈਕਟਰੀ ਦੇ ਵਾਈਸ ਪ੍ਰੈਜ਼ੀਡੈਂਟ ਰਾਜਿੰਦਰ ਪਾਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਮੰਗਾਂ ‘ਤੇ ਢੁੱਕਵੀਂ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲਿਖਤੀ ਰੂਪ ਵਿਚ ਪ੍ਰਬੰਧਕਾ ਅਤੇ ਪ੍ਰਸ਼ਾਸਨ ਨੂੰ ਸੌਂਪਿਆ, ਜਿਸ ਤੋਂ ਬਾਅਦ ਮਜ਼ਦੂਰਾਂ ਨੇ ਸ਼ਾਂਤੀਪੂਰਵਕ ਧਰਨਾ ਸਮਾਪਤ ਕਰ ਦਿੱਤਾ। ਮਜ਼ਦੂਰਾਂ ਨੇ ਫੈਕਟਰੀ ਦੇ ਪ੍ਰਬੰਧਕਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਇਸ ਪ੍ਰਦਰਸ਼ਨ ਕਰਕੇ ਬਾਹਰ ਕੱਢਿਆ ਤਾਂ ਅਸੀਂ ਦੁਬਾਰਾ ਫਿਰ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।