- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨ ਗਣਨਾ ਟ੍ਰੇਨਿੰਗ ਤੋਂ ਗੈਰ ਹਾਜ਼ਰ 13 ਅਧਿਆਪਕਾਂ ਸਮੇਤ 53 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

-ਸਰਵਿਸ ਨਿਯਮਾਂ ਦੇ ਨਾਲ ਜਨ-ਗਣਨਾ ਐਕਟ ਤਹਿਤ ਹੋ ਸਕਦੀ ਹੈ ਕਾਰਵਾਈ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿੱਚ ਜਨ ਗਣਨਾ ਨਾਲ ਸਬੰਧਤ ਟ੍ਰੇਨਿੰਗ ਤੋਂ ਗੈਰ ਹਾਜ਼ਰ ਰਹਿਣ ਵਾਲੇ 13 ਅਧਿਆਪਕਾਂ ਸਮੇਤ 53 ਸਰਕਾਰੀ ਮੁਲਜ਼ਮਾਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਪ੍ਰਸ਼ਾਸਨ ਵੱਲੋਂ ਇਨ੍ਹਾਂ ਸਰਕਾਰੀ ਮੁਲਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਤੋਂ ਤੁਰੰਤ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਟ੍ਰੇਨਿੰਗ ਜਨ-ਗਣਨਾ ਦੀਆਂ ਤਿਆਰੀਆਂ ਤਹਿਤ ਰੱਖੀ ਗਈ ਸੀ, ਪਰ ਪਹਿਲੀ ਬੈਚ ਦੌਰਾਨ ਹੀ ਵੱਡੀ ਗਣਤੀ ਮੁਲਾਜ਼ਮਾਂ ਦੀ ਗ਼ੈਰ-ਹਾਜ਼ਰੀ ਨੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਟ੍ਰੇਨਿੰਗ ’ਚ ਤਾਇਨਾਤ ਕੀਤੇ ਸਾਰੇ ਸਰਕਾਰੀ ਮੁਲਜ਼ਮਾਂ ਦੀ ਹਾਜ਼ਰੀ ਲਾਜ਼ਮੀ ਕੀਤੀ ਗਈ ਸੀ। ਕਈ ਵੱਡੀ ਗਿਣਤੀ ਸਰਕਾਰੀ ਮੁਲਾਜ਼ਮ ਟ੍ਰੇਨਿੰਗ ਵਿੱਚ ਸ਼ਾਮਲ ਨਹੀਂ ਹੋਏ, ਜਿਸ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਮੰਨਿਆ ਹੈ। ਪ੍ਰਸ਼ਾਸਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਟ੍ਰੇਨਿੰਗ ਵਿੱਚੋਂ ਗ਼ੈਰ-ਹਾਜ਼ਰ ਰਹਿਣ ਵਾਲੇ ਸਾਰੇ ਮੁਲਾਜ਼ਮਾਂ ਦੀ ਸੂਚੀ ਤਿਆਰ ਕਰ ਲਈ ਹੈ।
ਇਨ੍ਹਾਂ ਵਿੱਚੋਂ ਬਹੁਤੇ ਸਰਕਾਰੀ ਮੁਲਜ਼ਮਾਂ ਨੂੰ ਜਨ-ਗਣਨਾ ਕਾਰਜ ਲਈ ਸੁਪਰਵਾਈਜ਼ਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਟ੍ਰੇਨਿੰਗ ਵਿੱਚ ਹਾਜ਼ਰ ਹੋ ਕੇ ਕੰਮਕਾਜ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਅਗਲੇ ਪੜਾਅ ’ਚ ਇਸ ਨੂੰ ਸੁਚਾਰੂ ਢੰਗ ਨਾਲ ਅਮਲ ਵਿੱਚ ਲਿਆਉਣ। ਪਰ ਟ੍ਰੇਨਿੰਗ ਤੋਂ ਗੈਰ ਹਾਜ਼ਰੀ ਨੇ ਪ੍ਰਸ਼ਾਸਨ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਰਾਮਪੁਰਾ ਫੂਲ ਅਤੇ ਬਠਿੰਡਾ ਸ਼ਹਿਰ ਵਿਚ ਕਰਵਾਈ ਟ੍ਰੇਨਿੰਗ ਵਿੱਚੋਂ 13 ਅਧਿਆਪਕਾਂ ਸਮੇਤ 53 ਸਰਕਾਰੀ ਮੁਲਾਜ਼ਮ ਗ਼ੈਰ-ਹਾਜ਼ਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਜਨ-ਗਣਨਾ ਇਕ ਰਾਸ਼ਟਰੀ ਪੱਧਰ ਦਾ ਮਹੱਤਵਪੂਰਨ ਕੰਮ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਕਾਰੀ ਮੁਲਜ਼ਮਾਂ ਨੇ ਬਿਨਾਂ ਕਿਸੇ ਕਾਰਨ ਦੇ ਟ੍ਰੇਨਿੰਗ ਵਿੱਚ ਹਾਜ਼ਰੀ ਨਹੀਂ ਲਗਾਈ, ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ। ਟ੍ਰੇਨਿੰਗ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੇ ਨਾਂ ਇਸ ਬਾਰੇ ਕਿਸੇ ਅਧਿਕਾਰੀ ਨੂੰ ਸੂਚਿਤ ਕੀਤਾ ਅਤੇ ਨਾਂ ਹੀ ਕੰਪੀਟੈਂਟ ਅਥਾਰਟੀ ਤੋਂ ਛੁੱਟੀ ਹੀ ਲਈ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਗੈਰ ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
-ਬਾਕਸ-
ਰਾਮਪੁਰਾ ਫੂਲ ਵਿਚ ਕਰਵਾਈ ਗਈ ਟ੍ਰੇਨਿੰਗ ਵਿੱਚੋਂ 13 ਸਰਕਾਰੀ ਅਧਿਆਪਕ ਗੈਰ ਹਾਜ਼ਰ ਰਹੇ ਜਦੋਂ ਕਿ ਬਠਿੰਡਾ ਸ਼ਹਿਰ ਵਿਚ ਕਰਵਾਈ ਪਹਿਲੇ ਬੈਚ ਦੀ ਟ੍ਰੇਨਿੰਗ ਵਿੱਚੋਂ ਵੱਖ-ਵੱਖ ਵਿਭਾਗ ਦੇ 40 ਮੁਲਾਜ਼ਮ ਗੈਰ ਹਾਜ਼ਰ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ਵਿੱਚੋਂ ਗੈਰ ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਜਨ ਗਣਨਾ ਡਿਊਟੀ, ਜਨ ਗਣਨਾ ਐਕਟ 1948 ਅਧੀਨ ਇਕ ਲਾਜ਼ਮੀ ਕਾਨੂੰਨੀ ਜ਼ਿੰਮੇਵਾਰੀ ਹੈ। ਇਸ ਡਿਊਟੀ ਵਿੱਚ ਲਾਪਰਵਾਹੀ ਜਾਂ ਬਿਨਾਂ ਇਜਾਜ਼ਤ ਗ਼ੈਰ-ਹਾਜ਼ਰੀ ਇਕ ਗੰਭੀਰ ਉਲੰਘਣਾ ਹੈ ਤੇ ਇਸ ਨਾਲ ਸਰਵਿਸ ਨਿਯਮਾਂ ਅਧੀਨ ਅਨੁਸ਼ਾਸਨਾਤਮਕ ਕਾਰਵਾਈ ਹੋ ਸਕਦੀ ਹੈ, ਨਾਲ ਹੀ ਜਨ-ਗਣਨਾ ਐਕਟ ਅਧੀਨ ਨਿਰਧਾਰਤ ਸਜ਼ਾਵਾਂ ਵੀ ਲਾਗੂ ਹੋ ਸਕਦੀਆਂ ਹਨ। ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਨੋਟਿਸ ਦਾ ਤਸੱਲੀਬਖਸ਼ ਜਵਾਬ ਨਾ ਦੇਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਗ਼ੈਰ-ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮ ਕਾਰਵਾਈ ਦੇ ਡਰੋਂ ਹੁਣ ਸੱਤਾਧਾਰੀ ਧਿਰ ਦੇ ਆਗੂਆਂ ਦੀ ਸ਼ਰਨ ’ਚ ਪੁੱਜੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਪਹਿਲਾਂ ਬਹੁਤ ਸਾਰੇ ਮੁਲਜ਼ਮਾਂ ਨੇ ਜਨ ਗਣਨਾਂ ਵਿੱਚੋਂ ਆਪਣੀਆਂ ਡਿਊਟੀਆਂ ਕਟਵਾਉਣ ਲਈ ਵੱਖ ਵੱਖ ਅਧਿਕਾਰੀਆਂ ਨੂੰ ਸੱਤਾਧਿਰ ਦੇ ਆਗੁੂਆਂ ਤੋਂ ਫੋਨ ਕਰਵਾਏ ਪਰ ਹੁਣ ਗੈਰ ਹਾਜਰ ਰਹਿਣ ਵਾਲੇ ਮੁਲਜ਼ਮਾਂ ਖਿਲਾਫ਼ ਕਾਰਵਾਈ ਰੋਕਣ ਲਈ ਆਗੂ ਸਰਗਰਮ ਹਨ।
-ਬਾਕਸ
-ਇੱਕੋ ਸਮੇਂ ਕਈ ਡਿਊਟੀਆਂ ਸੌਂਪਣ ਕਾਰਨ ਪੜ੍ਹਾਈ ਹੋਈ ਪ੍ਰਭਾਵਿਤ
ਦੂਜੇ ਪਾਸੇ ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕੋ ਸਮੇਂ ਕਈ ਡਿਊਟੀਆਂ ਸੌਂਪ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਹਰ ਥਾਂ ਹਾਜ਼ਰੀ ਦੇਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਟ੍ਰੇਨਿੰਗਾਂ ਅਤੇ ਡਿਊਟੀਆਂ ਦਾ ਸਮਾਂ ਤਹਿ ਕਰਦੇ ਸਮੇਂ ਅਧਿਆਪਕਾਂ ਦੀਆਂ ਸਥਿਤੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਸਿੱਖਿਆ ਨਾਲ ਜੁੜੇ ਵਿਅਕਤੀਆਂ ਨੇ ਕਿਹਾ ਹੈ ਕਿ ਇਕ ਪਾਸੇ ਅਧਿਆਪਕਾਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਪ੍ਰਸ਼ਾਸਕੀ ਕੰਮਾਂ ਵਿੱਚ ਲਗਾਇਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਤੋਂ ਹਰ ਡਿਊਟੀ ਨੂੰ ਪੂਰੀ ਤਰ੍ਹਾਂ ਨਿਭਾਉਣ ਦੀ ਆਸ ਕੀਤੀ ਜਾਂਦੀ ਹੈ। ਇਸ ਨਾਲ ਨਾ ਸਿਰਫ ਅਧਿਆਪਕਾਂ ’ਤੇ ਬੋਝ ਵੱਧ ਰਿਹਾ ਹੈ, ਬਲਕਿ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਈ ਸਕੂਲਾਂ ਵਿੱਚ ਹਾਲਤ ਇਹ ਹੈ ਕਿ ਪੂਰਾ ਸਟਾਫ ਹੀ ਵੋਟਰ ਲਿਸਟ ਸੁਧਾਰ, ਜਨਗਣਨਾ ਤਿਆਰੀਆਂ ਅਤੇ ਹੋਰ ਸਰਕਾਰੀ ਡਿਊਟੀਆਂ ਵਿੱਚ ਤੈਨਾਤ ਹੈ। ਇਸ ਕਾਰਨ ਸਕੂਲਾਂ ਵਿੱਚ ਨਿਯਮਿਤ ਕਲਾਸਾਂ ਨਹੀਂ ਲੱਗ ਰਹੀਆਂ। ਕੁਝ ਥਾਵਾਂ ‘ਤੇ ਸਿਰਫ ਕੁਝ ਘੰਟਿਆਂ ਲਈ ਹੀ ਪੜ੍ਹਾਈ ਹੋ ਰਹੀ ਹੈ, ਜਦਕਿ ਕਈ ਸਕੂਲਾਂ ਵਿਚ ਪੜ੍ਹਾਈ ਲਗਭਗ ਠੱਪ ਹੋ ਚੁੱਕੀ ਹੈ। ਅਧਿਆਪਕਾਂ ਦੀ ਗੈਰ ਹਾਜ਼ਰੀ ਕਾਰਨ ਵਿਦਿਆਰਥੀਆਂ ਦਾ ਸਿਲੇਬਸ ਪਿੱਛੇ ਰਹਿ ਰਿਹਾ ਹੈ ਅਤੇ ਇਮਤਿਹਾਨਾਂ ਦੀ ਤਿਆਰੀ ਵੀ ਪ੍ਰਭਾਵਿਤ ਹੋ ਰਹੀ ਹੈ।
