ਗੈਸ ਸਪਲਾਈ ’ਚ ਦੇਰੀ, 45 ਦਿਨ ਦੀ ਸ਼ਰਤ ਤੋਂ ਖ਼ਪਤਕਾਰ ਪਰੇਸ਼ਾਨ
ਗੈਸ ਸਿਲੰਡਰਾਂ ਦੀ ਸਪਲਾਈ ’ਚ ਦੇਰੀ, 45 ਦਿਨ ਦੀ ਸ਼ਰਤ ’ਤੇ ਸਵਾਲ
Publish Date: Tue, 24 Mar 2026 05:03 PM (IST)
Updated Date: Wed, 25 Mar 2026 04:02 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ
ਪਿੰਡ ਕੋਟਸ਼ਮੀਰ ਵਿਚ ਭਾਰਤ ਗੈਸ ਦੇ ਸਿਲੰਡਰ ਸਮੇਂ ਸਿਰ ਨਾ ਮਿਲਣ ਕਾਰਨ ਖਪਤਕਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਗੈਸ ਏਜੰਸੀ ਵੱਲੋਂ ਸਪਲਾਈ ਵਿਚ ਹੋ ਰਹੀ ਦੇਰੀ ਕਾਰਨ ਕਈ ਘਰਾਂ ’ਚ ਚੁੱਲ੍ਹੇ ਠੰਡੇ ਪਏ ਹਨ ਅਤੇ ਲੋਕਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਚਲਾਉਣ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਪਤਕਾਰਾਂ ਨੇ ਕਿਹਾ ਕਿ ਜਦੋਂ ਉਹ ਸਿਲੰਡਰ ਬੁੱਕ ਕਰਵਾਉਣ ਲਈ ਏਜੰਸੀ ਨਾਲ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ 45 ਦਿਨਾਂ ਤੋਂ ਘੱਟ ਸਮਾਂ ਹੋਣ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੱਤਾ ਜਾਂਦਾ ਹੈ। ਕਈ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ਤੋਂ ਕੋਈ ਸਿਲੰਡਰ ਨਹੀਂ ਲਿਆ, ਪਰ ਕੰਪਨੀ ਦੀ ਐਪ ਉਨ੍ਹਾਂ ਨੂੰ 10–15 ਦਿਨ ਪਹਿਲਾਂ ਡਲਿਵਰੀ ਹੋ ਚੁੱਕੀ ਦਿਖਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਗਈ ਹੈ। ਪਿੰਡ ਵਾਸੀ ਜਸਪ੍ਰੀਤ ਸਿੰਘ ਬੁੱਟਰ ਨੇ ਦੱਸਿਆ ਕਿ ਉਸਦੇ ਘਰ ਗੋਬਰ ਗੈਸ ਪਲਾਂਟ ਹੋਣ ਕਰਕੇ ਉਸਨੇ ਪਿਛਲੇ ਇਕ ਸਾਲ ਤੋਂ ਕੋਈ ਸਿਲੰਡਰ ਨਹੀਂ ਭਰਵਾਇਆ, ਪਰ ਕੰਪਨੀ ਦੀ ਐਪ 3 ਮਾਰਚ 2026 ਨੂੰ ਉਸਦੇ ਨਾਂ ਡਲਿਵਰੀ ਦਿਖਾ ਰਹੀ ਹੈ। ਇਸੇ ਤਰ੍ਹਾਂ ਗੁਰਪਾਲ ਸਿੰਘ, ਵਾਸੀ ਕੋਟਸ਼ਮੀਰ ਨੇ ਦੱਸਿਆ ਕਿ ਉਸਨੇ ਆਪਣਾ ਗੈਸ ਕਨੈਕਸ਼ਨ ਇੰਡੇਨ ਕੰਪਨੀ ਤਲਵੰਡੀ ਸਾਬੋ ਤੋਂ ਬੰਦ ਕਰਵਾ ਕੇ ਦਸਮੇਸ਼ ਭਾਰਤ ਗੈਸ ਏਜੰਸੀ ਕੋਟਸ਼ਮੀਰ ਵਿਚ ਕਰਵਾਇਆ ਸੀ, ਪਰ ਅੱਜ ਤਕ ਉਸਨੂੰ ਇਕ ਵੀ ਸਿਲੰਡਰ ਨਹੀਂ ਮਿਲਿਆ। ਖਪਤਕਾਰਾਂ ਨੇ ਮੰਗ ਕੀਤੀ ਕਿ ਸਿਲੰਡਰ ਬੁਕਿੰਗ ਦੀ ਮਿਆਦ 45 ਦਿਨਾਂ ਤੋਂ ਘਟਾ ਕੇ 25 ਦਿਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਟਸ਼ਮੀਰ ਨਗਰ ਪੰਚਾਇਤ ਹੋਣ ਕਰ ਕੇ ਇਹ ਖੇਤਰ ਸ਼ਹਿਰੀ ਇਲਾਕੇ ’ਚ ਆਉਂਦਾ ਹੈ ਤੇ ਸ਼ਹਿਰਾਂ ਵਾਂਗ ਇੱਥੇ ਵੀ 25 ਦਿਨਾਂ ਵਿਚ ਸਿਲੰਡਰ ਦੀ ਸਹੂਲਤ ਮਿਲਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਦਸਮੇਸ਼ ਭਾਰਤ ਗੈਸ ਏਜੰਸੀ ਕੋਟਸ਼ਮੀਰ ਦੇ ਐਮਡੀ. ਮੋਹਿਤ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪੱਧਰ ’ਤੇ ਕਿਸੇ ਵੀ ਖਪਤਕਾਰ ਨੂੰ ਨਿਰਾਸ਼ ਨਹੀਂ ਕਰ ਰਹੇ। ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ 25 ਦਿਨਾਂ ਦੇ ਅੰਦਰ ਸਿਲੰਡਰ ਜਾਰੀ ਕਰਨ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਕਿਸੇ ਵੀ ਖਪਤਕਾਰ ਨੂੰ ਪ੍ਰੇਸ਼ਾਨ ਨਹੀਂ ਹੋਣ ਦੇਣਗੇ।