- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਵਿੱਚ ਨਸ਼ਿਆਂ ਦਾ ਪ੍ਰਕੋਪ ਵਧਿਆ, ਟੀਕੇ ਲਗਾਉਣ ਦੀਆਂ ਵੀਡੀਓਜ਼ ਲਗਾਤਾਰ ਵਾਇਰਲ

-ਲੋਕਾਂ ਨੇ ਕਿਹਾ, ਪੁਲਿਸ ਨੂੰ ਕਿਉਂ ਨਹੀਂ ਦਿਸ ਰਹੇ ਸ਼ਰੇਆਮ ਟੀਕੇ ਲਗਾਉਣ ਵਾਲੇ ਨੌਜਵਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਵਿੱਚ ਨਸ਼ਿਆਂ ਦਾ ਮਸਲਾ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਅਤੇ ਤਸਕਰਾਂ ਨੂੰ ਜੇਲ੍ਹ ਭੇਜਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਰਸਾ ਰਹੀ ਹੈ। ਪਿਛਲੇ ਦੋ ਦਿਨਾਂ ਵਿਚ ਬਠਿੰਡਾ ਨਾਲ ਸਬੰਧਤ ਤਿੰਨ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਖੁੱਲ੍ਹੇਆਮ ਚਿੱਟੇ ਦੇ ਟੀਕੇ ਲਗਾਉਂਦੇ ਦੇਖਿਆ ਜਾ ਸਕਦਾ ਹੈ। ਸੋਮਵਾਰ ਨੂੰ ਵੀ ਇਕ ਵੀਡੀਓ ਸਾਹਮਣੇ ਆਈ, ਜਿਸ ਵਿਚ ਕੁਝ ਨੌਜਵਾਨ ਇੱਕ ਸੁੰਨੇ ਪਏ ਇਲਾਕੇ ਵਿੱਚ ਬੈਠ ਕੇ ਨਸ਼ੇ ਦਾ ਟੀਕਾ ਲਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸਾਫ਼ ਦਿੱਸਦਾ ਹੈ ਕਿ ਨੌਜਵਾਨ ਬਿਨਾਂ ਕਿਸੇ ਡਰ ਦੇ ਇਹ ਨਸ਼ਾ ਕਰ ਰਹੇ ਹਨ। ਇਹ ਦ੍ਰਿਸ਼ ਸ਼ਹਿਰ ਵਿਚ ਨਸ਼ਿਆਂ ਦੇ ਫੈਲਾਅ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਵੀਡੀਓ ਆਪਣੇ ਫੇਸ ਬੁੱਕ ਪੇਜ ’ਤੇ ਸਾਂਝੀ ਕੀਤੀ ਹੈ ਜਿਸ ਵਿਚ ਸੰਤਪੁਰਾ ਰੋਡ ’ਤੇ ਰੇਲਵੇ ਲਾਈਨਾਂ ਨੇੜੇ ਖਾਲ੍ਹੀ ਜਗ੍ਹਾ ਵਿਚ ਚਾਰ ਪੰਜ ਨੌਜਵਾਨ ਚਿੱਟੇ ਦੇ ਟੀਕੇ ਲਗਾ ਰਹੇ ਹਨ। ਇਸ ਤੋਂ ਪਹਿਲਾਂ ਲੋਕਾਂ ਨੇ ਇਕ ਨਸ਼ੇ ਵਿਚ ਧੁੱਤ ਹੋ ਕੇ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਸੀ, ਜਿਸ ਨੇ ਪੁੱਛਣ ’ਤੇ ਦੱਸਿਆ ਸੀ ਕਿ ਸੰਤਪੁਰਾ ਰੋਡ ’ਤੇ ਰੇਲਵੇ ਲਾਇਨਾਂ ਉੱਪਰ ਨਸ਼ਾ ਵੇਚਣ ਵਾਲੇ ਸਵੇਰ ਤੋਂ ਸ਼ਾਮ ਤਕ ਖੜ੍ਹਦੇ ਹਨ। ਇਸ ਤੋਂ ਇਲਾਵਾ ਮਾਲ ਰੋਡ ’ਤੇ ਨਸ਼ਾ ਵਿਕਣ ਦੀ ਇਕ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਚੱਲ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੁਝ ਖਾਸ ਇਲਾਕਿਆਂ ਵਿੱਚ ਨਸ਼ਾ ਵੇਚਣ ਅਤੇ ਵਰਤਣ ਦੀ ਗਤੀਵਿਧੀ ਲੰਮੇ ਸਮੇਂ ਤੋਂ ਚੱਲ ਰਹੀ ਹੈ। ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਹਾਲਾਤ ਵਿਚ ਢੁੱਕਵਾਂ ਸੁਧਾਰ ਨਹੀਂ ਆ ਰਿਹਾ। ਲੋਕਾਂ ਦਾ ਦਾਅਵਾ ਹੈ ਕਿ ਨਸ਼ੇੜੀ ਨੌਜਵਾਨ ਅਕਸਰ ਪਾਰਕਾਂ, ਸੁੰਨੀਆਂ ਗਲੀਆਂ ਅਤੇ ਛੱਡੀਆਂ ਇਮਾਰਤਾਂ ਵਿਚ ਇਕੱਠੇ ਹੋ ਕੇ ਚਿੱਟੇ ਦਾ ਸੇਵਨ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਪੇਟ ਵਿੱਚ ਆ ਰਹੀ ਹੈ, ਜਿਸ ਨਾਲ ਨਾ ਸਿਰਫ਼ ਪਰਿਵਾਰਾਂ ਦੀ ਆਰਥਿਕ ਹਾਲਤ ਖਰਾਬ ਹੋ ਰਹੀ ਹੈ, ਸਗੋਂ ਸਮਾਜਕ ਢਾਂਚਾ ਵੀ ਪ੍ਰਭਾਵਿਤ ਹੋ ਰਿਹਾ ਹੈ। ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਸ਼ਾ ਛੱਡਣ ਲਈ ਰੀਹੈਬਿਲੀਟੇਸ਼ਨ ਕੇਂਦਰਾਂ ਦੀ ਗਿਣਤੀ ਵਧਾਈ ਜਾਵੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਕਈ ਤਸਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਵਾਇਰਲ ਹੋ ਰਹੀਆਂ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਜੇਕਰ ਵੀਡੀਓਜ਼ ਵਿੱਚ ਦਿੱਸ ਰਹੇ ਨੌਜਵਾਨਾਂ ਦੀ ਪਛਾਣ ਹੋ ਜਾਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਮੰਨਣਾ ਹੈ ਕਿ ਸਿਰਫ਼ ਪੁਲਿਸ ਕਾਰਵਾਈ ਨਾਲ ਹੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਨਸ਼ਿਆਂ ਦੇ ਮੂਲ ਕਾਰਨਾਂ ‘ਤੇ ਵੀ ਧਿਆਨ ਦੇਣਾ ਲਾਜ਼ਮੀ ਹੈ। ਬੇਰੁਜ਼ਗਾਰੀ, ਮਾਨਸਿਕ ਦਬਾਅ ਤੇ ਗਲਤ ਸੰਗਤ ਨੌਜਵਾਨਾਂ ਨੂੰ ਇਸ ਰਾਹ ਵੱਲ ਧੱਕ ਰਹੇ ਹਨ। ਇਸ ਲਈ ਸਰਕਾਰ ਨੂੰ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਲਗਾਤਾਰ ਵਾਇਰਲ ਹੋ ਰਹੀਆਂ ਵੀਡੀਓਜ਼ ਨੇ ਇਹ ਦਰਸਾ ਦਿੱਤਾ ਹੈ ਕਿ ਨਸ਼ਿਆਂ ਦੀ ਸਮੱਸਿਆ ਅਜੇ ਵੀ ਗੰਭੀਰ ਹੈ ਤੇ ਇਸ ’ਤੇ ਕਾਬੂ ਪਾਉਣ ਲਈ ਸਰਕਾਰ, ਪ੍ਰਸ਼ਾਸਨ ਤੇ ਸਮਾਜ ਨੂੰ ਮਿਲ ਕੇ ਠੋਸ ਕਦਮ ਚੁੱਕਣੇ ਪੈਣਗੇ। ਫਿਲਹਾਲ ਬਠਿੰਡਾ ਵਿੱਚ ਵਾਇਰਲ ਵੀਡੀਓਜ਼ ਨੇ ਹਲਚਲ ਮਚਾਈ ਹੋਈ ਹੈ ਤੇ ਲੋਕ ਉਡੀਕ ਕਰ ਰਹੇ ਹਨ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿਹੜੇ ਕਦਮ ਚੁੱਕਦਾ ਹੈ।