- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੜੇਮਾਰੀ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਅਕਾਲੀ ਆਗੂ ਨੇ 30 ਏਕੜ ਜਮੀਨ ਦਾ ਅੱਧਾ ਠੇਕਾ ਕੀਤਾ ਮਾਫ਼

-ਹੋਰਨਾਂ ਵੱਡੇ ਜ਼ਿਮੀਂਦਾਰਾਂ ਨੂੰ ਕੀਤੀ ਅਪੀਲ, ਜ਼ਮੀਨਾਂ ਦੇ ਠੇਕਿਆਂ ’ਚ ਮਿਲੇ ਰਾਹਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਕਈ ਇਲਾਕਿਆਂ ’ਚ ਹਾਲ ਹੀ ਵਿਚ ਹੋਈ ਗੜੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਪੱਕੀ ਫਸਲ ਬਿਲਕੁਲ ਤਬਾਹ ਹੋ ਗਈ ਹੈ। ਇੰਨਾ ਹੀ ਨਹੀਂ, ਸਗੋਂ ਕਈ ਥਾਵਾਂ ’ਤੇ ਗੜਿਆਂ ਨੇ ਕਣਕ ਹੀ ਨਹੀਂ ਸਗੋਂ ਸਬਜ਼ੀਆਂ, ਮੱਕੀ ਤੇ ਪੱਠਿਆਂ ਨੂੰ ਬਰਬਾਦ ਕਰ ਦਿੱਤਾ। ਹਾਲਾਤ ਇਹ ਹਨ ਕਿ ਕਿਸਾਨਾਂ ਕੋਲ ਪਸ਼ੂਆਂ ਨੂੰ ਪਾਉਣ ਲਈ ਤੂੜੀ ਅਤੇ ਪੱਠੇ ਵੀ ਨਹੀਂ ਹਨ। ਇਸ ਦੌਰਾਨ ਪੀੜਤ ਕਿਸਾਨਾਂ ਲਈ ਇਹ ਰਾਹਤ ਭਰੀ ਖਬਰ ਹੈ ਕਿ ਕੁਝ ਹੱਥ ਅਜਿਹੇ ਕਿਸਾਨਾਂ ਦੀ ਮਦਦ ਲਈ ਵੀ ਅੱਗੇ ਆਏ ਹਨ। ਸੀਨੀਅਰ ਅਕਾਲੀ ਆਗੂ ਗਰਦੌਰ ਸਿੰਘ ਸੰਧੂ ਨੇ ਵੱਡੀ ਪਹਿਲਕਦਮੀ ਕਰਦਿਆਂ ਆਪਣੀ ਜ਼ਮੀਨ ਦੇ ਠੇਕੇ ਵਿਚ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਕੋਠੇ ਸੰਧਾਵਾ ਦੇ ਵਾਸੀ ਗਿਰਦੌਰ ਸਿੰਘ ਸੰਧੂ ਨੇ ਆਪਣੀ ਕਰੀਬ 30 ਏਕੜ ਜ਼ਮੀਨ 70 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਦਿੱਤੀ ਹੋਈ ਸੀ। ਪਰ ਹਾਲ ਹੀ ਵਿੱਚ ਪਈ ਗੜੇਮਾਰੀ ਕਾਰਨ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ, ਜਿਸ ਨਾਲ ਠੇਕੇਦਾਰ ਕਿਸਾਨ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਸਥਿਤੀ ਨੂੰ ਦੇਖਦਿਆਂ ਅਕਾਲੀ ਆਗੂ ਨੇ ਵੱਡਾ ਦਿਲ ਦਿਖਾਉਂਦਿਆਂ ਇਹ ਫੈਸਲਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਉਹ ਆਪਣੇ 30 ਕਿੱਲਿਆਂ ਦੇ ਠੇਕੇ ਵਿੱਚੋਂ ਅੱਧਾ ਠੇਕਾ ਛੱਡ ਰਹੇ ਹਨ, ਤਾਂ ਜੋ ਠੇਕੇਦਾਰ ਕਿਸਾਨ ਨੂੰ ਕੁਝ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਪਣਾ ਹੱਕ ਦਾ ਪੈਸਾ ਵੀ ਨਹੀਂ ਲੈਣਗੇ ਅਤੇ ਇਸ ਮੁਸ਼ਕਲ ਵੇਲੇ ਵਿੱਚ ਕਿਸਾਨਾਂ ਦਾ ਸਾਥ ਦੇਣਾ ਹਰ ਇਕ ਦੀ ਜ਼ਿੰਮੇਵਾਰੀ ਹੈ।
