ਗੁਰੂ ਕਾਸ਼ੀ ’ਵਰਸਿਟੀ ਦੇ ਰੁਜ਼ਗਾਰ ਮੇਲੇ ’ਚ ਵੰਡੇ ਨਿਯੁਕਤੀ ਪੱਤਰ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰੁਜ਼ਗਾਰ ਮੇਲੇ ਵਿਚ ਵਿਦਿਆਰਥੀਆਂ ਨੂੰ ਵੰਡੇ ਨਿਯੁਕਤੀ ਪੱਤਰ
Publish Date: Wed, 11 Feb 2026 07:49 PM (IST)
Updated Date: Thu, 12 Feb 2026 04:06 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਦੋ ਰੋਜ਼ਾ ਰੁਜ਼ਗਾਰ ਮੇਲਾ ਕਰਵਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ.(ਡਾ.) ਰਾਮੇਸ਼ਵਰ ਸਿੰਘ ਨੇ ਕੀਤਾ। ਉਦਆਟਨੀ ਸਮਾਰੋਹ ਵਿਚ ਪਰੋ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਪਰੋ ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ, ਡਾਇਰੈਕਟਰ ਕੈਂਪਸ ਡਾ. ਹਰਜਸਪਾਲ ਸਿੰਘ, ਡੀਨ ਅਕਾਦਮਿਕ ਡਾ. ਜਾਵੇਦ ਅਹਿਮਦ ਖਾਨ, ਵੱਖ-ਵੱਖ ਫੈਕਲਟੀਆਂ ਦੇ ਡੀਨ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਹੋਏ। ਮੇਲੇ ਦੇ ਦੂਜੇ ਦਿਨ 150 ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਉਦਘਾਟਨ ਮੌਕੇ ਮੁੱਖ ਮਹਿਮਾਨ ਡਾ. ਸਿੰਘ ਨੇ ਕਿਹਾ ਕਿ ਰੁਜ਼ਗਾਰ ਮੇਲੇ ਸਿੱਖਿਆ ਅਤੇ ਸਨਅਤ ਵਿਚਕਾਰ ਪੁੱਲ ਦਾ ਕੰਮ ਕਰਦੇ ਹਨ। ਇਸ ਲਈ ਜੀਕੇਯੂ ਇੰਡਸਟਰੀ ਦੀ ਮੰਗ ਅਨੁਸਾਰ ਨਵੇਂ ਸਿਲੇਬਸ ਤਿਆਰ ਕਰ ਰਹੀ ਹੈ ਤੇ ਨਵੇਂ ਤਕਨੀਕੀ ਕੋਰਸ ਸ਼ੁਰੂ ਕਰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇੰਟਰਵਿਊ ਵਿੱਚ ਇਮਾਨਦਾਰੀ ਅਤੇ ਆਤਮ-ਵਿਸ਼ਵਾਸ ਨਾਲ ਜਵਾਬ ਦੇਣ ਲਈ ਪ੍ਰੇਰਿਤ ਕੀਤਾ। ਪਰੋ ਵਾਈਸ ਚਾਂਸਲਰ ਡਾ. ਧੀਮਾਨ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ ਨਾਲ ਇੰਡਸਟਰੀ ਦੇ ਅਧਿਕਾਰੀਆਂ ਅੱਗੇ ਆਪਣੀ ਯੋਗਤਾ ਦਾ ਪ੍ਰਗਟਾਵਾ ਕਰਨ ਲਈ ਕਿਹਾ।
ਉਨ੍ਹਾਂ ਵਿਦਿਆਰਥੀਆਂ ਨੂੰ ਹਮੇਸ਼ਾ ਸਿੱਖਦੇ ਰਹਿਣ ਦੇ ਜਜ਼ਬੇ ਨੂੰ ਕਾਇਮ ਰੱਖਣ ਦਾ ਮਸ਼ਵਰਾ ਵੀ ਦਿੱਤਾ। ਇਸ ਮੌਕੇ ਡਾ. ਵਰਮਾ ਨੇ ਵਿਦਿਆਰਥੀਆਂ ਨੂੰ ਆਪਣਾ ਹੰਕਾਰ ਛੱਡ ਕੇ ਟੀਮ ਭਾਵਨਾ ਪੈਦਾ ਕਰਨ ਦੀ ਸਲਾਹ ਦਿੱਤੀ। ਕੈਂਪਸ ਡਾਇਰੈਕਟਰ ਡਾ. ਸਿੰਘ ਨੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਦੇ ਪ੍ਰਬੰਧਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਰੁਜ਼ਗਾਰ ਮੇਲੇ ਵਿਦਿਆਰਥੀਆਂ ਦੇ ਹੌਂਸਲੇ ਵਧਾਉਣ ਲਈ ਜ਼ਰੂਰੀ ਹਨ। ਉਨ੍ਹਾਂ ਸਮੂਹ ਪ੍ਰਬੰਧਕੀ ਟੀਮ ਵੱਲੋਂ ਪੇਸ਼ੇਵਰ ਤਰੀਕੇ ਨਾਲ ਕਾਰਜਕ੍ਰਮ ਨੂੰ ਆਯੋਜਿਤ ਕਰਨ ਦੀ ਪ੍ਰਸ਼ੰਸਾ ਕੀਤੀ। ਡਿਪਟੀ ਡਾਇਰੈਕਟਰ ਟ੍ਰੇਨਿੰਗ ਐਂਡ ਪਲੇਸਮੈਂਟ ਡਾ. ਵਿਕਾਸ ਗੁਪਤਾ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਭਾਰਤ ਦੀਆਂ 15 ਤੋਂ ਵੱਧ ਨਾਮਵਰ ਕੰਪਨੀਆਂ ਦੇ ਅਧਿਕਾਰੀਆਂ ਨੇ ਆਪਣੇ ਅਦਾਰੇ ਲਈ ਯੋਗ ਉਮੀਦਵਾਰ ਸ਼ੋਰਟਲਿਸਟ ਕੀਤੇ। ਰੁਜ਼ਗਾਰ ਮੇਲੇ ਦੇ ਦੂਜੇ ਦਿਨ ਹਾਈਬ੍ਰਿਡ ਮੋਡ ਵਿਚ ਲਗਭਗ 12 ਕੰਪਨੀਆਂ ਦੇ ਅਧਿਕਾਰੀਆਂ ਨੇ ਆਪਣੇ ਆਪਣੇ ਅਦਾਰਿਆਂ ਲਈ ਵਿਦਿਆਰਥੀਆਂ ਦੀ ਚੋਣ ਕੀਤੀ। ਮੇਲੇ ਵਿਚ 400 ਦੇ ਕਰੀਬ ਵਿਦਿਆਰਥੀ ਪਲੇਸਮੈਂਟ ਲਈ ਹਾਜ਼ਰ ਹੋਏ।