- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤੰਗ ਖਰੀਦਣ ਨੂੰ ਲੈ ਕੇ ਦੁਕਾਨਦਾਰ ਅਤੇ ਨੌਜਵਾਨਾਂ ਵਿਚ ਹੋਈ ਖੂਨੀ ਝੜਪ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣਬਠਿੰਡਾ
ਸਥਾਨਕ ਸ਼ਹਿਰ ਦੇ ਕਿਲ੍ਹਾ ਰੋਡ ਇਲਾਕੇ ਵਿਚ ਪਤੰਗ ਖਰੀਦਣ ਨੂੰ ਲੈ ਕੇ ਇਕ ਦੁਕਾਨਦਾਰ ਅਤੇ ਕੁਝ ਨੌਜਵਾਨਾਂ ਦਰਮਿਆਨ ਹੋਇਆ ਵਿਵਾਦ ਉਸ ਸਮੇਂ ਹਿੰਸਕ ਰੂਪ ਧਾਰ ਗਿਆ, ਜਦੋਂ ਦੋਹਾਂ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ। ਇਸ ਘਟਨਾ ਵਿਚ ਦੋਹਾਂ ਧਿਰਾਂ ਦੇ ਕਈ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਐੱਸਐੱਚਓ ਪਰਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ 17 ਜਨਵਰੀ ਨੂੰ ਕੁਝ ਨੌਜਵਾਨ ਕਿਲ੍ਹਾ ਰੋਡ ਸਥਿਤ ਇਕ ਦੁਕਾਨ ’ਤੇ ਪਤੰਗ ਖਰੀਦਣ ਲਈ ਗਏ ਸਨ।
ਇਸ ਦੌਰਾਨ ਪਤੰਗ ਵੇਖਦੇ ਸਮੇਂ ਨੌਜਵਾਨਾਂ ਵੱਲੋਂ ਇਕ ਪਤੰਗ ਫੱਟ ਗਿਆ। ਇਸ ਗੱਲ ਨੂੰ ਲੈ ਕੇ ਦੁਕਾਨਦਾਰ ਅਤੇ ਨੌਜਵਾਨਾਂ ਵਿਚਾਲੇ ਪਹਿਲਾਂ ਤਕਰਾਰ ਹੋਈ, ਜੋ ਕੁਝ ਹੀ ਸਮੇਂ ਵਿਚ ਹੱਥੋਪਾਈ ਵਿਚ ਬਦਲ ਗਈ। ਝੜਪ ਦੌਰਾਨ ਦੁਕਾਨਦਾਰ ਅਤੇ ਉਸਦਾ ਪੁੱਤਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਮਾਜ-ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਦਾਖ਼ਲ ਦੁਕਾਨਦਾਰ ਰਾਕੇਸ਼ ਕੁਮਾਰ (47) ਪੁੱਤਰ ਮਹੇਸ਼ ਕੁਮਾਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਸਮੇਂ ਤਿੰਨ-ਚਾਰ ਲੜਕੇ ਉਸਦੀ ਦੁਕਾਨ ‘ਤੇ ਪਤੰਗ ਖਰੀਦਣ ਆਏ ਸਨ ਅਤੇ ਪਤੰਗ ਦੇਖਦੇ ਦੇਖਦੇ ਉਨ੍ਹਾਂ ਨੇ ਪਤੰਗਾਂ ਫਾੜਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਗੱਲ ਦਾ ਵਿਰੋਧ ਕੀਤਾ। ਇਸ ਦੌਰਾਨ ਗੁੱਸੇ ਵਿਚ ਆ ਕੇ ਨੌਜਵਾਨਾਂ ਨੇ ਲੋਹੇ ਦੇ ਰਾਡ ਨਾਲ ਹਮਲਾ ਕਰਕੇ ਰਾਕੇਸ਼ ਕੁਮਾਰ ਅਤੇ ਉਸਦੇ ਪੁੱਤਰ ਅੰਕਿਤ (22) ਨੂੰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਅੰਕਿਤ ਦੇ ਸਿਰ ’ਚ ਗੰਭੀਰ ਸੱਟ ਲੱਗੀ ਜਦਕਿ ਰਾਕੇਸ਼ ਕੁਮਾਰ ਦਾ ਹੱਥ ਟੁੱਟ ਗਿਆ। ਘਟਨਾ ਮਗਰੋਂ ਇਲਾਕੇ ਵਿਚ ਅਫ਼ਰਾ-ਤਫ਼ਰੀ ਮਚ ਗਈ ਅਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਬਚਾਅ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤਦ ਤਕ ਦੋਹਾਂ ਧਿਰਾਂ ਨੂੰ ਕਾਫ਼ੀ ਸੱਟਾਂ ਲੱਗ ਚੁੱਕੀਆਂ ਸਨ। ਘਟਨਾ ਤੋਂ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਇਸ ਉਪਰੰਤ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ। ਥਾਣਾ ਕੋਤਵਾਲੀ ਦੇ ਐੱਸਐੱਚਓ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਸਹੀ ਕਾਰਨਾਂ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਪੂਰੀ ਹੋਣ ਉਪਰੰਤ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਲਾਕੇ ’ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।