ਕਮਲਪ੍ਰੀਤ ਕੌਰ ਤੇ ਅਬਜੀਤ ਸਿੰਘ ਬਣੇ ਮਿਸ ਤੇ ਮਿਸਟਰ ਫੇਅਰਵੈੱਲ
ਬੀਆਰਸੀ ਸਕੂਲ ਦੇ ਵਿਦਿਆਰਥੀਆ ਨੂੰ ਵਿਦਾਇਗੀ ਪਾਰਟੀ ਦਿੱਤੀ
Publish Date: Sun, 15 Feb 2026 04:52 PM (IST)
Updated Date: Mon, 16 Feb 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਵਿਦਿਆਰਥੀਆਂ ਲਈ ਸਕੂਲੀ ਸਿੱਖਿਆ ਬਹੁਤ ਜ਼ਰੂਰੀ ਹੁੰਦੀ ਹੈ। ਇਕ ਛੋਟਾ ਬੱਚਾ ਘਰ ਤੋਂ ਬਾਅਦ ਆਪਣਾ ਪਰਿਵਾਰ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਹੀ ਮੰਨਦਾ ਹੈ। ਉਹ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਸਕੂਲ ਵਿਚ ਹੀ ਬਤੀਤ ਕਰਦਾ ਹੈ। ਇੱਥੇ ਉਸ ਨਾਲ ਬਹੁਤ ਸਾਰੀਆਂ ਖੱਟੀਆਂ-ਮਿੱਠੀਆ ਯਾਦਾਂ ਜੁੜ ਜਾਂਦੀਆ ਹਨ। ਸਕੂਲੀ ਪੜ੍ਹਾਈ ਖ਼ਤਮ ਹੋਣ ’ਤੇ ਉਸ ਨੂੰ ਆਪਣਾ ਇਹ ਪਰਿਵਾਰ ਛੱਡਣਾ ਪੈਂਦਾ ਹੈ। ਬਾਰ੍ਹਵੀਂ ਜਮਾਤ ਤੋਂ ਬਾਅਦ ਉਹ ਜ਼ਿੰਦਗੀ ਦੇ ਅਸਲੀ ਪੜਾਅ ਵੱਲ ਵਧਣਾ ਸ਼ੁਰੂ ਕਰ ਦਿੰਦਾ ਹੈ।
ਸਕੂਲ ਆਪਣੇ ਇਨ੍ਹਾਂ ਪਿਆਰੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇ ਕੇ ਬੜੇ ਪਿਆਰ ਨਾਲ ਵਿਦਿਆ ਕਰਦਾ ਹੈ। ਬੀਆਰਸੀ ਕਾਨਵੈਂਟ ਸਕੂਲ ਸਮਾਧ ਭਾਈ ਦੇ 12ਵੀਂ ਜਮਾਤ ਦੇ ਵਿਦਿਆਰਥੀਆ ਨੂੰ ਵੀ ਵਿਦਾਇਗੀ ਪਾਰਟੀ ਦੇ ਕੇ ਵਿਦਿਆ ਕੀਤਾ ਗਿਆ। 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਨ੍ਹਾਂ ਵਿਦਿਆਰਥੀਆਂ ਲਈ ਬਹੁਤ ਸੋਹਣੇ ਢੰਗ ਦਾ ਪ੍ਰੋਗਰਾਮ ਕਰਵਾਇਆ। ਵਿਦਿਆਰਥੀਆ ਵੱਲੋਂ ਗੀਤ, ਕਵਿਤਾਵਾਂ ਤੇ ਡਾਂਸ ਕਰ ਕੇ ਪਾਰਟੀ ਨੂੰ ਹੋਰ ਸੋਹਣਾ ਬਣਾਇਆ ਗਿਆ। ਵਰਿੰਦਰ ਸਿੰਘ ਦੁਆਰਾ ਆਪਣੇ ਅਧਿਆਪਕਾਂ ਉੱਪਰ ਬਹੁਤ ਸੋਹਣੀ ਕਵਿਤਾ ਲਿਖ ਕੇ ਪੇਸ਼ ਕੀਤੀ ਗਈ, ਜਿਸ ਨੂੰ ਹਰ ਕਿਸੇ ਨੇ ਬਹੁਤ ਪਸੰਦ ਕੀਤਾ। 12ਵੀਂ ਜਮਾਤ ਦੇ ਵਿਦਿਆਰਥੀਆ ਵੱਲੋਂ ਮਾਡਲਿੰਗ ਕੀਤੀ ਗਈ, ਜਿਸ ਵਿੱਚੋਂ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ ਦੀ ਚੋਣ ਕੀਤੀ ਗਈ। ਇਹ ਖਿਤਾਬ ਕਮਲਪ੍ਰੀਤ ਕੌਰ ਤੇ ਅਬਜੀਤ ਸਿੰਘ ਨੇ ਹਾਸਲ ਕੀਤਾ। ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਹੁਤ ਅਨੰਦ ਮਾਣਿਆ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆ ਕਿਹਾ ਕਿ ਤੁਸੀਂ ਆਪਣੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਚੰਗੀ ਸਿੱਖਿਆ ਗ੍ਰਹਿਣ ਕਰੋ ਤੇ ਚੰਗੇ ਕਿੱਤਿਆਂ ਨੂੰ ਅਪਣਾਉ। ਇਸ ਮੌਕੇ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਵੀ ਹਾਜ਼ਰ ਸਨ। ਅੰਤ ਵਿਦਿਆਰਥੀ ਬਹੁਤ ਜ਼ਿਆਦਾ ਭਾਵੁਕ ਹੋ ਗਏ।