- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗਪਤੀਆਂ ਨੇ ਚੇਅਰਮੈਨ ਸਾਹਮਣੇ ਦਰਪੇਸ਼ ਬਿਜਲੀ ਸਮੱਸਿਆਵਾਂ ਦਾ ਮਸਲਾ ਚੁੱਕਿਆ

-ਪੀਐੱਸਈਆਰਸੀ ਦੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਲਏ ਸੁਝਾਅ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ (ਪੀਐੱਸਈਆਰਸੀ) ਦੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਬਠਿੰਡਾ ਵਿਚ ਉਦਯੋਗਪਤੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕਰਕੇ ਉਨ੍ਹਾਂ ਦੀਆਂ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ ਤੇ ਸੁਧਾਰ ਲਈ ਸੁਝਾਅ ਪ੍ਰਾਪਤ ਕੀਤੇ। ਇਸ ਮੀਟਿੰਗ ’ਚ ਬਠਿੰਡਾ ਦੇ ਨਾਲ-ਨਾਲ ਮੋਗਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਸਨਅਤਕਾਰ ਵੀ ਸ਼ਾਮਲ ਹੋਏ। ਚੇਅਰਮੈਨ ਵਿਸ਼ਵਜੀਤ ਖੰਨਾ ਨੇ ਸਾਰੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਬੰਧਤ ਮਸਲਿਆਂ ਦਾ ਹੱਲ ਮੁੱਢਲੇ ਆਧਾਰ ’ਤੇ ਕੀਤਾ ਜਾਵੇਗਾ। ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਬਿਜਲੀ ਸਪਲਾਈ, ਗ੍ਰਿਡ, ਫੀਡਰ, ਸੋਲਰ ਨੀਤੀ ਤੇ ਬਿਲਿੰਗ ਨਾਲ ਜੁੜੇ ਕਈ ਅਹਿਮ ਮਸਲੇ ਚੁੱਕੇ। ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਕਮਿਸ਼ਨ ਉਦਯੋਗਾਂ ਅਤੇ ਬਿਜਲੀ ਉਪਭੋਗਤਾਵਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਮਸਲਿਆਂ ਦੇ ਹੱਲ ਕੱਢਣ ਲਈ ਵਚਨਬੱਧ ਹੈ।
-ਬਾਕਸ-
-ਸੋਲਰ ਉਦਯੋਗ ਨਾਲ ਸਬੰਧਤ ਅਹਿਮ ਮੰਗ
ਮੋਗਾ ਦੀ ਜੀਐਸ ਐਗਰੋ ਦੇ ਪ੍ਰਤੀਨਿਧੀ ਗੁਰਚਰਨ ਸਿੰਘ ਨੇ ਦੱਸਿਆ ਕਿ ਸੋਲਰ ਖੇਤਰ ਵਿਚ ਸਾਲ ਦੀ ਗਿਣਤੀ 1 ਅਕਤੂਬਰ ਤੋਂ 30 ਸਤੰਬਰ ਤਕ ਕੀਤੀ ਜਾਂਦੀ ਹੈ, ਜਦਕਿ ਹੋਰ ਸਾਰੇ ਖੇਤਰਾਂ ਵਿਚ ਇਹ 1 ਅਪ੍ਰੈਲ ਤੋਂ 31 ਮਾਰਚ ਤਕ ਮੰਨੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੋਲਰ ਉਦਯੋਗ ਲਈ ਵੀ ਸਾਲ ਦੀ ਗਿਣਤੀ 1 ਅਪ੍ਰੈਲ ਤੋਂ 31 ਮਾਰਚ ਤਕ ਕੀਤੀ ਜਾਵੇ, ਤਾਂ ਜੋ ਉਦਯੋਗ ਨੂੰ ਵਧੀਆ ਸੁਵਿਧਾ ਮਿਲ ਸਕੇ।
-ਬਾਕਸ-
-ਡੱਬਵਾਲੀ ਰੋਡ ’ਤੇ ਗਰਿੱਡ ਦੀ ਲੋੜ
ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨਾਰਾਇਣ ਗਰਗ ਨੇ ਬਠਿੰਡਾ ਦੀ ਡੱਬਵਾਲੀ ਰੋਡ ’ਤੇ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਕਲੋਨੀਆਂ ਦਾ ਮਸਲਾ ਉਠਾਇਆ। ਉਨ੍ਹਾਂ ਦੱਸਿਆ ਕਿ ਕਲੋਨੀਆਂ ਦੇ ਵਿਕਾਸ ਕਾਰਨ ਬਿਜਲੀ ਲੋਡ ਵਿਚ ਵਾਧਾ ਹੋ ਗਿਆ ਹੈ, ਜਿਸ ਨਾਲ ਉਦਯੋਗਾਂ ਨੂੰ ਵਾਰ-ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਸ ਖੇਤਰ ਵਿਚ ਨਵਾਂ ਗ੍ਰਿਡ ਸਥਾਪਤ ਕਰਨ ਦੀ ਮੰਗ ਰੱਖੀ। ਇਸ ’ਤੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਗ੍ਰਿਡ ਲਈ ਉਚਿਤ ਸਥਾਨ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।
