ਹਰਗੋਬਿੰਦ ਸਕੂਲ ’ਚ ਕਰਵਾਏ ਸਾਲਾਨਾ ਖੇਡ ਮੁਕਾਬਲੇ
ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ
Publish Date: Sun, 22 Feb 2026 04:45 PM (IST)
Updated Date: Mon, 23 Feb 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਥਾਣਾ : ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਸਾਲਾਨਾ ਖੇਡ ਮੁਕਾਬਲੇ ਸਕੂਲ ਦੇ ਮੈਦਾਨ ’ਚ ਬੜੇ ਉਤਸ਼ਾਹ, ਜੋਸ਼ ਤੇ ਖੁਸ਼ੀ ਨਾਲ ਮਨਾਏ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਰੀਰਕ ਤੰਦਰੁਸਤੀ, ਖੇਡ ਭਾਵਨਾ ਤੇ ਟੀਮ ਵਰਕ ਦੀ ਭਾਵਨਾ ਨੂੰ ਪ੍ਰਫੁੱਲਤ ਕਰਨਾ ਸੀ। ਖੇਡਾਂ ਦੀ ਸ਼ੁਰੂਆਤ ਸ਼ਾਨਦਾਰ ਉਦਘਾਟਨ ਸਮਾਗਮ ਨਾਲ ਹੋਈ। ਇਸ ਦੌਰਾਨ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਪੇਸ਼ ਕੀਤਾ, ਜਿਸ ’ਚ ਉਨ੍ਹਾਂ ਦੀ ਅਨੁਸ਼ਾਸਨ, ਇਕਸਾਰਤਾ ਤੇ ਸਮਰਪਣ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ। ਖੇਡ ਮੁਕਾਬਲਿਆਂ ਵਿਚ ਦੌੜਾਂ, ਲੰਮੀ ਛਾਲ, ਰੀਲੇਅ ਰੇਸ ਤੇ ਹੋਰ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਸ ਦੇ ਨਾਲ ਹੀ ਜੂਨੀਅਰ ਵਿੰਗ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਮਨਮੋਹਕ ਅਤੇ ਰੰਗ-ਬਿਰੰਗੀਆਂ ਖੇਡਾਂ ਪੇਸ਼ ਕੀਤੀਆਂ, ਜਿਨ੍ਹਾਂ ਦੀਆਂ ਪਿਆਰੀਆਂ ਅਦਾਵਾਂ ਅਤੇ ਮਾਸੂਮੀਅਤ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਬੱਚਿਆਂ ਦੇ ਉਤਸ਼ਾਹ ਨੇ ਸਮਾਗਮ ਵਿੱਚ ਹੋਰ ਵੀ ਰੌਣਕ ਪੈਦਾ ਕਰ ਦਿੱਤੀ। ਵਿਦਿਆਰਥੀਆਂ ਨੇ ਜੋਸ਼ ਨਾਲ ਹਿੱਸਾ ਲੈਂਦਿਆਂ ਖੇਡ ਭਾਵਨਾ ਅਤੇ ਸਹਿਯੋਗ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਫਾਈਨਲ ਰੀਲੇਅ ਰੇਸ ਤੇ ਇਨਾਮ ਵੰਡ ਸਮਾਰੋਹ ਰਿਹਾ। ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਓਵਰਆਲ ਟਰਾਫੀ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਆਪਣੇ ਨਾਂ ਕੀਤੀ ਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਜੋਤੀ ਸ਼ਰਮਾ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਸਟਾਫ ਤੇ ਵਿਦਿਆਰਥੀਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਅੰਤ ’ਚ ਧੰਨਵਾਦੀ ਸ਼ਬਦਾਂ ਅਤੇ ਰਾਸ਼ਟਰੀ ਗਾਨ ਨਾਲ ਸਮਾਗਮ ਦਾ ਸਮਾਪਨ ਕੀਤਾ ਗਿਆ। ਇਹ ਖੇਡ ਮੁਕਾਬਲੇ ਵਿਦਿਆਰਥੀਆਂ ਲਈ ਯਾਦਗਾਰ ਤੇ ਪ੍ਰੇਰਣਾਦਾਇਕ ਸਾਬਤ ਹੋਏ।