- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗ ਦੌਰਾਨ ਗੈਸ ਸੰਕਟ ਦੀ ਦੋਹਰੀ ਮਾਰ: ਖਾਣ ਪੀਣ ਵਾਲੀ ਹਰ ਵਸਤੂ ਹੋਈ ਮਹਿੰਗੀ, ਲੋਕਾਂ ਦਾ ਰਸੋਈ ਬਜ਼ਟ ਡਗਮਗਾਇਆ

–ਕਮਰਸ਼ੀਅਲ ਗੈਸ ਦੀ ਕਮੀ ਕਾਰਨ ਹੋਟਲ-ਰੈਸਟੋਰੈਂਟ ਮਾਲਕ ਪਰੇਸ਼ਾਨ, ਲੋਕਾਂ ਦਾ ਬਜਟ ਪ੍ਰਭਾਵਿਤ
29) ਜੰਗ ਕਾਰਨ ਗੈਸ ਦੀ ਘਾਟ ਦੌਰਾਨ ਖਾਣ-ਪੀਣ ਦੀਆਂ ਮਹਿੰਗੀਆਂ ਚੀਜ਼ਾਂ ਸਬੰਧੀ ਜਾਣਕਾਰੀ ਦਿੰਦਾ ਹੋਇਆ ਦੁਕਾਨਦਾਰ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਖਾੜੀ ਦੇਸ਼ਾਂ ਵਿੱਚ ਜਾਰੀ ਤਣਾਅ ਅਤੇ ਸ਼ਹਿਰ ਵਿੱਚ ਕਮਰਸ਼ੀਅਲ ਗੈਸ ਦੀ ਕਮੀ ਨਾਲ ਮਹਿੰਗਾਈ ਆਸਮਾਨ ਛੂਹ ਰਹੀ ਹੈ। ਇਸਦਾ ਪ੍ਰਭਾਵ ਹੁਣ ਸਿੱਧਾ ਆਮ ਲੋਕਾਂ ਦੀ ਰਸੋਈ ਤੱਕ ਮਹਿਸੂਸ ਕੀਤਾ ਜਾ ਰਿਹਾ ਹੈ। ਰਿਫਾਇੰਡ ਤੇਲ ਦੀਆਂ ਕੀਮਤਾਂ ’ਚ ਲਗਭਗ 30 ਰੁਪਏ ਪ੍ਰਤੀ ਕਿੱਲੋ ਵਾਧਾ ਹੋਇਆ ਹੈ, ਜਿਸ ਕਾਰਨ ਖਾਣ-ਪੀਣ ਦੀਆਂ ਲਗਭਗ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ। ਗੈਸ ਸਿਲੰਡਰ ਅਤੇ ਖਾਸ ਕਰਕੇ ਕਮਰਸ਼ੀਅਲ ਗੈਸ ਦੀ ਕਮੀ ਦਾ ਪ੍ਰਭਾਵ ਹੁਣ ਘਰੇਲੂ ਬਜ਼ਾਰ ‘ਤੇ ਵੀ ਸਾਫ਼ ਦਿੱਖ ਰਿਹਾ ਹੈ। ਕਈ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ 10 ਤੋਂ 30 ਫੀਸਦੀ ਤਕ ਵਾਧਾ ਹੋ ਚੁੱਕਾ ਹੈ। ਗੈਸ ਦੀ ਮਹਿੰਗਾਈ ਅਤੇ ਸਮੇਂ ‘ਤੇ ਉਪਲੱਬਧ ਨਾ ਹੋਣ ਕਾਰਨ ਉਤਪਾਦਨ ਤੋਂ ਲੈ ਕੇ ਵਿਕਰੀ ਤਕ ਦੀ ਸਾਰੀ ਲੜੀ ਪ੍ਰਭਾਵਿਤ ਹੋ ਰਹੀ ਹੈ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਰਿਹਾ ਹੈ। ਸਿਰਕੀ ਬਾਜ਼ਾਰ ਦੇ ਕਿਰਾਨਾ ਵਪਾਰੀ ਘਨਸ਼ਿਆਮ ਕੁਮਾਰ ਦੇ ਅਨੁਸਾਰ ਪਹਿਲਾਂ 15 ਕਿੱਲੋ ਦਾ ਰਿਫਾਇੰਡ ਟੀਨ ਲਗਭਗ 2120 ਰੁਪਏ ਵਿਚ ਮਿਲਦਾ ਸੀ, ਜੋ ਹੁਣ 2580 ਰੁਪਏ ਤਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਬਜ਼ਾਰ ਵਿੱਚ ਬਣਨ ਵਾਲੇ ਹਰ ਖਾਦ ਦਾ ਖ਼ਰਚ ਵਧ ਗਿਆ ਹੈ। ਮਹਿੰਗਾਈ ਦਾ ਪ੍ਰਭਾਵ ਹੁਣ ਸਟਰੀਟ ਫੂਡ ’ਤੇ ਵੀ ਸਾਫ਼ ਦਿੱਖ ਰਿਹਾ ਹੈ। ਜਿੱਥੇ ਪਹਿਲਾਂ 10 ਰੁਪਏ ਵਿੱਚ ਤਿੰਨ ਗੋਲ-ਗੱਪੇ ਮਿਲਦੇ ਸਨ, ਹੁਣ ਦੁਕਾਨਦਾਰ ਦੋ ਹੀ ਦੇ ਰਹੇ ਹਨ। ਚਾਹ ਦਾ ਇਕ ਕੱਪ ਹੁਣ 20 ਰੁਪਏ ਤਕ ਪਹੁੰਚ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਗੈਸ ਸਿਲੰਡਰ ਦੀ ਕਮੀ ਹੈ ਤੇ ਦੂਜੇ ਪਾਸੇ ਰਿਫਾਇੰਡ ਤੇਲ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਖ਼ਰਚ ਕੱਢਣਾ ਮੁਸ਼ਕਲ ਹੋ ਗਿਆ ਹੈ।
-ਬਾਕਸ-
-ਦੁਕਾਨਦਾਰਾਂ ਦੀਆਂ ਮੁਸ਼ਕਲਾਂ ’ਚ ਹੋਇਆ ਵਾਧਾ
ਭਵਾਨੀ ਨਮਕੀਨ ਭੰਡਾਰ ਦੇ ਸੰਚਾਲਕ ਬਾਬੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਭੁਜੀਆ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕਿੱਲੋ ਵਾਧਾ ਕਰਨਾ ਪਿਆ। ਪਕੌੜੇ ਵਿਕਰੇਤਾ ਸਤ ਨਰਾਇਣ ਗੁਪਤਾ ਨੇ ਕਿਹਾ ਕਿ ਉਹ ਵੀ ਜਲਦ ਕੀਮਤ ਵਧਾਉਣ ਲਈ ਮਜ਼ਬੂਰ ਹੋ ਸਕਦੇ ਹਨ। ਇਸ ਸਮੇਂ 2 ਤੋਂ 10 ਰੁਪਏ ਤਕ ਦੀ ਕੀਮਤ ਵਾਧੇ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ’ਚ ਪਕੌੜਿਆਂ ਦੇ 250 ਗ੍ਰਾਮ ਦੇ ਪੈਕ ਦੇ ਕੀਮਤ 10 ਰੁਪਏ ਵਧ ਸਕਦੇ ਹਨ। ਸ਼ਹਿਰ ਵਿੱਚ ਪਿਛਲੇ ਪਖਵਾਡੇ ਤੋਂ ਕਮਰਸ਼ੀਅਲ ਗੈਸ ਦੀ ਸਪਲਾਈ ਪ੍ਰਭਾਵਿਤ ਹੈ। ਸਰਕਾਰੀ ਹੁਕਮਾਂ ਅਨੁਸਾਰ ਗੈਸ ਸਪਲਾਈ ਹਸਪਤਾਲਾਂ, ਸਿੱਖਿਆ ਸੰਸਥਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਪ੍ਰਾਥਮਿਕਤਾ ਦੇ ਤੌਰ ’ਤੇ ਕੀਤੀ ਜਾ ਰਹੀ ਹੈ। ਇਸ ਕਾਰਨ ਹੋਟਲ, ਢਾਬਾ, ਰੈਸਟੋਰੈਂਟ ਤੇ ਮੈਰਿਜ ਪੈਲੇਸ ਸੰਚਾਲਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘੋੜਾ ਚੌਕ ਕੋਲ ਚਾਹ ਵਿਕ੍ਰੇਤਾ ਅਰੁਣ ਨੇ ਦੱਸਿਆ ਕਿ ਉਨ੍ਹਾਂ ਨੂੰ ਬਲੈਕ ਮਾਰਕੀਟ ਵਿੱਚ 2200 ਰੁਪਏ ਤਕ ਸਿਲੰਡਰ ਖਰੀਦਣਾ ਪਿਆ। ਉਹ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਨੇ ਕੀਮਤ ਨਹੀਂ ਵਧਾਈ ਤਾਂ ਖ਼ਰਚ ਕੱਢਣਾ ਮੁਸ਼ਕਲ ਹੋ ਜਾਵੇਗਾ। ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਕਈ ਹੋਟਲ ਅਤੇ ਰੈਸਟੋਰੈਂਟ ਸੰਚਾਲਕ ਹੁਣ ਡੀਜ਼ਲ ਭੱਟੀ ਅਤੇ ਇਲੈਕਟ੍ਰਿਕ ਹੀਟਰ ’ਤੇ ਨਿਰਭਰ ਹੋ ਰਹੇ ਹਨ, ਜੋ ਗੈਸ ਨਾਲੋਂ ਤਿੰਨ ਗੁਣਾ ਮਹਿੰਗੇ ਪੈਂਦੇ ਹਨ। ਇਸ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ 10 ਤੋਂ 30 ਰੁਪਏ ਤਕ ਵਾਧਾ ਹੋ ਗਿਆ ਹੈ।
ਮੈਰਿਜ ਪੈਲੇਸ ਸੰਚਾਲਕਾਂ ਦੇ ਮੁਤਾਬਕ, ਗੈਸ ਸੰਕਟ ਦਾ ਪ੍ਰਭਾਵ ਸ਼ਾਦੀ ਸਮਾਗਮਾਂ ’ਤੇ ਵੀ ਪਿਆ ਹੈ। ਪਹਿਲਾਂ ਇਕ ਸ਼ਾਦੀ ਦਾ ਖ਼ਰਚ ਲਗਭਗ 15 ਲੱਖ ਰੁਪਏ ਹੁੰਦਾ ਸੀ, ਹੁਣ ਇਹ 18 ਤੋਂ 20 ਲੱਖ ਰੁਪਏ ਤਕ ਪਹੁੰਚ ਗਿਆ ਹੈ। ਸੰਚਾਲਕਾਂ ਨੇ ਦੱਸਿਆ ਕਿ ਜੇਕਰ ਹਾਲਾਤ ਇਹੋ ਜਿਹੇ ਹੀ ਰਹੇ ਤਾਂ ਉਨ੍ਹਾਂ ਨੂੰ ਨਵੀਆਂ ਬੁਕਿੰਗ ਲੈਣੀਆਂ ਬੰਦ ਕਰਣੀਆਂ ਪੈ ਸਕਦੀਆਂ ਹਨ। ਮਹਿੰਗਾਈ ਦਾ ਪ੍ਰਭਾਵ ਆਮ ਲੋਕਾਂ ਦੇ ਘਰੇਲੂ ਬਜਟ ‘ਤੇ ਵੀ ਪਿਆ ਹੈ। ਗ੍ਰਹਿਣੀ ਅੰਜੂ ਗਰਗ ਨੇ ਕਿਹਾ ਕਿ ਪਹਿਲਾਂ ਜੋ ਰਿਫਾਇੰਡ 160 ਰੁਪਏ ਵਿੱਚ ਮਿਲਦਾ ਸੀ, ਹੁਣ ਉਹ 200 ਰੁਪਏ ਤਕ ਚਲਾ ਗਿਆ ਹੈ। ਲੋਕ ਹੁਣ ਲੋੜ ਮੁਤਾਬਕ ਹੀ ਖਰੀਦਦਾਰੀ ਕਰ ਰਹੇ ਹਨ ਅਤੇ ਗੈਰ-ਜ਼ਰੂਰੀ ਖ਼ਰਚ ‘ਚ ਕਟੌਤੀ ਕਰ ਰਹੇ ਹਨ। ਮਾਹਿਰਾਂ ਦੇ ਅਨੁਸਾਰ ਇਰਾਨ-ਇਜ਼ਰਾਇਲ ਤਣਾਅ ਕਾਰਨ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸਦਾ ਪ੍ਰਭਾਵ ਰਿਫਾਇੰਡ ਤੇਲ ਦੀਆਂ ਕੀਮਤਾਂ ‘ਤੇ ਪਿਆ। ਇਸਦੇ ਨਾਲ-ਨਾਲ ਗੈਸ ਸਿਲੰਡਰਾਂ ਦੀ ਕਮੀ ਨੇ ਹਾਲਾਤ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਜ਼ਿਲ੍ਹਾ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਸ ਸਪਲਾਈ ਸਰਕਾਰ ਦੇ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਸੇਵਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਘਰੇਲੂ ਗੈਸ ਦੇ ਗਲਤ ਉਪਯੋਗ ਨੂੰ ਰੋਕਣ ਲਈ ਓਟੀਪੀ ਸਿਸਟਮ ਨੂੰ ਸਖਤੀ ਨਾਲ ਲਾਗੂ ਕੀਤਾ ਹੈ।