ਤਾਪਮਾਨ ਵਧਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਕੁਝ ਰਾਹਤ
ਜ਼ਿਲ੍ਹੇ ਅੰਦਰ ਤਾਪਮਾਨ ਵਿੱਚ ਲਗਾਤਾਰ ਵਾਧਾ, ਠੰਢ ਤੋਂ ਲੋਕਾਂ ਨੂੰ ਮਿਲੀ ਕੁੱਝ ਰਾਹਤ
Publish Date: Sat, 07 Feb 2026 06:30 PM (IST)
Updated Date: Sun, 08 Feb 2026 04:08 AM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਕਾਫ਼ੀ ਹੱਦ ਤਕ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਚਾਰ ਦਿਨਾਂ ਦੇ ਅੰਦਰ ਤਾਪਮਾਨ ਵਿੱਚ ਲਗਭਗ 3.2 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਸ ਬਦਲਾਅ ਨਾਲ ਸਵੇਰ ਤੇ ਸ਼ਾਮ ਦੇ ਸਮੇਂ ਮਹਿਸੂਸ ਹੋਣ ਵਾਲੀ ਠੰਢ ਵਿੱਚ ਵੀ ਕਮੀ ਆਈ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ ਘੱਟ ਤੋਂ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦੇ ਸਮੇਂ ਚਮਕਦਾਰ ਧੁੱਪ ਨਿਕਲਣ ਕਾਰਨ ਮੌਸਮ ਸੁਹਾਵਣਾ ਬਣਿਆ ਰਹਿਆ, ਜਿਸ ਨਾਲ ਲੋਕਾਂ ਨੇ ਖੁੱਲ੍ਹੀ ਹਵਾ ਵਿੱਚ ਰਾਹਤ ਮਹਿਸੂਸ ਕੀਤੀ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਧੁੱਪ ਨਿਕਲਣ ਨਾਲ ਜਿੱਥੇ ਆਮ ਜੀਵਨ ਸੁਚਾਰੂ ਹੋਇਆ ਹੈ, ਉੱਥੇ ਹੀ ਸਵੇਰੇ ਧੁੰਦ ਤੇ ਠੰਢੀਆਂ ਹਵਾਵਾਂ ਤੋਂ ਵੀ ਕੁਝ ਨਿਜਾਤ ਮਿਲੀ ਹੈ। ਮੌਸਮ ਵਿਚ ਆਏ ਇਸ ਬਦਲਾਅ ਦਾ ਸਿੱਧਾ ਅਸਰ ਜਨ ਜੀਵਨ ’ਤੇ ਵੇਖਣ ਨੂੰ ਮਿਲ ਰਿਹਾ ਹੈ। ਸਵੇਰ ਦੇ ਸਮੇਂ ਪਾਰਕਾਂ ਤੇ ਸੜਕਾਂ ’ਤੇ ਟਹਿਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਕੂਲ ਜਾਣ ਵਾਲੇ ਬੱਚਿਆਂ ਅਤੇ ਦਫ਼ਤਰਾਂ ਨੂੰ ਜਾਣ ਵਾਲੇ ਮੁਲਾਜ਼ਮਾਂ ਨੇ ਵੀ ਠੰਢ ਘੱਟ ਹੋਣ ਕਾਰਨ ਕੁਝ ਸਹੂਲਤ ਮਹਿਸੂਸ ਕੀਤੀ ਹੈ। ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਲਾਉਣ ਵਾਲਿਆਂ ਨੇ ਕਿਹਾ ਕਿ ਮੌਸਮ ਸੁਧਰਣ ਨਾਲ ਗਾਹਕਾਂ ਦੀ ਆਵਾਜਾਈ ਵਧੀ ਹੈ, ਜਿਸ ਨਾਲ ਵਪਾਰਕ ਸਰਗਰਮੀਆਂ ਵਿੱਚ ਵੀ ਤੇਜ਼ੀ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ ਹਲਕਾ ਵਾਧਾ ਜਾਰੀ ਰਹਿ ਸਕਦਾ ਹੈ ਤੇ ਮੌਸਮ ਆਮ ਤੌਰ ’ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਰਾਤ ਦੇ ਸਮੇਂ ਹਲਕੀ ਠੰਢ ਮਹਿਸੂਸ ਹੋ ਸਕਦੀ ਹੈ, ਇਸ ਲਈ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਜ਼ਿਲ੍ਹੇ ਅੰਦਰ ਘੱਟ ਤੋਂ ਘੱਟ ਤਾਪਮਾਨ 8 ਤੋਂ 10 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਵਾ ਵਿਚ ਨਮੀਂ 50 ਤੋਂ 80 ਫੀਸਦੀ ਰਹੇਗੀ ਜਦੋਂ ਕਿ 5 ਤੋਂ 9 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਲਾਲ ਹਵਾ ਚੱਲ ਸਕਦੀ ਹੈ।