ਖ਼ਾਸ ਕਰਕੇ ਪਿੰਡਾਂ ਦੇ ਸਕੂਲਾਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ, ਜਿੱਥੇ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ। ਮਾਪਿਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਬੱਚਿਆਂ ਦੀ ਸਿੱਖਿਆ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ ਸਕੂਲਾਂ ਵਿੱਚ ਪੜ੍ਹਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੋਟਰ ਲਿਸਟ ਅਪਡੇਟ ਕਰਨ ਤੇ ਜਨਗਣਨਾ ਵਰਗੇ ਕੰਮ ਰਾਸ਼ਟਰੀ ਪੱਧਰ ‘ਤੇ ਜ਼ਰੂਰੀ ਹਨ, ਇਸ ਲਈ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਨਾਲ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
-ਬਾਕਸ-
-ਇਨ੍ਹਾਂ ਅਧਿਆਪਕਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ
ਕਿਰਨਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏ ਵਾਲਾ, ਲਾਲ ਸਿੰਘ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਜਲਾਲ, ਮਨੀਸ਼ਾ ਰਾਣੀ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਡਾਬੰਨਾ, ਅਮਨਦੀਪ ਕੌਰ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਮਿਰਜਾ, ਸ਼ੀਨਮ ਅਧਿਆਪਕ ਸਰਕਾਰੀ ਹਾਈ ਸਕੂਲ ਕਾਂਗੜ, ਚਰਨਜੀਤ ਕੌਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜਾ, ਮੋਨਿਕਾ ਗਰਗ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਪਿੰਡ, ਬਲਜਿੰਦਰ ਸਿੰਘ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਗਿੱਲ, ਜਸਪ੍ਰੀਤ ਕੌਰ ਵੋਕੇਸ਼ਨਲ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜਾ, ਹਰਚਰਨ ਕੌਰ ਅਧਿਆਪਕ ਸਰਕਾਰੀ ਹਾਈ ਸਕੂਲ ਪਿੰਡ ਬੁਰਜ ਲੱਧਾ ਸਿੰਘ ਵਾਲਾ, ਕਾਸ਼ਿਸ਼ ਬਾਂਸਲ ਅਧਿਆਪਕ ਸਰਕਾਰੀ ਹਾਈ ਸਕੂਲ ਆਦਮਪੁਰਾ, ਅਜੇ ਕੁਮਾਰ ਅਧਿਆਪਕ ਸਰਕਾਰੀ ਹਾਈ ਸਕੂਲ ਕੇਸਰ ਸਿੰਘ ਵਾਲਾ ਤੇ ਹਰਜੀਤ ਸਿੰਘ ਅਧਿਆਪਕ ਸਰਕਾਰੀ ਮਿਡਲ ਸਕੂਲ ਜੀਵਨ ਸਿੰਘ ਨਗਰ ਜਲਾਲ ਸ਼ਾਮਲ ਹਨ।