ਸੰਧੂ ਨੇ ਕਿਹਾ ਕਿ ਗੜੇਮਾਰੀ ਵਰਗੀ ਕੁਦਰਤੀ ਆਫ਼ਤ ਕਿਸਾਨਾਂ ਲਈ ਵੱਡਾ ਸੰਕਟ ਬਣ ਜਾਂਦੀ ਹੈ, ਜਿਸ ਵਿੱਚ ਕਿਸਾਨ ਦੀ ਸਾਲ ਭਰ ਦੀ ਮਿਹਨਤ ਮਿੰਟਾਂ ਵਿੱਚ ਬਰਬਾਦ ਹੋ ਜਾਂਦੀ ਹੈ। ਅਜਿਹੇ ਸਮੇਂ ਵਿੱਚ ਜ਼ਮੀਨ ਮਾਲਕਾਂ ਨੂੰ ਅੱਗੇ ਆ ਕੇ ਠੇਕੇਦਾਰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਦੁਬਾਰਾ ਖੜ੍ਹੇ ਹੋ ਸਕਣ। ਉਨ੍ਹਾਂ ਨੇ ਹੋਰ ਜ਼ਮੀਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਹਾਲਾਤ ’ਚ ਆਪਣਾ ਹਿੱਸਾ ਪਾਉਣ ਅਤੇ ਕਿਸਾਨਾਂ ਦੀ ਸਹਾਇਤਾ ਕਰਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਾਰੇ ਮਿਲ ਕੇ ਇਕ-ਦੂਜੇ ਦੀ ਮਦਦ ਕਰਨਗੇ ਤਾਂ ਇਸ ਸੰਕਟ ਤੋਂ ਬਾਹਰ ਨਿਕਲਣਾ ਆਸਾਨ ਹੋ ਜਾਵੇਗਾ। ਇਸ ਫੈਸਲੇ ਦੀ ਇਲਾਕੇ ਵਿੱਚ ਕਾਫ਼ੀ ਸਰਾਹਨਾ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਤੇ ਕਿਸਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਨਾਲ ਸਮਾਜ ’ਚ ਇਕ ਚੰਗਾ ਸੰਦੇਸ਼ ਜਾਂਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ। ਕਿਸਾਨਾਂ ਨੇ ਆਸ ਪ੍ਰਗਟਾਈ ਕਿ ਸਰਕਾਰ ਵੀ ਇਸ ਤਰ੍ਹਾਂ ਦੇ ਨੁਕਸਾਨਾਂ ਨੂੰ ਦੇਖਦਿਆਂ ਜਲਦੀ ਮੁਆਵਜ਼ਾ ਜਾਰੀ ਕਰੇਗੀ। ਇਸ ਤੋਂ ਪਹਿਲਾਂ ਪਿੰਡ ਲੱਖੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਨੇ ਗੜੇਮਾਰੀ ਕਾਰਨ ਹੋਏ ਨੁਕਸਾਨ ਤੋਂ ਬਾਅਦ ਠੇਕੇਦਾਰ ਕਿਸਾਨ ਨੂੰ ਅੱਧਾ ਠੇਕਾ ਛੱਡਣ ਦਾ ਐਲਾਨ ਕੀਤਾ ਸੀ। ਉਕਤ ਕਿਸਾਨ ਨੇ ਠੇਕੇਦਾਰ ਤੋਂ 80 ਹਜ਼ਾਰ ਰੁਪਏ ਦੀ ਬਜਾਏ 40 ਹਜ਼ਾਰ ਰੁਪਏ ਪ੍ਰਤੀ ਏਕੜ ਵਸੂਲ ਕੀਤੇ ਸਨ। ਇੱਥੇ ਜ਼ਿਕਰਯੋਗ ਹੈ ਕਿ ਕੋਝੇ ਸੰਧਵਾਂ, ਕੋਠੇ ਚੇਤ ਸਿੰਘ ਵਾਲੇ, ਕੋਠੇ ਲਾਲ ਵਾਲੇ ਅਤੇ ਅਬੂਲੂ ਵਿਚ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਹਾਲਾਤ ਇਹ ਹਨ ਕਿ ਕਿਸਾਨਾਂ ਕੋਲ ਪਸ਼ੂਆਂ ਨੂੰ ਪਾਉਣ ਲਈ ਚਾਰਾ ਤਕ ਨਹੀਂ ਬਚਿਆ। ਜਿਹੜੇ ਖੇਤਾਂ ਵਿਚ ਗੜੇਮਾਰੀ ਹੋਈ ਹੈ, ਉਥੇ ਤੂੜੀ ਬਣਦੀ ਵੀ ਨਜ਼ਰ ਨਹੀਂ ਆ ਰਹੀ।