ਪੁਲਿਸ ਨੇ ਹਾਈ ਸਕਿਓਰਿਟੀ ਜੇਲ੍ਹ ’ਚ ਚਲਾਈ ਤਲਾਸ਼ੀ ਮੁਹਿੰਮ
ਤਿੰਨ ਡੀਐਸਪੀ, ਅੱਠ ਥਾਣਾ ਮੁਖੀ, ਦੋ ਸੀਆਈਏ ਇੰਚਾਰਜ਼ ਅਤੇ 125 ਪੁਲਿਸ ਮੁਲਾਜ਼ਮ ਪਰ ਨਤੀਜਾ ਜ਼ੀਰੋ
Publish Date: Tue, 13 Jan 2026 05:45 PM (IST)
Updated Date: Wed, 14 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਕੇਂਦਰੀ ਜੇਲ੍ਹ ਦੀ ਤਲਾਸ਼ੀ ਲਈ ਤਿੰਨ ਡੀਐੱਸਪੀ, ਅੱਠ ਥਾਣਾ ਮੁਖੀ, ਦੋ ਸੀਆਈਏ ਇੰਚਾਰਜ ਤੇ 125 ਪੁਲਿਸ ਮੁਲਾਜ਼ਮ ਲਾਏ ਗਏ, ਪਰ ਇਸਦੇ ਬਾਵਜੂਦ ਇਸ ਤਲਾਸ਼ੀ ਮੁਹਿੰਮ ਦਾ ਨਤੀਜਾ ਜ਼ੀਰੋ ਰਿਹਾ। ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਦੇ ਹੱਥ ਖ਼ਾਲੀ ਰਹੇ। ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਸੋਮਵਾਰ ਨੂੰ ਬਠਿੰਡਾ ਸਥਿਤ ਹਾਈ ਸਕਿਓਰਿਟੀ ਜੇਲ੍ਹ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੀ ਅਗਵਾਈ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਜ਼ਿਲ੍ਹੇ ਦੇ ਤਿੰਨ ਡੀਐੱਸਪੀ, ਅੱਠ ਥਾਣਾ ਮੁਖੀ, ਦੋ ਸੀਆਈਏ ਇੰਚਾਰਜ ਤੇ ਕੁੱਲ 125 ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਰਹੇ। ਪੁਲਿਸ ਟੀਮਾਂ ਵੱਲੋਂ ਜੇਲ੍ਹ ਅੰਦਰ ਕੈਦੀਆਂ ਦੀਆਂ ਬੈਰਕਾਂ, ਗਲਿਆਰਿਆਂ, ਮੁਲਾਕਾਤ ਕਮਰਿਆਂ, ਰਸੋਈ, ਸਟੋਰ ਰੂਮ ਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ। ਅਧਿਕਾਰੀਆਂ ਨੇ ਜੇਲ੍ਹ ਦੇ ਹਰ ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਵਸਤੂ, ਮੋਬਾਈਲ ਫੋਨ, ਨਸ਼ੀਲੇ ਪਦਾਰਥ ਜਾਂ ਸ਼ੱਕੀ ਸਮੱਗਰੀ ਬਰਾਮਦ ਕੀਤੀ ਜਾ ਸਕੇ। ਹਾਲਾਂਕਿ ਤਲਾਸ਼ੀ ਦੌਰਾਨ ਕੋਈ ਵੀ ਇਤਰਾਜ਼ਯੋਗ ਜਾਂ ਗੈਰਕਾਨੂੰਨੀ ਸਮੱਗਰੀ ਬਰਾਮਦ ਨਹੀਂ ਹੋਈ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਨਿਯਮਿਤ ਸੁਰੱਖਿਆ ਪ੍ਰਬੰਧਾਂ ਦਾ ਹਿੱਸਾ ਹੈ, ਜਿਸਦਾ ਮਕਸਦ ਜੇਲ੍ਹ ਅੰਦਰ ਕਿਸੇ ਵੀ ਤਰ੍ਹਾਂ ਦੀ ਗ਼ੈਰ-ਕਾਨੂੰਨੀ ਗਤੀਵਿਧੀ ’ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਹਾਈ ਸਕਿਊਰਟੀ ਸਿਸਟਮ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਤਲਾਸ਼ੀ ਅਭਿਆਨ ਦੌਰਾਨ ਕੈਦੀਆਂ ਤੇ ਜੇਲ੍ਹ ਸਟਾਫ਼ ਵੱਲੋਂ ਪੁਲਿਸ ਟੀਮ ਨੂੰ ਪੂਰਾ ਸਹਿਯੋਗ ਮਿਲਿਆ, ਜਿਸ ਕਾਰਨ ਕਾਰਵਾਈ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈ। ਐੱਸਪੀ ਸਿਟੀ ਨੇ ਸਪਸ਼ਟ ਕੀਤਾ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਅਚਾਨਕ ਨਿਰੀਖਣ ਜਾਰੀ ਰਹਿਣਗੇ ਤਾਂ ਜੋ ਜੇਲ੍ਹਾਂ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਬਣੀ ਰਹੇ। ਪੁਲਿਸ ਅਧਿਕਾਰੀਆਂ ਅਨੁਸਾਰ, ਇਸ ਤਰ੍ਹਾਂ ਦੀ ਸਾਂਝੀ ਕਾਰਵਾਈ ਨਾਲ ਨਾ ਸਿਰਫ਼ ਜੇਲ੍ਹ ਦੀ ਅੰਦਰੂਨੀ ਸੁਰੱਖਿਆ ਮਜ਼ਬੂਤ ਹੁੰਦੀ ਹੈ, ਸਗੋਂ ਅਪਰਾਧੀਆਂ ਨੂੰ ਇਹ ਸੁਨੇਹਾ ਵੀ ਜਾਂਦਾ ਹੈ ਕਿ ਕਾਨੂੰਨ ਵਿਵਸਥਾ ਬਾਰੇ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ।