ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹੱਲਾ ਅੱਜ ਕੱਢਿਆ ਜਾਵੇਗਾ
ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਮਹੱਲਾ ਅੱਜ ਕੱਢਿਆ ਜਾਵੇਗਾ
Publish Date: Tue, 14 Apr 2026 06:16 PM (IST)
Updated Date: Wed, 15 Apr 2026 04:09 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ : ਬੁੱਢਾ ਦਲ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਰੱਖੇ ਗਏ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਨਾਲ ਪਾਏ ਗਏ। ਇਸ ਉਪਰੰਤ ਗੁਰਬਾਣੀ ਦਾ ਮਨਮੋਹਕ ਕੀਰਤਨ ਬਾਬਾ ਮੱਘਰ ਸਿੰਘ ਮੁਖ ਗ੍ਰੰਥੀ ਬੁੱਢਾ ਦਲ ਵੱਲੋਂ ਕੀਤਾ ਗਿਆ, ਜਦਕਿ ਅਰਦਾਸ ਬਾਬਾ ਸੁਖਵਿੰਦਰ ਸਿੰਘ ਮੌਰ ਨੇ ਕੀਤੀ। ਬੁੱਢਾ ਦਲ ਦੇ ਮੈਨੇਜਰ ਪਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਸਬੰਧ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ਦੇ ਆਖਰੀ ਦਿਨ ਵਿਸ਼ਾਲ ਮਹੱਲਾ ਕੱਢਿਆ ਜਾਵੇਗਾ। ਮਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਪੁਰਾਤਨ ਰਵਾਇਤਾਂ ਅਨੁਸਾਰ ਨਿਕਲਿਆ ਜਾਵੇਗਾ। ਮਹੱਲੇ ਦੀ ਸ਼ੁਰੂਆਤ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਸ੍ਰੀ ਦਸਮ ਗ੍ਰੰਥ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਜੀ ਦੇ ਪਾਠਾਂ ਦੇ ਭੋਗਾਂ ਤੋਂ ਬਾਅਦ ਹੋਵੇਗੀ। ਇਸ ਦੌਰਾਨ ਮਹੱਲਾ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਜੰਡਸਰ ਅਤੇ ਗੁਰਦੁਆਰਾ ਮਹੱਲਸਰ ਸਾਹਿਬ ਵਿਖੇ ਮੱਥਾ ਟੇਕਦਾ ਹੋਇਆ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦੇ ਸਾਹਮਣੇ ਮੈਦਾਨ ’ਚ ਪੁੱਜੇਗਾ। ਸਮਾਗਮ ’ਚ ਵੱਖ-ਵੱਖ ਤਰਨਾ ਦਲਾਂ ਦੇ ਜਥੇਦਾਰਾਂ ਸਮੇਤ ਨਿਹੰਗ ਸਿੰਘਾਂ ਦੀਆਂ ਅਕਾਲੀ ਫੌਜਾਂ ਰਵਾਇਤੀ ਬਾਣਿਆਂ ਅਤੇ ਸ਼ਸਤਰਾਂ ਨਾਲ, ਘੋੜਿਆਂ, ਹਾਥੀਆਂ ਤੇ ਊਠਾਂ ‘ਤੇ ਸਵਾਰ ਹੋ ਕੇ ਭਾਗ ਲੈਣਗੀਆਂ। ਖੁੱਲ੍ਹੇ ਮੈਦਾਨ ’ਚ ਨਿਹੰਗ ਸਿੰਘਾਂ ਵੱਲੋਂ ਘੋੜ ਦੌੜਾਂ ਅਤੇ ਜੰਗਜੂ ਗੱਤਕੇ ਦੇ ਦਿਲਚਸਪ ਜੌਹਰ ਵੀ ਵਿਖਾਏ ਜਾਣਗੇ।