- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਕਾਸ਼ੀ ਯੂਨੀਵਰਸਿਟੀ ਤੇ ਫਰਟੀਲਾਇਜ਼ਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਖਾਦਾਂ ਬਾਰੇ ਪ੍ਰੋਗਰਾਮ ਕਰਵਾਇਆ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਖਾਦਾਂ ਦੀ ਸਹੀ ਵਰਤੋਂ, ਖੇਤੀ ਖਰਚਿਆਂ ਨੂੰ ਘੱਟ ਕਰਨ ਪ੍ਰਤੀ ਜਾਗਰੂਕਤਾ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਐਗਰੀਕਲਚਰ ਵੱਲੋਂ ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ (ਐਫਏਆਈ ਉੱਤਰੀ ਖੇਤਰ) ਦੇ ਸਹਿਯੋਗ ਨਾਲ ਜਾਣਕਾਰੀ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਾਇਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਤੇ ਪਰੋ ਵਾਇਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾਇਰੈਕਟਰ ਪ੍ਰਕਾਸ਼ਣ ਐਫ਼ਏਆਈ ਨਵੀਂ ਦਿੱਲੀ ਡਾ. ਡੀਐਸ ਯਾਦਵ, ਡਿਪਟੀ ਜਨਰਲ ਮਨੈਜਰ ਮਾਰਕੀਟਿੰਗ ਐਸਕੇ ਸ਼ਰਮਾ, ਯੂਨੀਵਰਸਿਟੀ ਦੇ ਨਿਰਦੇਸ਼ਕ ਸੁਰੱਖਿਆ ਦੇਸ ਰਾਜ ਕੰਬੋਜ਼, ਡੀਨ ਡਾ. ਲੋਕੇਂਦਰ ਕਸ਼ਅਪ, ਐੱਫਏਆਈ ਦੇ ਅਧਿਕਾਰੀ, ਫੈਕਲਟੀ ਮੈਂਬਰ ਅਤੇ 300 ਤੋਂ ਵੱਧ ਵਿਦਿਆਰਥੀ ਹਾਜ਼ਰ ਹੋਏ। ਸਨਮਾਨ ਸਮਾਰੋਹ ਮੌਕੇ ਵਾਈਸ ਚਾਂਸਲਰ ਡਾ. ਸਿੰਘ ਨੇ ਕਰਵਾਏ ਪ੍ਰੋਗਰਾਮ ਨੂੰ ਵਿਦਿਆਰਥੀਆਂ ਅਤੇ ਕਿਸਾਨਾਂ ਲਈ ਲਾਹੇਵੰਦ ਦੱਸਿਆ ਤੇ ਇਹ ਵੀ ਕਿਹਾ ਕਿ ਅਜਿਹੇ ਪ੍ਰੋਗਰਾਮ ਖੇਤੀ ਧੰਦੇ ਦੇ ਵਿਕਾਸ ਵਿੱਚ ਸਹਾਈ ਹੁੰਦੇ ਹਨ। ਆਪਣੇ ਉਦਘਾਟਨੀ ਭਾਸ਼ਣ ਵਿੱਚ ਡਾ. ਧੀਮਾਨ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਸ਼ਵ ਭਰ ਵਿੱਚ ਜੰਨ ਸੰਖਿਆ ਦੇ ਵਾਧੇ ਕਾਰਨ ਖੇਤੀ ਉਤਪਾਦਨ ਦਾ ਵਧਣਾ ਜ਼ਰੂਰੀ ਹੈ। ਜਿਸ ਲਈ ਉਨ੍ਹਾਂ ਹਰੀ ਕ੍ਰਾਂਤੀ ਦੀ ਭੋਜਨ ਸੁਰੱਖਿਆ ਲਈ ਕਾਮਯਾਬੀ ਦੀ ਗੱਲ ਕੀਤੀ ਅਤੇ ਕਿਹਾ ਕਿ ਕਿਸਾਨਾਂ ਵੱਲੋਂ ਵੱਧ ਝਾੜ ਲੈਣ ਵਾਸਤੇ ਖਾਦਾਂ ਦਾ ਲੋੜ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ ਖੇਤੀ ਖਰਚ ਵੱਧ ਜਾਂਦਾ ਹੈ, ਤੇ ਖੇਤੀ ਲਾਹੇਵੰਦ ਧੰਦਾ ਨਹੀਂ ਰਹਿੰਦੀ ਅਤੇ ਧਰਤੀ ਦੇ ਜਲ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਲਈ ਖਾਦਾਂ ਦੀ ਉਚਿਤ ਅਤੇ ਠੀਕ ਮਾਤਰਾ ਵਿੱਚ ਉਪਯੋਗ ਵਾਸਤੇ ਇਹ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੰਕੜਿਆਂ ਸਹਿਤ ਦੱਸਿਆ ਹੈ ਕਿ ਪੰਜਾਬ ਭਾਰਤ ਦੇ ਕੁੱਲ ਰਕਬੇ ਦਾ 1.54 ਫੀਸਦੀ ਹੁੰਦਿਆਂ ਹੋਇਆ ਦੇਸ਼ ਦੀਆਂ 9 ਫੀਸਦੀ ਖਾਦਾਂ ਦਾ ਇਸਤੇਮਾਲ ਕਰਦਾ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਸਰੋਤਿਆਂ ਨੂੰ ਅਨਾਜ਼ ਦੇ ਇੱਕ-ਇੱਕ ਦਾਣੇ ਦੀ ਸਾਂਭ ਸੰਭਾਲ ਪ੍ਰਤੀ ਵੀ ਜਾਗਰੂਕ ਕੀਤਾ। ਦੂਜੇ ਸ਼ੈਸ਼ਨ ਵਿੱਚ ਮੁੱਖ ਵਕਤਾ ਡਾ. ਯਾਦਵ ਨੇ ਜੀ.ਕੇ.ਯੂ. ਵੱਲੋਂ ਖੇਤੀਬਾੜੀ ਦੇ ਖੇਤਰ ਵਿਚ ਲੜਕੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਵਰਸਿਟੀ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀਜੀਐਮਮਾਰਕੀਟਿੰਗ ਸ਼ਰਮਾ ਨੇ ਫਰਟੀਲਾਈਜ਼ਰ ਦੇ ਵਪਾਰ ਸੰਬੰਧੀ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਡਾ. ਪ੍ਰਿਤਪਾਲ ਸਿੰਘ ਨੇ ਫਰਟੀਲਾਈਜ਼ਰ ਦਾ ਸਹੀ ਉਪਯੋਗ ਕਰਕੇ ਖੇਤੀ ਝਾੜ ਵਧਾਉਣ ਬਾਰੇ ਗੱਲਬਾਤ ਕੀਤੀ। ਐਫਏਆਈ ਵੱਲੋਂ ਪ੍ਰਸ਼ਨਕਾਲ ਦੌਰਾਨ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਸਹੀ ਜਵਾਬਾਂ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਐਫ.ਏ.ਆਈ ਅਧਿਕਾਰੀਆਂ ਵੱਲੋਂ ਡਾ. ਧੀਮਾਨ ਨੂੰ ਐੱਫਏਆਈ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸੈਟ ਭੇਂਟ ਕੀਤਾ ਗਿਆ ਤੇ ਡਾ. ਧੀਮਾਨ ਨੇ ਵੀ ਸਵੈ ਲਿਖਤ ਕਿਤਾਬ ਅਧਿਕਾਰੀਆਂ ਨੂੰ ਭੇਂਟ ਕੀਤੀ। ਪ੍ਰੋਗਰਾਮ ਕਨਵੀਨਰ ਡਾ. ਦਿਨੇਸ਼ ਕੁਮਾਰ ਦੀ ਸਮੁੱਚੀ ਟੀਮ ਦਾ ਪ੍ਰਬੰਧਨ ਸ਼ਲਾਘਾਯੋਗ ਰਿਹਾ।