ਸੰਘਣੀ ਧੁੰਦ ਦੌਰਾਨ ਸੜਕ ਹਾਦਸਿਆਂ ਤੋਂ ਬਚਾਅ ਲਈ ਟ੍ਰੈਫਿਕ ਪੁਲਿਸ ਸਰਗਰਮ
ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਤੋਂ ਬਚਾਅ ਲਈ ਟ੍ਰੈਫਿਕ ਪੁਲਿਸ ਸਰਗਰਮ
Publish Date: Sun, 18 Jan 2026 05:23 PM (IST)
Updated Date: Mon, 19 Jan 2026 04:06 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸੰਘਣੀ ਧੁੰਦ ਕਾਰਨ ਵਧ ਰਹੀਆਂ ਸੜਕ ਹਾਦਸਿਆਂ ਨੂੰ ਧਿਆਨ ’ਚ ਰੱਖਦਿਆਂ, ਬਠਿੰਡਾ ਟ੍ਰੈਫਿਕ ਪੁਲਿਸ ਨੇ ਸਰਗਰਮ ਕਦਮ ਚੁੱਕੇ ਹਨ। ਐਤਵਾਰ ਨੂੰ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਅਤੇ ਟ੍ਰੈਫਿਕ ਇੰਚਾਰਜ ਮੇਜ਼ਰ ਸਿੰਘ ਨੇ ਸ਼ਹਿਰ ਦੇ ਪ੍ਰਮੁੱਖ ਐਕਸੀਡੈਂਟ ਬਲੈਕ ਸਪਾਟਾਂ ਦਾ ਨਿਰੀਖਣ ਕੀਤਾ ਅਤੇ ਸੜਕ ਸੁਰੱਖਿਆ ਨੂੰ ਵਧਾਉਣ ਲਈ ਵੱਖ-ਵੱਖ ਉਪਾਅ ਕੀਤੇ ਹਨ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ, ਜਿੱਥੇ ਧੁੰਦ ਤੇ ਘੱਟ ਦ੍ਰਿਸ਼ਟੀ ਕਾਰਨ ਅਕਸਰ ਵਾਹਨ ਹਾਦਸੇ ਹੁੰਦੇ ਹਨ। ਰਾਤ ਜਾਂ ਧੁੰਦ ਵਾਲੇ ਹਾਲਾਤ ’ਚ ਸੁਰੱਖਿਅਤ ਡਰਾਈਵਿੰਗ ਯਕੀਨੀ ਬਣਾਉਣ ਲਈ ਇਨ੍ਹਾਂ ਥਾਵਾਂ ’ਤੇ ਰਿਫਲੈਕਟਰ ਤੇ ਹੋਰ ਚਿਤਾਵਨੀ ਚਿੰਨ੍ਹ ਤੁਰੰਤ ਲਗਾਏ ਗਏ। ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਰਿਫਲੈਕਟਰ ਡਰਾਈਵਰਾਂ ਨੂੰ ਸਪੱਸ਼ਟ ਸੜਕ ਦ੍ਰਿਸ਼ਟੀ ਪ੍ਰਦਾਨ ਕਰਨਗੇ ਅਤੇ ਸੰਭਾਵੀ ਖ਼ਤਰਿਆਂ ਤੋਂ ਬਚਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਸੜਕ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਡਰਾਈਵਰਾਂ ਨੂੰ ਅਪੀਲ ਕੀਤ ਕਿ ਕੋਹਰੇ ਵਿਚ ਤੇਜ਼ ਗਤੀ ਵਿਚ ਵਾਹਨ ਨਾ ਚਲਾਓ, ਹੈੱਡਲਾਈਟ ਤੇ ਇੰਡੀਕੇਟਰ ਦਾ ਸਹੀ ਇਸਤੇਮਾਲ ਕਰੋ ਤੇ ਸੜਕ ‘ਤੇ ਸਾਵਧਾਨ ਰਹੋ। ਟ੍ਰੈਫਿਕ ਪੁਲਿਸ ਸਮੇਂ-ਸਮੇਂ ’ਤੇ ਰੋਡ ਚੈਕਿੰਗ ਅਤੇ ਜਾਗਰੂਕਤਾ ਮੁਹਿੰਮਾਂ ਚਲਾਉਂਦੀ ਰਹੇਗੀ। ਸਕੂਲਾਂ, ਕਾਲਜਾਂ ਤੇ ਹੋਰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ। ਟ੍ਰੈਫਿਕ ਇੰਚਾਰਜ ਮੇਜ਼ਰ ਸਿੰਘ ਨੇ ਕਿਹਾ ਕਿ ਸੜਕ ਸੁਰੱਖਿਆ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਵਾਹਨ ਚਾਲਕ ਤੇ ਯਾਤਰੀ ਦੀ ਵੀ ਹੈ। ਜੇ ਸਾਰੇ ਨਿਯਮਾਂ ਦੀ ਪਾਲਣਾ ਕਰਨਗੇ, ਤਾਂ ਸੜਕਾਂ ’ਤੇ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਘੱਟ ਹੋ ਜਾਵੇਗੀ।