- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਠਾਗੁਰੂ ਅਤੇ ਭਗਤਾ ਭਾਈ ਦੀਆਂ ਫਾਇਰ ਬਿਗ੍ਰੇਡ

-ਸਰਕਾਰ ਵੱਲੋਂ ਤਿੰਨੇ ਸੰਸਥਾਵਾਂ ਨੂੰ ਨਾ ਕੋਈ ਗ੍ਰਾਂਟ ਤੇ ਨਾ ਹੀ ਮਿਲਿਆ ਸਨਮਾਨ
19-20-21) ਸਤਿਕਾਰ ਕਮੇਟੀ ਕੋਠਾਗੁਰੂ, ਭਾਈ ਬਹਿਲੋ ਸਮਾਜ ਸੇਵਾ ਸੁਸਾਇਟੀ ਭਗਤਾ ਅਤੇ ਖੂਹ ਕਮੇਟੀ ਭਗਤਾ ਭਾਈ ਦੀਆਂ ਸੰਸਥਾਵਾਂ ਵੱਲੋਂ ਤਿਆਰ ਕੀਤੀਆਂ ਹੋਈਆਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ।
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ
ਅੱਜ ਦੇ ਯੁੱਗ ਵਿਚ ਕੁਝ ਵਿਅਕਤੀ ਅਤੇ ਸੰਸਥਾਵਾਂ ਲੋਕ ਵਿਖਾਵਾ ਕਰਕੇ ਫੋਕੀ ਵਾਹ ਵਾਹ ਖੱਟਣ ਲਈ ਹਮੇਸ਼ਾ ਤਤਪਰ ਰਹਿੰਦੇ ਪਰ ਸਾਡੇ ਸਮਾਜ ਵਿਚ ਚੰਗੇ ਅਕਸ ਵਾਲੇ ਵਿਅਕਤੀਆਂ ਅਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਸੰਸਥਾਵਾਂ ਦੀ ਵੀ ਕੋਈ ਕਮੀ ਨਹੀ, ਜਿਨ੍ਹਾਂ ਵਿੱਚੋਂ ਇਕ ਸਮਾਜ ਸੇਵੀ ਸੰਸਥਾਂ ਸਤਿਕਾਰ ਕਮੇਟੀ ਕੋਠਾਗੁਰੂ ਹੈ। ਇਲਾਕੇ ਦੀ ਸਮਾਜ ਸੇਵੀ ਸੰਸਥਾ ਸਤਿਕਾਰ ਕਮੇਟੀ ਕੋਠਾਗੁਰੂ ਪਿਛਲੇ ਲੰਬੇ ਸਮੇਂ ਤੋਂ ਸਮਾਜ-ਸੇਵੀ ਕੰਮਾਂ ਲਈ ਸਭ ਤੋਂ ਅੱਗੇ ਵਿਖਾਈ ਦਿੰਦੀ ਹੈ। ਸਤਿਕਾਰ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈਜ਼ ਭਰਾਵਾਂ ਦੇ ਸਹਿਯੋਗ ਨਾਲ ਸਰਕਾਰਾਂ ਦੀਆਂ ਸਹੂਲਤਾਂ ਨੂੰ ਮਾਤ ਪਾਉਂਦੇ ਸਮਾਜ ਸੇਵਾ ਦੇ ਕਾਰਜ ਕਰਕੇ ਇਸ ਸੰਸਥਾਂ ਦੇ ਇਲਾਕੇ ਭਰ ਵਿਚ ਖੂਬ ਚਰਚੇ ਹੋ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਿੰਡਾਂ ਦੀਆਂ ਸਮਾਜ-ਸੇਵੀ ਸੰਸਥਾਵਾਂ ਇਸੇ ਤਰ੍ਹਾਂ ਸਮਾਜ ਦੀ ਬੇਹਤਰੀ ਲਈ ਯਤਨ ਕਰਨ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਸੰਭਵ ਹੈ। ਸਤਿਕਾਰ ਕਮੇਟੀ ਕੋਠਾ ਗੁਰੂ ਵੱਲੋਂ ਲੋਕਾਂ ਦੀ ਮਦਦ ਲਈ ਚਲਾਈ ਜਾਂ ਰਹੀ ਫਾਇਰ ਬ੍ਰਿਗੇਡ ਗੱਡੀ ਦੀ ਖਾਸ ਗੱਲ ਹੈ ਕਿ ਇਲਾਕੇ ਦੇ ਪਿੰਡਾਂ ਵਿਚ ਅੱਗ ਲੱਗਣ ਘਟਨਾ ਸਮੇਂ ਸਰਕਾਰੀ ਫਾਇਰ ਬ੍ਰਿਗੇਡ ਤੋਂ ਵੀ ਹਰ ਵਾਰ ਪਹਿਲਾ ਪਹੁੰਚਦੀ ਹੈ। ਜਿਸ ਕਰਕੇ ਸਤਿਕਾਰ ਕਮੇਟੀ ਕੋਠਾ ਗੁਰੂ ਦਾ ਨਾਮ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੈ।
-ਬਾਕਸ-
-20 ਕਿਲੋਮੀਟਰ ਦੇ ਘੇਰੇ ’ਚ 24 ਘੰਟੇ ਮੁਫ਼ਤ ਸੇਵਾ ਕਰ ਰਹੀਆਂ ਨੇ ਤਿੰਨੋਂ ਸੰਸਥਾਵਾਂ
ਸਤਿਕਾਰ ਕਮੇਟੀ ਵੱਲੋਂ ਫਾਇਰ ਬ੍ਰਿਗੇਡ ਤੋਂ ਇਲਾਵਾ ਇਲਾਕੇ ਦੇ ਮਰੀਜਾਂ ਦੀ ਸੇਵਾ ਅਤੇ ਅਚਾਨਕ ਵਾਪਰੇ ਹਾਦਸਿਆਂ ਲਈ 24 ਘੰਟੇ ਦੋ ਐਂਬੂਲੈਂਸਾਂ ਰਾਹੀ ਸੇਵਾ ਕੀਤੀ ਜਾ ਰਹੀ ਹੈ, ਜੋ ਇਲਾਕੇ ਵਿਚ 20 ਕਿਲੋਮੀਟਰ ਦੇ ਘੇਰੇ ਵਿਚ 24 ਘੰਟੇ ਮੁਫ਼ਤ ਸੇਵਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੰਸਥਾ ਵੱਲੋਂ ਗਰੀਬ ਲੋੜਵੰਦਾਂ ਦਾ ਮੁਫ਼ਤ ਇਲਾਜ , ਖੂਨਦਾਨ ਕੈਂਪ , ਗਰੀਬ ਵਿਦਿਆਰਥੀਆ ਨੂੰ ਪੜਾਈ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ। ਨਗਰ ਦੀ ਸਾਫ ਸਫਾਈ ਅਤੇ ਸੰਗਤ ਨੂੰ ਗੁਰੂ ਨਾਲ ਜੋੜਨ ਲਈ ਐਤਵਾਰ ਨੂੰ ਨਾਮ ਅਭਿਆਸ ਕਰਵਾਇਆ ਜਾਂਦਾ। ਗੁਰੂ ਕੀ ਗੋਲਕ, ਗਰੀਬ ਦਾ ਮੁੱਖ’ ਦੀ ਸੋਚ ਨੂੰ ਅਪਣਾਉਂਦੇ ਹੋਏ, ਇਸ ਮੌਕੇ ਇਕੱਠੀ ਹੋਈ ਰਕਮ ਗਰੀਬਾਂ ਦੀ ਸਹਾਇਤਾ ਲਈ ਖਰਚ ਕੀਤੀ ਜਾਂਦੀ ਹੈ। ਸਿੱਖ ਇਤਿਹਾਸ ਦੇ ਪ੍ਰਚਾਰ ਲਈ ਪਿੰਡ ਵਿਚ ਇਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ 40 ਫੀਸਦੀ ਰਾਹਤ ’ਤੇ ਦਿੱਤੀ ਜਾਂਦੀ ਹੈ ਅਤੇ ਕਿਤਾਬਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। 