ਆਈਟੀਆਈ ਚੌਕ ਓਵਰਬ੍ਰਿਜ ’ਤੇ ਪਏ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ
ਆਈਟੀਆਈ ਚੌਕ ਓਵਰਬ੍ਰਿਜ ’ਤੇ ਵੱਡੇ ਖੱਡੇ ਬਣੇ ਖਤਰਾ, ਕਿਸੇ ਸਮੇਂ ਵੀ ਵਾਪਰ ਸਕਦਾ ਹਾਦਸਾ
Publish Date: Wed, 08 Apr 2026 05:44 PM (IST)
Updated Date: Thu, 09 Apr 2026 04:03 AM (IST)

40, 42) ਹਾਦਸਿਆਂ ਨੂੰ ਸੱਦਾ ਦੇ ਰਹੇ ਬਠਿੰਡਾ ਮਾਨਸਾ ਰੋਡ ’ਤੇ ਬਣੇ ਓਵਰਬ੍ਰਿਜ ’ਤੇ ਪਏ ਹੋਏ ਡੂੰਘੇ ਟੋਏ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ਦੇ ਸਭ ਤੋਂ ਆਵਾਜਾਈ ਵਿਚ ਸ਼ਾਮਲ ਮਾਨਸਾ ਰੋਡ ’ਤੇ ਸਥਿਤ ਆਈਟੀਆਈ ਚੌਕ ਓਵਰਬ੍ਰਿਜ ਦੀ ਹਾਲਤ ਇਨ੍ਹਾਂ ਦਿਨੀਂ ਬਹੁਤ ਖਰਾਬ ਹੋ ਚੁੱਕੀ ਹੈ। ਓਵਰਬ੍ਰਿਜ ਦੀ ਸ਼ੁਰੂਆਤ ਵਿੱਚ ਹੀ ਵੱਡੇ-ਵੱਡੇ ਖੱਡੇ ਬਣ ਗਏ ਹਨ, ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਖਤਰਾ ਬਣ ਚੁੱਕੇ ਹਨ। ਹਰ ਰੋਜ਼ ਹਜ਼ਾਰਾਂ ਵਾਹਨ ਇਸ ਰਸਤੇ ਤੋਂ ਲੰਘਦੇ ਹਨ, ਪਰ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਸਮੱਸਿਆ ਦਿਨੋਂ-ਦਿਨ ਵੱਧ ਰਹੀ ਹੈ। ਮੌਕੇ ’ਤੇ ਦੇਖਿਆ ਗਿਆ ਕਿ ਓਵਰਬ੍ਰਿਜ ਦੇ ਸ਼ੁਰੂਆਤੀ ਹਿੱਸੇ ਵਿੱਚ ਸੜਕ ਕਈ ਥਾਵਾਂ ਤੋਂ ਉਖੜ ਚੁੱਕੀ ਹੈ ਅਤੇ ਡੂੰਘੇ ਖੱਡੇ ਬਣ ਗਏ ਹਨ। ਇਨ੍ਹਾਂ ਖੱਡਿਆਂ ਵਿੱਚ ਪੱਥਰ ਅਤੇ ਮਿੱਟੀ ਭਰ ਕੇ ਅਸਥਾਈ ਤੌਰ ’ਤੇ ਛੱਡ ਦਿੱਤਾ ਗਿਆ ਹੈ, ਜਿਸ ਨਾਲ ਹਾਲਤ ਹੋਰ ਵੀ ਖਤਰਨਾਕ ਹੋ ਗਈ ਹੈ। ਤੇਜ਼ ਰਫ਼ਤਾਰ ਵਿੱਚ ਆਉਣ ਵਾਲੇ ਵਾਹਨ ਚਾਲਕ ਅਚਾਨਕ ਇਨ੍ਹਾਂ ਖੱਡਿਆਂ ਕਾਰਨ ਸੰਤੁਲਨ ਖੋ ਸਕਦੇ ਹਨ, ਜਿਸ ਨਾਲ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ, ਪਰ ਨਗਰ ਨਿਗਮ ਅਤੇ ਸਬੰਧਤ ਵਿਭਾਗ ਇਸ ਵੱਲ ਧਿਆਨ ਨਹੀਂ ਦੇ ਰਹੇ। ਖਾਸ ਤੌਰ ’ਤੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਰਸਤਾ ਬਹੁਤ ਹੀ ਖਤਰਨਾਕ ਬਣ ਗਿਆ ਹੈ। ਕਈ ਵਾਰ ਬਾਈਕ ਅਤੇ ਸਕੂਟਰ ਸਵਾਰ ਖੱਡਿਆਂ ਵਿੱਚ ਫਸ ਕੇ ਡਿੱਗ ਚੁੱਕੇ ਹਨ, ਜਿਸ ਨਾਲ ਉਨ੍ਹਾਂ ਨੂੰ ਚੋਟਾਂ ਵੀ ਆਈਆਂ ਹਨ। ਮੀਂਹ ਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਖੱਡਿਆਂ ਵਿੱਚ ਪਾਣੀ ਭਰ ਜਾਣ ਕਾਰਨ ਇਹ ਨਜ਼ਰ ਨਹੀਂ ਆਉਂਦੇ, ਜਿਸ ਨਾਲ ਵਾਹਨ ਚਾਲਕ ਅਣਜਾਣੇ ਵਿੱਚ ਇਨ੍ਹਾਂ ਵਿੱਚ ਫ਼ਸ ਕੇ ਡਿੱਗ ਚੁੱਕੇ ਹਨ। ਇਸ ਨਾਲ ਨਾ ਸਿਰਫ਼ ਹਾਦਸਿਆਂ ਦਾ ਖਤਰਾ ਵੱਧਦਾ ਹੈ, ਸਗੋਂ ਵਾਹਨਾਂ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ। ਕਈ ਵਾਹਨ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਹਨਾਂ ਦੇ ਟਾਇਰ, ਸਸਪੈਂਸ਼ਨ ਅਤੇ ਹੋਰ ਪਾਰਟਸ ਇਨ੍ਹਾਂ ਖੱਡਿਆਂ ਕਾਰਨ ਖਰਾਬ ਹੋ ਚੁੱਕੇ ਹਨ। ਇਹ ਸੜਕ ਬਠਿੰਡਾ, ਮਾਨਸਾ, ਤਲਵੰਡੀ ਸਾਬੋ ਅਤੇ ਚੰਡੀਗੜ੍ਹ ਵਰਗੇ ਮਹੱਤਵਪੂਰਨ ਸਥਾਨਾਂ ਨਾਲ ਜੋੜਦੀ ਹੈ। ਇਸ ਕਾਰਨ ਇਸ ਰਸਤੇ ’ਤੇ ਭਾਰੀ ਟ੍ਰੈਫਿਕ ਰਹਿੰਦਾ ਹੈ, ਜਿਸ ਵਿੱਚ ਨਿੱਜੀ ਵਾਹਨ, ਬੱਸਾਂ ਅਤੇ ਹੋਰ ਵਾਹਨ ਸ਼ਾਮਲ ਹਨ। ਇਸਦੇ ਬਾਵਜੂਦ ਸੜਕ ਦੀ ਮੁਰੰਮਤ ਵੱਲ ਕੋਈ ਢੰਗ ਦਾ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਨਾਲ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਵਾਹਨ ਚਾਲਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰਬ੍ਰਿਜ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਖੱਡਿਆਂ ਨੂੰ ਪੱਕੇ ਤੌਰ ’ਤੇ ਭਰਿਆ ਜਾਵੇ, ਤਾਂ ਜੋ ਆਵਾਜਾਈ ਕਰਨ ਵਾਲਿਆਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ।। ਫਿਲਹਾਲ ਆਈਟੀਆਈ ਚੌਕ ਓਵਰਬ੍ਰਿਜ ਦੀ ਹਾਲਤ ਲੋਕਾਂ ਲਈ ਪਰੇਸ਼ਾਨੀ ਅਤੇ ਖਤਰੇ ਦਾ ਕਾਰਨ ਬਣੀ ਹੋਈ ਹੈ।