- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਚਾਇਤ ਸੰਮਤੀ ਫੂਲ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਅਕਾਲੀ ਦਲ ਅਤੇ ਆਪ ਲਈ ਮੁੱਛ ਦਾ ਸਵਾਲ ਬਣੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਫੂਲ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ। ਅੱਜ ਇਹ ਚੋਣ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਅਬਜ਼ਰਵਰ ਦੀ ਨਿਗਰਾਨੀ ਹੇਠ ਹੋਣ ਜਾ ਰਹੀ ਹੈ। ਫੂਲ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਈ ਪਿਛਲੇ ਕਈ ਦਿਨਾਂ ਤੋਂ ਜੋੜ ਤੋੜ ਦੀਆਂ ਸਰਗਰਮੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਦੋ ਵਾਰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਰੱਖੀ ਗਈ ਸੀ, ਪਰ ਐਂਨ ਮੌਕੇ ’ਤੇ ਆ ਕੇ ਇਹ ਚੋਣ ਮੁਲਤਵੀ ਕੀਤੀ ਜਾਂਦੀ ਰਹੀ। ਸ੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਮੈਂਬਰਾਂ ਦਾ ਬਹੁਮਤ ਹੈ, ਜਿਸ ਕਾਰਨ ਵਾਰ-ਵਾਰ ਪੰਜਾਬ ਸਰਕਾਰ ਚੋਣ ਮੁਲਤਵੀ ਕਰ ਰਹੀ ਹੈ। ਇਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਪਾ ਕੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਚੋਣ ਆਪਣੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਸੀ। ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਤੋਂ ਬਾਅਦ ਜਿੱਥੇ ਚੋਣ ਲਈ ਅਬਜ਼ਰਵਰ ਨਿਯੁਕਤ ਕੀਤਾ, ਉੱਥੇ ਹੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪਾਰਦਰਸ਼ੀ ਢੰਗ ਨਾਲ ਨਾਲ ਚੋਣ ਕਰਾਉਣ ਦੇ ਆਦੇਸ਼ ਵੀ ਦਿੱਤੇ ਸਨ। ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਚੋਣ ਪ੍ਰਕਿਰਿਆ ਦੀ ਸਮੁੱਚੀ ਸੁਪਰਵਿਜ਼ਨ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਵੱਲੋਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਇਹ ਯਕੀਨੀ ਬਣਾਉਣਗੇ ਕਿ ਚੋਣ ਦੌਰਾਨ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਗੈਰਕਾਨੂੰਨੀ ਹਲਚਲ ਨੂੰ ਤੁਰੰਤ ਰੋਕਿਆ ਜਾਵੇ। ਪੰਜਾਬ ਹਰਿਆਣਾ ਹਾਈਕੋਰਟ ਨੇ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਲਈ ਵੀ ਕਿਹਾ ਹੈ। ਨਿਯੁਕਤ ਆਬਜ਼ਰਵਰ ਇਸ ਸਬੰਧੀ ਆਪਣੀ ਰਿਪੋਰਟ ਅਦਾਲਤ ਕੋਲ ਪੇਸ਼ ਕਰੇਗਾ। ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਾਮਪੁਰਾ ਫੂਲ ਹਲਕੇ ਦੇ ਲੋਕਾਂ ਦੀ ਨਜ਼ਰ ਹੁਣ ਅੱਜ ਹੋਣ ਵਾਲੀ ਚੋਣ ’ਤੇ ਲੱਗੀਆਂ ਹੋਈਆਂ ਹਨ।
-ਬਾਕਸ-
-ਸਿਕੰਦਰ ਸਿੰਘ ਮਲੂਕਾ ਤੇ ਬਲਕਾਰ ਸਿੱਧੂ ਲਈ ਵਕਾਰ ਦਾ ਸਵਾਲ ਬਣੀ ਚੋਣ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਲਈ ਫੂਲ ਪੰਚਾਇਤ ਸੰਮਤੀ ਦੀ ਚੋਣ ਵਕਾਰ ਦਾ ਸਵਾਲ ਬਣੀ ਹੋਈ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਪੰਚਾਇਤ ਸੰਮਤੀ ਮੈਂਬਰਾਂ ਦਾ ਬਹੁਮਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਾਇਆ ਹੈ ਕਿ ਇਸ ਚੋਣ ਲਈ ਕਾਂਗਰਸ ਪਾਰਟੀ ਅਤੇ ਆਪ ਇਕ ਹੋ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਮਪੁਰਾ ਫੂਲ ਹਲਕੇ ਦੇ ਕਾਂਗਰਸੀ ਆਗੂਆਂ ਨੇ ਜਿੱਤੇ ਮੈਂਬਰਾਂ ਨੂੰ ਆਪ ਦੇ ਹੱਕ ਵਿਚ ਭੁਗਤਣ ਲਈ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਾਂਗਰਸ ਤੋਂ ਇਹ ਆਸ ਨਹੀਂ ਸੀ ਕਿ ਉਹ ਐਨੇ ਨੀਵੇਂ ਪੱਧਰ ’ਤੇ ਗਿਰ ਜਾਵੇਗੀ। ਦੂਜੇ ਆਪ ਵਿਧਾਇਕ ਬਲਕਾਰ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਬਹੁਮਤ ਉਨ੍ਹਾਂ ਕੋਲ ਹੈ। ਅਕਾਲੀ ਦਲ ਬਿਨ੍ਹਾਂ ਵਜ੍ਹਾ ਦੋਸ਼ ਲਗਾ ਰਿਹਾ ਹੈ।
-ਬਾਕਸ-
-ਕਾਂਗਰਸ ਤੇ ਆਜ਼ਾਦ ਉਮੀਦਵਾਰ ਦੀ ਭੂਮਿਕਾ ਰਹੇਗੀ ਅਹਿਮ
ਫੂਲ ਪੰਚਾਇਤ ਸੰਮਤੀ ਦੇ ਕੁੱਲ 18 ਜੋਨਾਂ ਵਿੱਚ ਚੋਣ ਹੋਈ ਸੀ, ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ 8 ਮੈਂਬਰ ਜੇਤੂ ਰਹੇ ਸਨ ਜਦੋਂ ਕਿ ਆਮ ਆਦਮੀ ਪਾਰਟੀ ਦੇ 6 ਕਾਂਗਰਸ ਦੇ 3 ਅਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ ਸੀ। ਇੱਥੇ ਕਿਸੇ ਵੀ ਪਾਰਟੀ ਨੂੰ ਪੰਚਾਇਤ ਸੰਮਤੀ ਚੋਣਾਂ ਵਿੱਚ ਬਹੁਮਤ ਨਹੀਂ ਮਿਲਿਆ, ਜਿਸ ਕਾਰਨ ਪੰਚਾਇਤ ਸੰਮਤੀ ਫੂਲ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਵਿੱਚ ਕਾਂਗਰਸ ਅਤੇ ਆਜ਼ਾਦ ਉਮੀਦਵਾਰ ਦੀ ਭੂਮਿਕਾ ਅਹਿਮ ਰਹੇਗੀ। ਸਿਆਸੀ ਮਾਹਿਰਾਂ ਅਨੁਸਾਰ ਕਾਂਗਰਸ ਪਾਰਟੀ ਦੇ ਜਿੱਤੇ ਤਿੰਨ ਮੈਂਬਰਾਂ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ। ਜੇਕਰ ਕਾਂਗਰਸ ਨੇ ਆਪ ਦੀ ਮਦਦ ਕੀਤੀ ਤਾਂ ਫ਼ਿਰ ਉਨ੍ਹਾਂ ਦੀ ਪਾਰਟੀ ਦਾ ਚੇਅਰਮੈਨ ਤੇ ਉੱਪ ਚੇਅਰਮੈਨ ਚੁਣਿਆ ਜਾਵੇਗਾ ਅਤੇ ਜੇਕਰ ਕਾਂਗਰਸ ਪਾਰਟੀ ਨਿਰਪੱਖ ਰਹੀ ਅਤੇ ਉਨ੍ਹਾਂ ਚੋਣ ਪ੍ਰੀਕਿਆ ਵਿਚ ਹਿੱਸਾ ਨਾਂ ਲਿਆ ਤਾਂ ਫ਼ਿਰ ਅਕਾਲੀ ਦਲ ਦਾ ਪੰਚਾਇਤ ਸੰਮਤੀ ’ਤੇ ਕਬਜ਼ਾ ਹੋ ਸਕਦਾ ਹੈ।
-ਬਾਕਸ-
-ਫੂਲ (18 ਜੋਨ) : ਕਾਂਗਰਸ 3, ਸ਼੍ਰੋਮਣੀ ਅਕਾਲੀ ਦਲ 8, ਆਪ ਦੇ 6, ਅਤੇ ਆਜ਼ਾਦ ਦਾ 1 ਉਮੀਦਵਾਰ ਹਨ।
ਚੇਅਰਮੈਨ : ਜਨਰਲ ਮਹਿਲਾ।