20 ਕਿਲੋਮੀਟਰ ਦੇ ਅੰਦਰ ਇਕ ਅੰਤਿਮ ਯਾਤਰਾ ਵੈਨ ਅਤੇ ਫਾਇਰ ਬ੍ਰਿਗੇਡ ਗੱਡੀ ਦੀ ਮੁਫਤ ਸੇਵਾ ਵੀ ਕੀਤੀ ਜਾਂਦੀ ਹੈ। ਸਤਿਕਾਰ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਲੋੜਵੰਦ ਮਾਪਿਆਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ ਤੇ ਇਸ ਦੇ ਨਾਲ-ਨਾਲ ਇਸ ਮੌਕੇ ਸਿੱਖ ਇਤਿਹਾਸ ਨੂੰ ਪ੍ਰਦਰਸ਼ਿਤ ਕਰਦੀ ਪ੍ਰਦਰਸ਼ਨੀ ਵੀ ਲਗਾਈ ਜਾਂਦੀ ਹੈ, ਜਿਸ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ।
ਇੱਥੇ ਜ਼ਿਕਰਯੋਗ ਹੈ ਕਿ ਸਤਿਕਾਰ ਕਮੇਟੀ ਵੱਲੋਂ ਲੋੜਵੰਦ ਲੜਕੀਆਂ ਦੀ ਆਨੰਦ ਕਾਰਜ ਸਮੇਂ ਦੀ ਕੋਈ ਵੀ ਤਸਵੀਰ ਜਨਤਕ ਨਹੀ ਕੀਤੀ ਜਾਂਦੀ ਅਤੇ ਇਸ ਤੋਂ ਇਲਾਵਾ ਕਮੇਟੀ ਆਗੂ ਜਾਂ ਮੈਂਬਰ ਦਾ ਨਾਮ ਜਨਤਕ ਨਹੀ ਕੀਤਾ ਜਾਂਦਾ। ਇਸ ਕਮੇਟੀ ਵਿਚ ਪਿੰਡ ਦੇ 100 ਦੇ ਕਰੀਬ ਨੌਜਵਾਨ ਸੇਵਾਵਾਂ ਨਿਭਾ ਰਹੇ ਹਨ। ਕੋਠਾਗੁਰੂ ਤੋਂ 20 ਕਿਲੋਮੀਟਰ ਦੇ ਘੇਰੇ ਵਿਚ ਮੁਫਤ ਸੇਵਾਵਾਂ ਦੇਣ ਵਾਲੀ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਇਸ ਉਪਰਾਲੇ ਦੀ ਇਲਾਕੇ ਭਰ ਵਿਚ ਖੂਬ ਸ਼ਲਾਘਾ ਹੋ ਰਹੀ ਹੈ।
-ਬਾਕਸ-
-ਐੱਨਆਰਆਈਜ਼ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਹੀ ਸੇਵਾ
ਭਾਈ ਬਹਿਲੋ ਸਮਾਜ ਸੇਵਾ ਸੁਸਾਇਟੀ ਭਗਤਾ ਭਾਈ ਵੱਲੋਂ ਵੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੀਬ 6 ਸਾਲ ਤੋਂ ਟ੍ਰੈਕਟਰ ਰਾਹੀ ਫਾਇਰ ਬਿਗ੍ਰੇਡ ਚਲਾਈ ਜਾ ਰਹੀ ਹੈ। ਇਸ ਤਰ੍ਹਾਂ ਹੀ ਇਸੇ ਸਾਲ ਭੂਤਾਂ ਵਾਲਾ ਖੂਹ ਕਮੇਟੀ ਭਗਤਾ ਭਾਈ ਵੱਲੋਂ ਐਨਆਰਆਈਜ ਅਤੇ ਨਗਰ ਨਿਵਾਸੀਆਂ ਦੇ ਅਥਾਹ ਸਹਿਯੋਗ ਨਾਲ ਵੱਡੀ ਫਾਇਰ ਬ੍ਰਿਗੇਡ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤੀ ਗਈ ਹੈ। ਲੋਕਾਂ ਦੇ ਸਹਿਯੋਗ ਨਾਲ ਤਿਆਰ ਕੀਤੀਆ ਗਈਆਂ ਇਹ ਦੋਵੇਂ ਫਾਇਰ ਬਿਗ੍ਰੇਡ ਜਿੱਥੇ ਕਣਕ ਦੇ ਸੀਜਨ ਵਿਚ ਅੱਗ ਦੀਆਂ ਘਟਨਾਵਾਂ ’ਤੇ ਕਾਬੂ ਲਈ ਵਰਦਾਨ ਸਾਬਤ ਹੋ ਰਹੀਆ ਹਨ। ਜ਼ਿਕਰਯੋਗ ਹੈ ਕਿ ਉਕਤ ਸੰਸਥਾਵਾਂ ਨਾਲ ਜੁੜੇ ਸੈਕੜੇ ਨੌਜਵਾਨ ਸਮਾਜ ਸੇਵਾ ਵਜੋਂ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਅੱਗ ਲੱਗਣ ਦੀਆਂ ਘਟਨਾਵਾਂ ਸਮੇਂ ਆਪਣੀ ਜਾਨ ਤਲੀ ’ਤੇ ਰੱਖ ਕੇ ਸੇਵਾ ਕਰਦੇ ਹਨ। ਜਿਸ ਕਰਕੇ ਸਥਾਨਕ ਇਲਾਕੇ ਵਿਚ ਇੰਨ੍ਹਾਂ ਅਸਲੀ ਸਮਾਜ ਸੇਵੀ ਸੰਸਥਾਵਾਂ ਦੇ ਉੱਦਮਾ ਦੀ ਖੂਬ ਸ਼ਲਾਘਾ ਹੋ ਰਹੀ ਹੈ।
-ਬਾਕਸ-
-ਸੂਬਾ ਸਰਕਾਰ ਉਕਤ ਸੰਸਥਾਵਾਂ ਦੇ ਆਗੂਆਂ ਦਾ ਕਰੇ ਮਾਣ-ਸਤਿਕਾਰ
ਸਤਿਕਾਰ ਕਮੇਟੀ ਕੋਠਾ ਗੁਰੂ, ਭਾਈ ਬਹਿਲੋ ਸਮਾਜ ਸੇਵਾ ਸੁਸਾਇਟੀ ਭਗਤਾ ਭਾਈ ਅਤੇ ਭੂਤਾਂ ਵਾਲਾ ਖੂਹ ਕਮੇਟੀ ਭਗਤਾ ਭਾਈ ਦੇ ਮੈਂਬਰ ਆਪਣੀ ਜਾਨ ਜੋਖਮ ਵਿਚ ਪਾ ਕੇ ਅੱਗ ਨੂੰ ਕਾਬੂ ਪਾਉਣ ਦਾ ਯਤਨ ਕਰਦੇ ਹਨ, ਉਕਤ ਸੰਸਥਾਵਾਂ ਹਮੇਸ਼ਾ ਤਤਪਰ ਰਹਿਣ ਲਈ ਆਪੋ ਆਪਣੇ ਵ੍ਹਟਸਐਪ ਗਰੁੱਪ ਵੀ ਬਣੇ ਹੋਏ ਹਨ। ਇਨ੍ਹਾਂ ਸੰਸਥਾਵਾਂ ਦੇ ਯਤਨਾਂ ਤੋਂ ਇਲਾਕੇ ਦੇ ਲੋਕ ਖੁਸ਼ ਹਨ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਤਿੰਨੇ ਸੰਸਥਾਵਾਂ ਨੂੰ ਪੰਜਾਬ ਸਰਕਾਰ ਨੇ ਨਾ ਕਦੇ ਕੋਈ ਮਾਲੀ ਮਦਦ ਲਈ ਗ੍ਰਾਂਟ ਦਿੱਤੀ ਹੈ ਅਤੇ ਨਾ ਹੀ ਕਦੇ ਸਰਕਾਰੀ ਤੌਰ ’ਤੇ ਮਾਣ ਸਨਮਾਨ ਦਿੱਤਾ ਹੈ। ਸੂਬਾ ਸਰਕਾਰ ਨੂੰ ਚਾਹੀਦਾ ਹੈ ਉਕਤ ਸੰਸਥਾਵਾਂ ਨੂੰ ਬਣਦਾ ਮਾਣ ਦਿੱਤਾ ਜਾਵੇ ਤਾਂ ਜੋ ਹੋਰ ਸੰਸਥਾਵਾਂ ਉਤਸਾਹ ਨਾਲ ਲੋਕਾਂ ਦੀ ਮਦਦ ਕਰ ਸਕਣ।