ਕਵੀ ਦਰਬਾਰ ਦੌਰਾਨ ਸਾਦਿਕ ਪਬਲੀਕੇਸ਼ਨਜ਼ ਵੱਲੋਂ 7 ਪੁਸਤਕਾਂ ਲੋਕ ਅਰਪਣ
ਸਾਦਿਕ ਪਬਲੀਕੇਸ਼ਨਜ਼ ਵੱਲੋਂ 7 ਪੁਸਤਕਾਂ ਲੋਕ ਅਰਪਿਤ
Publish Date: Mon, 16 Feb 2026 05:44 PM (IST)
Updated Date: Tue, 17 Feb 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਾਹਿਤਕ ਗਤੀਵਿਧੀਆਂ ਦੇ ਕੇਂਦਰ ਵਜੋਂ ਪ੍ਰਸਿੱਧ ਟੀਚਰਜ਼ ਹੋਮ, ਬਠਿੰਡਾ ਵਿਚ ਸਾਦਿਕ ਪਬਲੀਕੇਸ਼ਨਜ਼ ਵੱਲੋਂ ਕਲਮਾਂ ਦੇ ਵਾਰ ਸਾਹਿਤਕ ਮੰਚ, ਸਾਹਨੇਵਾਲ (ਲੁਧਿਆਣਾ) ਦੇ ਸਹਿਯੋਗ ਨਾਲ ਪੁਸਤਕ ਲੋਕ ਅਰਪਣ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪਰਵਾਸੀ ਸ਼ਾਇਰ ਸੰਤੋਖ ਮਿਨਹਾਸ ਨੇ ਕੀਤੀ, ਜਦਕਿ ਪ੍ਰਿੰਸੀਪਲ ਮੋਨਿਕਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ “ਸ਼ਬਦ ਸੁਨੇਹੇ”, “ਦੋ ਪਲ”, “ਕੰਧਾਂ ’ਤੇ ਮੋਰ”, “ਦਾਨਿਸ਼ ਬਾਲ ਹਾਇਕੂ ਸੰਸਾਰ”, “ਅਦਿੱਖ ਕਲਮ” ਅਤੇ “ਪੇਂਡੂ ਬਾਣੀ” ਸਮੇਤ 7 ਅਹਿਮ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ। ਨਾਲ ਹੀ ਸੰਤੋਖ ਮਿਨਹਾਸ ਦੀ ਤੀਜੀ ਕਾਵਿ ਪੁਸਤਕ “ਸ਼ਬਦ ਜੀਓ ਹੈ” ਅਤੇ ਉਨ੍ਹਾਂ ਦੀ ਸੰਪਾਦਨਾ ਹੇਠ ਕੈਲਿਫੋਰਨੀਆ ਤੋਂ ਪ੍ਰਕਾਸ਼ਿਤ ਰਸਾਲਾ “ਪੰਜਾਬੀਅਤ” ਵੀ ਰਿਲੀਜ਼ ਕੀਤਾ ਗਿਆ। ਡਾ. ਨਵਦੀਪ ਕੌਰ ਨੇ ਪੁਸਤਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰਚਨਾਵਾਂ ਨਿੱਜੀ ਭਾਵਾਂ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਨੂੰ ਵੀ ਉਜਾਗਰ ਕਰਦੀਆਂ ਹਨ। ਗੁਰਦੇਵ ਖੋਖਰ ਨੇ ਨਵੇਂ ਕਵੀਆਂ ਨੂੰ ਗੁਰਮਤਿ ਅਤੇ ਸੂਫ਼ੀ ਕਾਵਿ ਦੇ ਅਧਿਐਨ ਦੀ ਸਲਾਹ ਦਿੱਤੀ। ਸੰਤੋਖ ਮਿਨਹਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਏਆਈ ਮਨੁੱਖੀ ਅਹਿਸਾਸਾਂ ਦੀ ਥਾਂ ਨਹੀਂ ਲੈ ਸਕਦੀ ਅਤੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਰੁਬਰੂ ਕਰਵਾਇਆ। ਕਵੀ ਦਰਬਾਰ ਦੌਰਾਨ ਕਈ ਕਵੀਆਂ ਨੇ ਆਪਣੀ ਰਚਨਾਤਮਕ ਪੇਸ਼ਕਾਰੀ ਨਾਲ ਸਮਾਗਮ ਨੂੰ ਰੰਗੀਨ ਬਣਾਇਆ। ਅੰਤ ਵਿਚ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਅਤੇ ਸੰਤੋਖ ਮਿਨਹਾਸ ਨੂੰ ਵਿਸ਼ੇਸ਼ ਤੌਰ ‘ਤੇ ਸ਼ਾਲ ਅਤੇ ਯਾਦਗਾਰੀ ਚਿੰਨ ਭੇਟ ਕੀਤਾ ਗਿਆ। ਇਸ ਉਪਰੰਤ ਜਗਜੀਤ ਸਿੰਘ ਕਾਉਣੀ, ਸੁਭਾਸ਼ ਸੋਲੰਕੀ, ਸ਼ਾਯਰ ਅਲੀ, ਮੀਤ ਬਠਿੰਡਾ, ਜਸਵੀਰ ਭਾਈਰੂਪਾ, ਕੁਲਦੀਪ ਮਨੂ, ਰਾਜਿੰਦਰ ਸਰਾਵਾਂ, ਜਸਕਰਨ ਜੱਸ, ਮਨਪ੍ਰੀਤ ਕੌਰ ਠੀਕਰੀਵਾਲਾ, ਕੁਲਦੀਪ ਸਿੰਘ ਦੀਪ, ਜਸਵਿੰਦਰ ਸਿੰਘ ਸੰਗਤ, ਐਡਵੋਕੇਟ ਅਮਨਦੀਪ ਕੌਰ, ਰਾਮ ਸਿੰਘ ਪਾਠਕ, ਜੱਸੀ ਧਰੌੜ ਸਾਹਨੇਵਾਲ, ਰਣਬੀਰ ਸਿੰਘ ਪ੍ਰਿੰਸ, ਮਨਪ੍ਰੀਤ ਕੌਰ ਜੱਸਲ, ਜੱਸੀ ਜੱਸਲ, ਸਿਕੰਦਰ ਮਾਨਵ ,ਆਸਿਫ਼ ਅਲੀ ਮਹਿੰਦਰੂ, ਗੁਰਦੀਪ ਭਾਵਾ, ਕਾਲਾ ਸਰਾਵਾਂ ਅਤੇ ਰੁਪਿੰਦਰ ਸਿੰਘ ਨਿਵਾਹੂ ਨੇ ਆਪਣੀ ਨਵੇਂ ਭਾਵ ਬੋਧ ਦੀ ਸ਼ਾਇਰੀ ਨਾਲ ਸਰੋਤਿਆਂ ਦੇ ਮਨਾਂ ਨੂੰ ਸਰਸ਼ਾਰ ਕੀਤਾ।