ਕੋਟਗੁਰੂ ਵਿਖੇ ਪਏ ਪਾੜ ਨੂੰ ਬੰਦ ਨਾ ਕਰਨ ’ਤੇ ਕਿਸਾਨਾਂ ’ਚ ਰੋਸ
ਕੋਟਗੁਰੂ ਸਬ ਮਾਈਨਰ ਪਿਆ ਪਾੜ, ਸੱਤ ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਕੀਤਾ ਗਿਆ ਬੰਦ
Publish Date: Sun, 01 Mar 2026 06:54 PM (IST)
Updated Date: Mon, 02 Mar 2026 04:11 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿਛਲੇ ਸੱਤ ਦਿਨਾਂ ਤੋਂ ਸਬ ਮਾਈਨਰ ਕੋਟਗੁਰੂ ’ਚ ਪਏ ਪਾੜ ਨੂੰ ਪੂਰਨ ਦੀ ਥਾਂ ਵਿਭਾਗ ਵੱਲੋਂ ਮਾਈਨਰ ਨੂੰ ਬੰਦ ਕਰਕੇ ਖੇਤੀ ਲਈ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਨਹਿਰੀ ਸਪਲਾਈ ਬੰਦ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਕਿਸਾਨਾਂ ਅੰਦਰ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਜ਼ਿਆਦਾ ਤਾਪਮਾਨ ਵੱਧ ਹੋਣ ਕਰਕੇ ਕਣਕ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਲੋੜ ਸੀ, ਪਰ ਵਿਭਾਗ ਵੱਲੋਂ ਆਪਣੀਆਂ ਗਲਤੀਆਂ ਨੂੰ ਛਪਾਉਣ ਲਈ ਉਨ੍ਹਾਂ ਦਾ ਪਾਣੀ ਰੋਕ ਦਿੱਤਾ ਗਿਆ ਹੈ, ਜਿਸ ਨਾਲ ਕਣਕ ਦੀ ਫ਼ਸਲ ਬਰਬਾਦ ਹੋ ਜਾਣ ਦਾ ਖਦਸ਼ਾ ਜ਼ਾਹਿਰ ਹੋ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀ ਸਪਲਾਈ ਜਲਦੀ ਚਾਲੂ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ। ਇਸ ਦੌਰਾਨ ਮੌਕੇ ’ਤੇ ਪੁੱਜੇ ਭਾਕਿਯੂ ਉਗਰਾਹਾਂ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ, ਜਸਕਰਨ ਸਿੰਘ ਗੋਰਾ, ਜਸਮੇਲ ਸਿੰਘ ਕਾਕਾ, ਰਣਧੀਰ ਸਿੰਘ ਧੀਰਾ, ਸੰਦੀਪ ਸਿੰਘ, ਬਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਟਗੁਰੂ, ਘੁੱਦਾ, ਜੱਸੀ ਬਾਗਵਾਲੀ ਤਿੰਨ ਪਿੰਡਾਂ ਦੇ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਡੂੰਮਵਾਲੀ ਰਜਵਾਹੇ ’ਚੋਂ ਨਿਕਲਦੀ ਕੋਟਗੁਰੂ ਕੱਸੀ ਦੀ ਹਾਲਤ ਪਿਛਲੇ 4 ਸਾਲਾਂ ਤੋਂ ਵਿਭਾਗ ਦੀ ਅਣਦੇਖੀ ਕਾਰਨ ਸਫ਼ਾਈ ਨਾ ਹੋਣ ਕਰਕੇ ਬੇਹੱਦ ਮਾੜੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੱਸੀ ਦੇ ਵਾਰ ਵਾਰ ਟੁੱਟਣ ਕਰਕੇ ਨੇੜਲੇ ਖੇਤਾਂ ਵਾਲੇ ਕਈ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆਕੇ ਨੁਕਸਾਨੀਆਂ ਜਾ ਰਹੀਆਂ ਹਨ ਪਰ ਵਿਭਾਗ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ।
ਉਨ੍ਹਾਂ ਦੱਸਿਆ ਕਿ ਲਗਾਤਾਰ ਕਈ ਵਾਰ ਪਹਿਲਾਂ ਵੀ ਕੱਸੀ ’ਚ ਪਏ ਪਾੜਾਂ ਨੂੰ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਪੂਰਿਆ ਗਿਆ ਸੀ ਪਰ ਇਸ ਵਾਰ ਜਿੰਨ੍ਹਾਂ ਕਿਸਾਨਾਂ ਦੀਆਂ ਫਸਲਾਂ ਪਾੜ ਪੈਣ ਨਾਲ ਪਾਣੀ ਦੀ ਮਾਰ ਹੇਠ ਆਕੇ ਬਰਬਾਦ ਹੋ ਰਹੀਆਂ ਸਨ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਪਾੜ ਪੂਰਨ ਤੋਂ ਰੋਕ ਕੇ ਵਿ ਭਾਗ ਨੂੰ ਪੱਕਾ ਹੱਲ ਕਰਨ ਲਈ ਕਹਿ ਕੇ ਪਾਣੀ ਛੱਡਣ ਲਈ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਈਆਂ ਜਾਵੇ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਮਿਲ ਸਕੇ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਵਾਰੇ ਜਦੋਂ ਨਹਿਰੀ ਵਿਭਾਗ ਦੇ ਜੇਈ ਨਾਲ ਫੋਨ ਤੇ ਗੱਲਬਾਤ ਕਰਨੀਂ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।