ਹਾਈਵੇ ’ਤੇ ਵਾਪਰੇ ਦੋ ਹਾਦਸੇ, ਇਕ ਨੌਜਵਾਨ ਗੰਭੀਰ ਜ਼ਖ਼ਮੀ
ਬਠਿੰਡਾ-ਸ੍ਰੀ ਅੰਮ੍ਰਿਤਸਰ ਹਾਈਵੇ ’ਤੇ ਦੋ ਹਾਦਸੇ, ਇਕ ਨੌਜਵਾਨ ਗੰਭੀਰ ਜ਼ਖ਼ਮੀ
Publish Date: Fri, 20 Feb 2026 05:54 PM (IST)
Updated Date: Sat, 21 Feb 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ ਮੰਡੀ : ਬਠਿੰਡਾ-ਸ੍ਰੀ ਅੰਮ੍ਰਿਤਸਰ ਹਾਈਵੇ ’ਤੇ ਸਥਿਤ ਸ੍ਰੀ ਇੱਛਾ ਪੂਰਨ ਬਾਲਾ ਜੀ ਮੰਦਰ ਦੇ ਨੇੜੇ ਸੋਮਵਾਰ ਨੂੰ ਸਵੇਰੇ ਅਤੇ ਸ਼ਾਮ ਦੋ ਵੱਖ-ਵੱਖ ਸੜਕ ਹਾਦਸੇ ਹੋਣ ਨਾਲ ਖੇਤਰ ’ਚ ਹੜਕੰਪ ਮਚ ਗਿਆ। ਦੋਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਜਾਂਚ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪਹਿਲਾ ਹਾਦਸਾ ਸਵੇਰੇ ਲਗਭਗ 7 ਵਜੇ ਹੋਇਆ, ਜਿਸ ਵਿੱਚ ਇਕ ਟ੍ਰਾਲੀ ਅਤੇ ਟਰਾਲੇ ਦੀ ਆਪਸੀ ਟਕਰਾਅ ਹੋਈ। ਟਰਾਲੇ ਦੇ ਚਾਲਕ ਨੇ ਦਾਅਵਾ ਕੀਤਾ ਕਿ ਟ੍ਰਾਲੀ ਚਾਲਕ ਦੀ ਗਲਤੀ ਕਾਰਨ ਉਸ ਦੇ ਵਾਹਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਉਸ ਨੂੰ ਵੀ ਜ਼ਖ਼ਮ ਆਏ। ਉਸਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਦੂਜੇ ਪਾਸੇ ਟ੍ਰਾਲੀ ਚਾਲਕ ਨੇ ਦੱਸਿਆ ਕਿ ਟਰਾਲੀ ਖਰਾਬ ਹੋਣ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਮੌਕੇ ’ਤੇ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਜਾਰੀ ਹੈ।
ਇਸੇ ਤਰ੍ਹਾਂ ਦੂਜਾ ਹਾਦਸਾ ਸ਼ਾਮ ਨੂੰ ਲਗਭਗ ਸਾਢੇ ਤਿੰਨ ਵਜੇ ਵਾਪਰਿਆ। ਇਸ ਵਿੱਚ ਇਕ ਵਰਨਾ ਕਾਰ ਅਤੇ ਟਰਾਲੇ ਦੀ ਟੱਕਰ ਹੋ ਗਈ। ਕਾਰ ਚਲਾ ਰਹੇ ਲਗਭਗ 25 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਤੱਖਦਰਸ਼ੀਆਂ ਦੇ ਅਨੁਸਾਰ ਟਰਾਲੇ ਦਾ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸਰਕਾਰੀ ਹਸਪਤਾਲ ਗੋਨਿਆਣਾ ਲਿਜਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਦੇ ਬਾਅਦ ਬਠਿੰਡਾ ਰੈਫ਼ਰ ਕੀਤਾ ਗਿਆ। ਮੌਕੇ ’ਤੇ ਪਹੁੰਚੇ ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਹਾਲਤ ਬਾਰੇ ਇਸ ਵੇਲੇ ਕੁਝ ਸਪਸ਼ਟ ਨਹੀਂ ਕਿਹਾ ਜਾ ਸਕਦਾ। ਜ਼ਖ਼ਮੀ ਵਿਅਕਤੀ ਪਿੰਡ ਨੇਹੀਆਂਵਾਲਾ ਦਾ ਰਹਿਣ ਵਾਲਾ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਹਾਦਸਿਆਂ ਦੇ ਕਾਰਨ ਬਾਰੇ ਪੂਰਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ।