ਖਾਲਸਾ ਸਕੂਲ ਦੇ ਪ੍ਰਿੰਸੀਪਲ ਤੇ ਖਾਲਸਾ ਦੀਵਾਨ ਗੁਰੂ ਸਿੰਘ ਸਭਾ ਵਿਚਾਲੇ ਵਿਵਾਦ ਭਖਿਆ
ਖਾਲਸਾ ਸਕੂਲ ਦੇ ਪ੍ਰਿੰਸੀਪਲ ਅਤੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਿਚਕਾਰ ਵਿਵਾਦ ਗੰਭੀਰ
Publish Date: Tue, 10 Feb 2026 04:51 PM (IST)
Updated Date: Wed, 11 Feb 2026 04:02 AM (IST)

-ਪੁਲਿਸ ਵੱਲੋਂ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਣੇ ਚਾਰ ਖ਼ਿਲਾਫ਼ ਕੇਸ ਦਰਜ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਖਾਲਸਾ ਸਕੂਲ ਦੇ ਪ੍ਰਿੰਸੀਪਲ, ਸਟਾਫ਼ ਅਤੇ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਦਰਮਿਆਨ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਵਿਵਾਦ ਹੁਣ ਹੋਰ ਗੰਭੀਰ ਰੂਪ ਧਾਰਨ ਕਰ ਗਿਆ ਹੈ। ਦੋਵੇਂ ਧਿਰਾਂ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਕਈ ਵਾਰ ਦੋਵੇਂ ਪਾਸੇ ਆਹਮੋ-ਸਾਹਮਣੇ ਵੀ ਹੋ ਚੁੱਕੇ ਹਨ। ਇਸ ਵਿਵਾਦ ਕਾਰਨ ਪੁਲਿਸ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਭਾਈ ਹਰਦੀਪਕ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਇਹ ਵਿਵਾਦ ਵਧਣ ਦੀ ਸੰਭਾਵਨਾ ਬਣ ਗਈ ਹੈ। ਪੁਲਿਸ ਮੁਤਾਬਕ ਭਾਈ ਹਰਦੀਪਕ ਸਿੰਘ ਤੇ ਉਸ ਦੇ ਸਾਥੀਆਂ ਜਗਜੀਤ ਸਿੰਘ ਪੁੱਤਰ ਨਰ ਸਿੰਘ ਵਾਸੀ ਸਿਵਲ ਲਾਇਨ, ਕਰਮਜੀਤ ਸਿੰਘ ਮਾਲਕ ਕੇਕੇ ਮੈਡੀਕਲ ਸਟੋਰ ਤੇ ਪ੍ਰਿਤਪਾਲ ਸਿੰਘ ਸੇਵਾਮੁਕਤ ਅਧਿਆਪਕ ਪੁੱਤਰ ਗੁਰਚਰਨ ਸਿੰਘ ਵਾਸੀ ਅਜੀਤ ਰੋਡ ਬਠਿੰਡਾ ਉੱਤੇ ਖਾਲਸਾ ਸਕੂਲ ਦੇ ਪ੍ਰਿੰਸੀਪਲ ਦੇ ਕਮਰੇ ਦਾ ਤਾਲਾ ਤੋੜਨ, ਅਧਿਆਪਕਾਂ ਨਾਲ ਮਾੜੀ ਸ਼ਬਦਾਵਲੀ ਵਰਤਣ ਤੇ ਸਕੂਲ ਦਾ ਮਹੱਤਵਪੂਰਨ ਰਿਕਾਰਡ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਇਹ ਮਾਮਲਾ ਗੁਰਜੰਟ ਸਿੰਘ ਡੀਪੀ ਹੈਂਡਬਾਲ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਖਾਲਸਾ ਸਕੂਲ ਦੇ ਪ੍ਰਿੰਸੀਪਲ ਤੇ ਗੁਰਦੁਆਰਾ ਸਿੰਘ ਸਭਾ ਕਮੇਟੀ ਵਿਚਕਾਰ ਸਕੂਲ ਦੇ ਪ੍ਰਸ਼ਾਸਨ, ਆਰਥਿਕ ਮਾਮਲਿਆਂ ਤੇ ਹੱਕਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ। ਦੋਵੇਂ ਧਿਰਾਂ ਵੱਲੋਂ ਇਕ-ਦੂਜੇ ’ਤੇ ਮਨਮਰਜ਼ੀ, ਗਲਤ ਫੈਸਲੇ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਵਿਵਾਦ ਇਸ ਹੱਦ ਤਕ ਵਧ ਗਿਆ ਕਿ ਦੋਵੇਂ ਪਾਸਿਆਂ ਵੱਲੋਂ ਵੱਖ-ਵੱਖ ਸਮਿਆਂ ’ਤੇ ਧਰਨੇ ਲਗਾਏ ਗਏ ਅਤੇ ਇਕ-ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਸਕੂਲ ਸਟਾਫ਼ ਨੇ ਦੋਸ਼ ਲਗਾਇਆ ਕਿ ਕਮੇਟੀ ਵੱਲੋਂ ਸਕੂਲ ਦੇ ਅੰਦਰੂਨੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਨਾਲ ਪੜ੍ਹਾਈ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਉੱਥੇ ਹੀ ਗੁਰਦੁਆਰਾ ਸਿੰਘ ਸਭਾ ਕਮੇਟੀ ਦਾ ਕਹਿਣਾ ਰਿਹਾ ਹੈ ਕਿ ਸਕੂਲ ਪ੍ਰਬੰਧਨ ਉਨ੍ਹਾਂ ਨੂੰ ਜਾਣਕਾਰੀ ਨਹੀਂ ਦੇ ਰਿਹਾ ਅਤੇ ਕਈ ਮਾਮਲਿਆਂ ਵਿੱਚ ਪਾਰਦਰਸ਼ਿਤਾ ਦੀ ਘਾਟ ਹੈ। ਪ੍ਰਬੰਧਕੀ ਕਮੇਟੀ ਨੇ ਸਕੂਲ ਦੇ ਪ੍ਰਿੰਸੀਪਲ ਤੋਂ ਪੈਸਿਆਂ ਦਾ ਹਿਸਾਬ ਕਿਤਾਬ ਮੰਗਿਆ ਸੀ, ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ। ਪ੍ਰਿੰਸੀਪਲ ਜਗਤਾਰ ਸਿੰਘ ਤੋਂ ਰਿਕਾਰਡ ਦੀ ਮੰਗ ਕੀਤੀ ਗਈ ਪਰ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਬੰਧਕੀ ਕਮੇਟੀ ਨੇ ਜਗਤਾਰ ਸਿੰਘ ਨੂੰ ਮੁਅੱਤਲ ਕਰਕੇ ਉਸਦੀ ਜਗ੍ਹਾ ਹੋਰ ਪ੍ਰਿੰਸੀਪਲ ਨਿਯੁਕਤ ਕਰ ਦਿੱਤਾ ਹੈ, ਪਰ ਉਕਤ ਵਿਅਕਤੀ ਧੱਕੇ ਨਾਲ ਪ੍ਰਿੰਸੀਪਲ ਦੀ ਕੁਰਸੀ ਉਪਰ ਬੈਠਾ ਹੋਇਆ ਹੈ। ਕੁੱਝ ਦਿਨ ਪਹਿਲਾਂ ਬਠਿੰਡਾ ਦੇ ਤਹਿਸੀਲਦਾਰ ਨੇ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਨੂੰ ਲਿਖਤੀ ਰੂਪ ’ਚ ਦਿੱਤਾ ਸੀ ਕਿ ਇਹ ਮਸਲਾ ਪੰਜ ਦਿਨਾਂ ਵਿਚ ਹੱਲ ਕੀਤਾ ਜਾਵੇਗਾ, ਪਰ ਇਸਦੇ ਬਾਵਜ਼ੂਦ ਉਨ੍ਹਾਂ ਖਿਲਾਫ਼ ਹੀ ਕੇਸ ਦਰਜ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਗੁਰਜੰਟ ਸਿੰਘ ਡੀਪੀ ਹੈਂਡਬਾਲ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿੱਚ ਦੱਸਿਆ ਕਿ ਕਮੇਟੀ ਦੇ ਕੁਝ ਮੈਂਬਰਾਂ ਨੇ ਜ਼ਬਰਦਸਤੀ ਸਕੂਲ ਪ੍ਰੰਗਣ ’ਚ ਦਾਖ਼ਲ ਹੋ ਕੇ ਪ੍ਰਿੰਸੀਪਲ ਦੇ ਕਮਰੇ ਦਾ ਜਿੰਦਰੇ ਤੋੜਿਆ। ਇਸ ਦੌਰਾਨ ਅਧਿਆਪਕਾਂ ਨਾਲ ਗਾਲੀ-ਗਲੌਚ ਕੀਤੀ ਤੇ ਸਕੂਲ ਦੇ ਦਫ਼ਤਰੀ ਦਸਤਾਵੇਜ਼ ਵੀ ਆਪਣੇ ਨਾਲ ਲੈ ਗਏ। ਇਹ ਰਿਕਾਰਡ ਸਕੂਲ ਲਈ ਬਹੁਤ ਹੀ ਮਹੱਤਵਪੂਰਨ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਭਾਈ ਹਰਦੀਪਕ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਸਬੂਤਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਫਿਲਹਾਲ ਇਹ ਮਾਮਲਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਨਜ਼ਰ ਪੁਲਿਸ ਜਾਂਚ ’ਤੇ ਟਿਕੀ ਹੋਈ ਹੈ ਕਿ ਇਹ ਵਿਵਾਦ ਕਿਸ ਦਿਸ਼ਾ ਵੱਲ ਜਾਂਦਾ ਹੈ।