ਹਨੀ ਟਰੈਪ ’ਚ ਫਸਾ ਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ, ਮਹਿਲਾ ਸਣੇ ਦੋ ਕਾਬੂ
ਹਨੀ ਟਰੈਪ ਵਿਚ ਫਸਾ ਕੇ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ, ਮਹਿਲਾ ਸਮੇਤ ਦੋ ਗ੍ਰਿਫ਼ਤਾਰ
Publish Date: Sat, 21 Feb 2026 04:30 PM (IST)
Updated Date: Sun, 22 Feb 2026 04:04 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਸ਼ਹਿਰ ’ਚ ਮਦਦ ਬਹਾਨੇ ਬੁਲਾ ਕੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਅਤੇ ਫਿਰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਕ ਸਥਾਨਕ ਕਾਰੋਬਾਰੀ ਨੂੰ ਮਹਿਲਾ ਵੱਲੋਂ ਮਦਦ ਬਹਾਨੇ ਘਰ ਬੁਲਾ ਕੇ ਨਾ ਸਿਰਫ਼ ਕਮਰੇ ’ਚ ਬੰਦ ਕੀਤਾ, ਸਗੋਂ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਰੁਪਏ ਮੰਗੇ। ਪੀੜਤ ਦੀ ਸ਼ਿਕਾਇਤ 'ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਇਕ ਮਹਿਲਾ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਤਿੰਨ ਹੋਰ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਰਹਿਣ ਵਾਲੇ ਰਤਨ ਕੁਮਾਰ (ਕਾਲਪਨਿਕ ਨਾਮ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਇਕ ਅਣਜਾਣ ਨੰਬਰ ਤੋਂ ਮਹਿਲਾ ਦੀ ਕਾਲ ਆਈ, ਜਿਸ ਨੇ ਖ਼ੁਦ ਨੂੰ ਮੁਸੀਬਤ ਵਿੱਚ ਦੱਸਦਿਆਂ ਮਦਦ ਦੀ ਗੁਹਾਰ ਲਗਾਈ। ਮਨੁੱਖਤਾ ਦੇ ਨਾਤੇ ਜਦੋਂ ਕਾਰੋਬਾਰੀ ਉਸ ਮਹਿਲਾ ਵੱਲੋਂ ਦੱਸੇ ਪਤੇ (ਦੰਗਾ ਪੀੜਤ ਕਾਲੋਨੀ) 'ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਮਹਿਲਾ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਕਮਰੇ ’ਚ ਬਿਠਾ ਲਿਆ। ਕੁਝ ਹੀ ਮਿੰਟਾਂ ਬਾਅਦ ਕਮਰੇ ਵਿੱਚ ਇੱਕ ਹੋਰ ਮਹਿਲਾ ਅਤੇ ਇਕ ਵਿਅਕਤੀ ਦਾਖ਼ਲ ਹੋਏ, ਜਿਨ੍ਹਾਂ ਨੇ ਕਾਰੋਬਾਰੀ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਤੇ ਉਸ ਦੇ ਕੱਪੜੇ ਜਬਰਦਸਤੀ ਉਤਾਰ ਕੇ ਮਹਿਲਾ ਨਾਲ ਅਸ਼ਲੀਲ ਵੀਡੀਓ ਬਣਾ ਲਈ। ਗਿਰੋਹ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੀੜਤ ਤੋਂ 2 ਲੱਖ ਰੁਪਏ ਮੰਗੇ। ਡਰ ਦੇ ਮਾਰੇ ਪੀੜਤ ਨੇ ਮੌਕੇ 'ਤੇ ਕੁਝ ਨਕਦੀ ਦਿੱਤੀ ਤੇ ਆਪਣਾ ਮੋਬਾਈਲ ਫ਼ੋਨ ’ਤੇ ਸਕੂਟਰੀ ਵੀ ਉੱਥੇ ਹੀ ਛੱਡ ਕੇ ਜਾਨ ਬਚਾ ਕੇ ਭੱਜਿਆ। ਮੁਲਜ਼ਮਾਂ ਨੇ ਪੀੜਤ ਦਾ ਪਿੱਛਾ ਨਹੀਂ ਛੱਡਿਆ ਅਤੇ ਲਗਾਤਾਰ ਪੈਸਿਆਂ ਲਈ ਦਬਾਅ ਬਣਾਉਂਦੇ ਰਹੇ। ਆਖ਼ਰਕਾਰ ਹਿੰਮਤ ਕਰਕੇ ਪੀੜਤ ਨੇ ਪੁਲਿਸ ਤਕ ਪਹੁੰਚ ਕੀਤੀ।
ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਬਬਲੀ, ਪਰਮਜੀਤ ਕੌਰ, ਜਸਵੀਰ ਸਿੰਘ, ਕਰਨ ਅਤੇ ਖੁਸ਼ਪ੍ਰੀਤ ਕੌਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 308(2) ਅਤੇ 351(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ। ਥਾਣਾ ਸਿਵਲ ਲਾਇਨ ਦੇ ਐੱਸਐੱਚਓ ਰਵਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਅਤੇ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।