- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਵਿੰਦਰ ਰਾਮ ਅਤੇ ਸੁਖਮਨਪ੍ਰੀਤ ਕੌਰ ਬਣੇ ਬੈਸਟ ਐਥਲੀਟ

-ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਮਨਵਾਇਆ ਲੋਹਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀਐਫਜੀਆਈ.) ਦੇ ਸਪੋਰਟਸ ਵਿਭਾਗ ਵੱਲੋਂ ਸੰਸਥਾ ਦੇ ਖੇਡ ਮੈਦਾਨ ਵਿਚ ਦੋ ਦਿਨਾਂ ਐਥਲੈਟਿਕਸ ਮੀਟ ਕਰਵਾਈ ਗਈ। ਇਹ ਐਥਲੈਟਿਕ ਮੀਟ ਬੀਐਫਜੀਆਈ ਦੇ ਕੈਂਪਸ ਡਾਇਰੈਕਟਰ ਪ੍ਰੋ. (ਡਾ.) ਐੱਮਪੀ ਪੂਨੀਆ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਅਤੇ ਖੇਡ ਵਿਭਾਗ ਦੇ ਮੁਖੀ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਬੀਐੱਫਜੀਆਈ ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਬਰਾੜ ਅਤੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀਡੀ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਐਥਲੈਟਿਕਸ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਦੌੜਾਂ, ਲੰਮੀ ਛਾਲ, ਉੱਚੀ ਛਾਲ, ਸ਼ਾਟਪੁੱਟ, ਡਿਸਕਸ ਥਰੋਅ ਅਤੇ ਜੈਵਲਿਨ ਥਰੋਅ ਵਰਗੇ ਮੁਕਾਬਲੇ ਕਰਵਾਏ ਗਏ।
ਇਸ ਤੋਂ ਇਲਾਵਾ ਮਨੋਰੰਜਕ ਖੇਡਾਂ ਜਿਵੇਂ ਰੱਸਾ-ਕੱਸੀ, ਨਿੰਬੂ-ਚਮਚਾ ਦੌੜ ਅਤੇ ਤਿੰਨ-ਟੰਗੀ ਦੌੜਾਂ ਵੀ ਕਰਵਾਈਆਂ ਗਈਆਂ। ਸਕੂਲ ਆਫ਼ ਇੰਜੀਨੀਅਰਿੰਗ, ਸਕੂਲ ਆਫ਼ ਹਿਊਮੈਨਿਟੀਜ਼, ਸਕੂਲ ਆਫ਼ ਬਿਜ਼ਨਸ ਸਟੱਡੀਜ਼ ਅਤੇ ਸਕੂਲ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਤੇ ਜੋਸ਼ ਨਾਲ ਇਸ ਐਥਲੈਟਿਕਸ ਮੀਟ ਵਿਚ ਹਿੱਸਾ ਲਿਆ। ਸਾਰੇ ਵਿਦਿਆਰਥੀਆਂ ਨੂੰ ਚਾਰ ਹਾਊਸਾਂ—ਗ੍ਰੀਨ ਹਾਊਸ, ਰੈੱਡ ਹਾਊਸ, ਯੈਲੋ ਹਾਊਸ ਅਤੇ ਬਲੂ ਹਾਊਸ ਵਿੱਚ ਵੰਡਿਆ ਗਿਆ। ਪਹਿਲੇ ਦਿਨ ਦੇ ਉਦਘਾਟਨੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਅਵਨੀਤ ਕੌਰ ਸਿੱਧੂ, ਏਆਈਜੀ (ਸੀਆਈਡੀ.) ਬਠਿੰਡਾ ਜ਼ੋਨ, ਪੰਜਾਬ ਪੁਲਿਸ ਨੇ ਝੰਡਾ ਲਹਿਰਾ ਕੇ ਅਤੇ ਰੰਗ-ਬਿਰੰਗੇ ਗੁਬਾਰੇ ਉਡਾ ਕੇ ਐਥਲੈਟਿਕਸ ਮੀਟ ਦੀ ਸ਼ੁਰੂਆਤ ਕੀਤੀ।
ਇਸ ਉਪਰੰਤ ਮਾਰਚ ਪਾਸਟ ਹੋਇਆ ਅਤੇ ਵਿਦਿਆਰਥੀਆਂ ਨੇ ਖੇਡ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁੱਕੀ। ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਲੜਕਿਆਂ ਵਿੱਚੋਂ ਗ੍ਰੀਨ ਹਾਊਸ ਦੇ ਕੁਲਵਿੰਦਰ ਰਾਮ ਤੇ ਲੜਕੀਆਂ ਵਿੱਚੋਂ ਯੈਲੋ ਹਾਊਸ ਦੀ ਸੁਖਮਨਪ੍ਰੀਤ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਓਵਰਆਲ ਬੈਸਟ ਹਾਊਸ ਦੀ ਟਰਾਫੀ ਬਲੂ ਹਾਊਸ ਨੇ ਜਿੱਤੀ ਜਦਕਿ ਓਵਰਆਲ ਰਨਰ-ਅੱਪ ਟਰਾਫੀ ਗ੍ਰੀਨ ਹਾਊਸ ਦੇ ਹਿੱਸੇ ਆਈ।
ਦੂਜੇ ਦਿਨ ਦੇ ਸਮਾਪਤੀ ਸਮਾਗਮ ਦੌਰਾਨ ਜ਼ਿਲ੍ਹਾ ਖੇਡ ਅਧਿਕਾਰੀ ਰੁਪਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨਾਮ ਵੰਡ ਸਮਾਗਮ ਦੌਰਾਨ ਐਥਲੈਟਿਕਸ ਮੀਟ ਦੇ ਸਫਲ ਕਰਵਾਉਣ ਲਈ ਖੇਡ ਇੰਚਾਰਜ ਡਾ. ਸੰਦੀਪ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਯਤਿੰਦਰ ਕੁਮਾਰ, ਸਰਬਜੀਤ ਕੌਰ ਤੇ ਖੁਸ਼ਦੀਪ ਸਿੰਘ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੇ ਮੈਡਲ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।