-ਬਾਕਸ-
-ਪਿੰਡਾਂ ਦੇ ਫੀਡਰ ਤੋਂ ਸ਼ਹਿਰੀ ਫੀਡਰ ਨਾਲ ਜੋੜਨ ਦੀ ਮੰਗ
ਬਾਘਾਪੁਰਾਣਾ ਖੇਤਰ ਦੇ ਉਦਯੋਗਪਤੀਆਂ ਨੇ ਪਿੰਡਾਂ ਵਾਲੇ ਫੀਡਰ ਦੀ ਸਮੱਸਿਆ ਉਠਾਈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਫੀਡਰ ’ਤੇ ਵਾਰ-ਵਾਰ ਬਿਜਲੀ ਕੱਟ ਲੱਗਣ ਕਾਰਨ ਉਦਯੋਗਿਕ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਖੇਤਰ ਦੀਆਂ ਉਦਯੋਗਿਕ ਇਕਾਈਆਂ ਨੂੰ ਸ਼ਹਿਰੀ ਫੀਡਰ ਨਾਲ ਜੋੜਿਆ ਜਾਵੇ। ਚੇਅਰਮੈਨ ਨੇ ਇਸ ਮੰਗ ਨੂੰ ਨੋਟ ਕਰਦਿਆਂ ਤਕਨੀਕੀ ਅਤੇ ਨੀਤੀ ਪੱਧਰ ’ਤੇ ਹੱਲ ਕੱਢਣ ਦਾ ਭਰੋਸਾ ਦਿੱਤਾ।
-ਬਾਕਸ-
-ਮਲੋਟ ਵਿਚ ਨਵੇਂ ਗ੍ਰਿਡ ਦੀ ਮੰਗ
ਮਲੋਟ ਖੇਤਰ ਦੇ ਉਦਯੋਗਪਤੀਆਂ ਨੇ ਉਥੇ ਨਵੇਂ ਗ੍ਰਿਡ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਬਿਜਲੀ ਪ੍ਰਣਾਲੀ ਕਾਰਨ ਉਦਯੋਗਿਕ ਵਿਕਾਸ ਵਿਚ ਰੁਕਾਵਟ ਆ ਰਹੀ ਹੈ। ਚੇਅਰਮੈਨ ਵਿਸ਼ਵਜੀਤ ਖੰਨਾ ਨੇ ਇਸ ਮੰਗ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਵਿਭਾਗਾਂ ਤੋਂ ਰਿਪੋਰਟ ਮੰਗਣ ਦੀ ਗੱਲ ਕਹੀ।
-ਬਾਕਸ-
-ਹੋਰ ਮੁੱਖ ਸੁਝਾਅ ਤੇ ਸਮੱਸਿਆਵਾਂ
ਸੋਲਰ ਪਲਾਂਟ ਲੱਗਣ ਦੇ ਬਾਵਜੂਦ ਮੀਟਰਾਂ ਦੀ ਘਾਟ ਕਾਰਨ ਪਲਾਂਟ ਸ਼ੁਰੂ ਨਾ ਹੋ ਪਾਉਣਾ
ਚੋਣ ਸਾਲ ਦੌਰਾਨ ਜੇ ਬਿਜਲੀ ਸਬੰਧੀ ਕੋਈ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਉਸਦਾ ਵਿੱਤੀ ਭਾਰ ਸਨਅਤਕਾਰਾਂ ’ਤੇ ਨਾ ਪਾਇਆ ਜਾਵੇ। ਉਦਯੋਗਿਕ ਬਿਜਲੀ ਬਿੱਲਾਂ ਦੀ ਅਦਾਇਗੀ ਵਿਚ ਦੇਰੀ ਹੋਣ ’ਤੇ ਵਿਆਜ ਮਹੀਨੇ ਦੀ ਥਾਂ ਦਿਨਾਂ ਦੇ ਆਧਾਰ ’ਤੇ ਲਗਾਇਆ ਜਾਵੇ, ਤਾਂ ਜੋ ਬੇਵਜ੍ਹਾ ਆਰਥਿਕ ਬੋਝ ਨਾ ਪਵੇ।
-ਬਾਕਸ-
-ਚੇਅਰਮੈਨ ਵੱਲੋਂ ਸਨਅਤਕਾਰਾਂ ਨੂੰ ਮਿਲਿਆ ਭਰੋਸਾ
ਮੀਟਿੰਗ ਦੌਰਾਨ ਪੀਐਸਈਆਰਸੀ ਦੇ ਚੇਅਰਮੈਨ ਵਿਸ਼ਵਜੀਤ ਖੰਨਾ ਨੇ ਕਿਹਾ ਕਿ ਸਾਰੇ ਮਸਲਿਆਂ ’ਤੇ ਜਲਦੀ ਕਾਰਵਾਈ ਕੀਤੀ ਜਾਵੇਗੀ ਅਤੇ ਜਿੱਥੇ ਨੀਤੀ ਪੱਧਰ ’ਤੇ ਤਬਦੀਲੀ ਦੀ ਲੋੜ ਹੋਵੇਗੀ, ਉੱਥੇ ਸਰਕਾਰ ਅਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ। ਉਦਯੋਗਪਤੀਆਂ ਨੇ ਮੀਟਿੰਗ ਨੂੰ ਸਕਾਰਾਤਮਕ ਦੱਸਦਿਆਂ ਉਮੀਦ ਜਤਾਈ ਕਿ ਇਸ ਮੀਟਿੰਗ ਤੋਂ ਬਾਅਦ ਬਿਜਲੀ ਨਾਲ ਜੁੜੀਆਂ ਕਈ ਪੁਰਾਣੀਆਂ ਸਮੱਸਿਆਵਾਂ ਦਾ ਹੱਲ ਜਲਦੀ ਸਾਹਮਣੇ ਆਵੇਗਾ।