ਜਾਗਰੂਕਤਾ ਤੇ ਸਖਤ ਕਾਰਵਾਈ ਨਾਲ ਹੀ ਬੰਦ ਹੋ ਸਕਦੀ ਹੈ ਖ਼ੂਨੀ ਡੋਰ
ਜਾਗਰੂਕਤਾ ਅਤੇ ਸਖਤ ਕਾਰਵਾਈ ਨਾਲ ਹੀ ਬੰਦ ਹੋ ਸਕਦੀ ਹੈ ਖੂਨੀ ਡੋਰ
Publish Date: Tue, 13 Jan 2026 07:26 PM (IST)
Updated Date: Wed, 14 Jan 2026 04:12 AM (IST)

-ਬਠਿੰਡਾ ਵਿਖੇ ਇਕ ਹਫ਼ਤੇ ’ਚ ਦੋ ਵਿਅਕਤੀ ਡੋਰ ਦੀ ਲਪੇਟ ’ਚ ਆ ਕੇ ਹੋਏ ਗੰਭੀਰ ਜ਼ਖ਼ਮੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਚਾਈਨਾ ਡੋਰ ਨਾ ਸਿਰਫ਼ ਪੰਛੀਆਂ ਲਈ ਮੌਤ ਦਾ ਕਾਰਨ ਬਣ ਰਹੀ ਹੈ, ਸਗੋਂ ਇਹ ਮਨੁੱਖੀ ਜਾਨਾਂ ਲਈ ਵੀ ਵੱਡਾ ਖ਼ਤਰਾ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਤਿਉਹਾਰੀ ਮੌਸਮ ਖ਼ਾਸ ਕਰਕੇ ਬਸੰਤ ਪੰਚਮੀ ਦੇ ਆਸ-ਪਾਸ ਚਾਈਨਾ ਡੋਰ ਦੀ ਵਰਤੋਂ ਵਧ ਜਾਂਦੀ ਹੈ। ਇਹ ਡੋਰ ਨਾਇਲੋਨ ਤੇ ਰਸਾਇਣਕ ਪਦਾਰਥਾਂ ਨਾਲ ਬਣੀ ਹੋਣ ਕਰ ਕੇ ਬਹੁਤ ਤੇਜ਼ ਤੇ ਘਾਤਕ ਹੁੰਦੀ ਹੈ। ਇਸ ਕਾਰਨ ਕਈ ਪੰਛੀਆਂ ਤੇ ਮਨੁੱਖਾਂ ਦੀਆਂ ਗਰਦਨਾਂ ਕੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਵਾਰ ਬੇਜ਼ੁਬਾਨ ਪੰਛੀ ਰੁੱਖਾਂ, ਬਿਜਲੀ ਦੀਆਂ ਤਾਰਾਂ ਜਾਂ ਇਮਾਰਤਾਂ ਵਿਚ ਫਸ ਕੇ ਤੜਫ਼-ਤੜਫ਼ ਕੇ ਆਪਣੀ ਜਾਨ ਗੁਆ ਬੈਠਦੇ ਹਨ, ਜੋ ਮਨੁੱਖਤਾ ਲਈ ਸ਼ਰਮਨਾਕ ਗੱਲ ਹੈ। ਚਾਇਨਾ ਡੋਰ ਨਾਲ ਸਿਰਫ਼ ਪੰਛੀ ਹੀ ਨਹੀਂ, ਸਗੋਂ ਆਮ ਲੋਕ ਵੀ ਅਸੁਰੱਖਿਅਤ ਹਨ। ਖ਼ਾਸ ਕਰਕੇ ਦੋ ਪਹੀਆ ਵਾਹਨਾਂ ’ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਇਹ ਡੋਰ ਮੌਤ ਦਾ ਫੰਦਾ ਬਣ ਸਕਦੀ ਹੈ। ਕਈ ਮਾਮਲਿਆਂ ਵਿੱਚ ਇਹ ਡੋਰ ਗਲ, ਚਿਹਰੇ ਜਾਂ ਹੱਥਾਂ ’ਤੇ ਵੱਜਣ ਨਾਲ ਗੰਭੀਰ ਜ਼ਖ਼ਮ ਹੋਏ ਹਨ ਅਤੇ ਕੁਝ ਹਾਦਸਿਆਂ ਵਿੱਚ ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਹੈ। -ਚਾਈਨਾ ਡੋਰ ਜਾਨਲੇਵਾ, ਇਸ ਤੋਂ ਦੂਰ ਰਹਿਣਾ ਹੀ ਸਮਝਦਾਰੀ : ਸੋਨੂ ਮਹੇਸ਼ਵਰੀ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਚਾਈਨਾ ਡੋਰ ਮਨੋਰੰਜਨ ਨਹੀਂ, ਸਗੋਂ ਇਕ ਜਾਨਲੇਵਾ ਖ਼ਤਰਾ ਹੈ। ਹਰ ਸਾਲ ਚਾਈਨਾ ਡੋਰ ਕਾਰਨ ਬੇਗੁਨਾਹ ਲੋਕ, ਖ਼ਾਸ ਕਰਕੇ ਬੱਚੇ ਅਤੇ ਦੋ ਪਹੀਆ ਵਾਹਨ ਚਾਲਕ ਗੰਭੀਰ ਜ਼ਖ਼ਮੀ ਹੁੰਦੇ ਹਨ ਜਾਂ ਆਪਣੀ ਜਾਨ ਗਵਾ ਬੈਠਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵੱਲੋਂ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਣ ਦੇ ਬਾਵਜੂਦ ਇਸਦੀ ਵਰਤੋਂ ਚਿੰਤਾਜਨਕ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਵਰਤਣ ਤੋਂ ਪਰਹੇਜ਼ ਕਰਨ ਅਤੇ ਸਮਾਜ ਦੀ ਸੁਰੱਖਿਆ ਲਈ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਨੌਜਵਾਲ ਵੈੱਲਫੇਅਰ ਸੁਸਾਇਟੀ ਹਰ ਸਾਲ ਚਾਇਨਾ ਡੋਰ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਦੀ ਆ ਰਹੀ ਹੈ। -ਲਾਪਰਵਾਹੀ ਇਕ ਜਾਨ ਨੂੰ ਖ਼ਤਮ ਕਰ ਸਕਦੀ ਹੈ: ਹਰ ਮਿਲਾਪ ਸਿੰਘ ਗਰੇਵਾਲ ਸਮਾਜ ਸੇਵੀ ਹਰਮਿਲਾਪ ਸਿੰਘ ਗਰੇਵਾਲ ਨੇ ਕਿਹਾ ਕਿ ਚਾਈਨਾ ਡੋਰ ਦੀ ਵਰਤੋਂ ਸਿਰਫ਼ ਕਾਨੂੰਨ ਦੀ ਉਲੰਘਣਾ ਹੀ ਨਹੀਂ, ਸਗੋਂ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਹੈ। ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਦੇ ਸ਼ੌਂਕ ਵਿੱਚ ਲੋਕ ਇਹ ਭੁੱਲ ਜਾਂਦੇ ਹਨ ਕਿ ਇਹ ਡੋਰ ਕਿਸੇ ਦੀ ਗਰਦਨ ਕੱਟ ਸਕਦੀ ਹੈ ਜਾਂ ਪੰਛੀਆਂ ਦੀ ਜ਼ਿੰਦਗੀ ਖ਼ਤਮ ਕਰ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਚਾਇਨਾ ਡੋਰ ਦੀ ਵਰਤੋਂ ਨਾਂ ਕਰਨ ਦੇਣ। -ਕਾਨੂੰਨ ਮੌਜੂਦ ਹੈ, ਲਾਗੂ ਕਰਨ ਦੀ ਲੋੜ ਸਮਾਜ ਸੇਵੀ ਰਤਨ ਸ਼ਰਮਾ ਮਲੂਕਾ ਨੇ ਕਿਹਾ ਕਿ ਚਾਈਨਾ ਡੋਰ ’ਤੇ ਪਾਬੰਦੀ ਲਈ ਕਾਨੂੰਨ ਪਹਿਲਾਂ ਹੀ ਮੌਜੂਦ ਹੈ, ਪਰ ਇਸਦੀ ਸਖ਼ਤੀ ਨਾਲ ਪਾਲਣਾ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਈਨਾ ਡੋਰ ਦੀ ਵਿਕਰੀ, ਸਟੋਰੇਜ ਅਤੇ ਆਨਲਾਈਨ ਸਪਲਾਈ ’ਤੇ ਵੀ ਨਿਗਰਾਨੀ ਵਧਾਉਣੀ ਚਾਹੀਦੀ ਹੈ। ਕਹਿਣਾ ਹੈ ਕਿ ਚਾਇਨਾ ਡੋਰ ਵਿਰੁੱਧ ਮੁਹਿੰਮ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਲੋਕ ਸਹਿਯੋਗ ਕਰਨ ਅਤੇ ਚਾਇਨਾ ਡੋਰ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਤਿਆਗ ਦੇਣ, ਤਾਂ ਨਾ ਸਿਰਫ਼ ਕਈ ਬੇਜ਼ੁਬਾਨ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ, ਸਗੋਂ ਮਨੁੱਖੀ ਜਾਨਾਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ। -ਚਾਈਨਾ ਡੋਰ ਵਿਰੁੱਧ ਸਮਾਜਿਕ ਮੁਹਿੰਮ ਦੀ ਲੋੜ : ਰਾਕੇਸ਼ ਨਰੂਲਾ ਸਮਾਜ-ਸੇਵੀ ਰਾਕੇਸ਼ ਨਰੂਲਾ ਨੇ ਕਿਹਾ ਕਿ ਚਾਈਨਾ ਡੋਰ ਨੂੰ ਸਿਰਫ਼ ਪੁਲਿਸ ਕਾਰਵਾਈ ਨਾਲ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ, ਸਮਾਜਿਕ ਅਤੇ ਸਿੱਖਿਆ ਸੰਸਥਾਵਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਇਸਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਸੁਰੱਖਿਅਤ ਧਾਗੇ ਦੀ ਵਰਤੋਂ ਕਰਨ ਤੇ ਕਿਸੇ ਵੀ ਕੀਮਤ ’ਤੇ ਚਾਈਨਾ ਡੋਰ ਦੀ ਵਰਤੋਂ ਨਾ ਕਰਨ।