ਗੈਸ, ਪੈਟਰੋਲ-ਡੀਜ਼ਲ ਦੀ ਕਾਲਾਬਾਜ਼ਾਰੀ ਰੋਕਣ ਲਈ ਪ੍ਰਸ਼ਾਸਨ ਪੱਬਾਂ ਭਾਰ
ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਰੋਕਣ ਲਈ ਉਡਣ ਦਸਤਿਆਂ ਦੀਆਂ ਟੀਮਾਂ ਗਠਿਤ
Publish Date: Sun, 15 Mar 2026 04:34 PM (IST)
Updated Date: Mon, 16 Mar 2026 04:04 AM (IST)
-ਬਠਿੰਡਾ ’ਚ ਉੱਡਣ ਦਸਤਿਆਂ ਦੀਆਂ ਟੀਮਾਂ ਨੇ ਚੈਕਿੰਗ ਦੌਰਾਨ ਕੁਝ ਸਿਲੰਡਰ ਕੀਤੇ ਜ਼ਬਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹਾ ਪ੍ਰਸ਼ਾਸਨ ਨੇ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਅਤੇ ਜਮਾਖੋਰੀ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਬਠਿੰਡਾ ਦਲਜੀਤ ਸਿੰਘ ਸੰਧੂ ਵੱਲੋਂ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦੀ ਕਾਲਾਬਾਜ਼ਾਰੀ ਅਤੇ ਜਮਾਖੋਰੀ ਨੂੰ ਰੋਕਣ ਲਈ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿਚ ਉਡਣ ਦਸਤਿਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਗੈਸ ਏਜੰਸੀਜ਼ ਅਤੇ ਪੈਟਰੋਲ ਪੰਪਾਂ ਦੀ ਨਿਗਰਾਨੀ ਰੱਖਣਗੀਆਂ ਅਤੇ ਕਿਸੇ ਵੀ ਗੜਬੜ ‘ਤੇ ਤੁਰੰਤ ਕਾਰਵਾਈ ਕਰਨਗੀਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਖ਼ਾਸ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਲੋਕ ਘਰੇਲੂ ਗੈਸ, ਪੈਟਰੋਲ ਜਾਂ ਡੀਜ਼ਲ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਦੀ ਸ਼ਿਕਾਇਤ ਨੰਬਰ 0164-2921552 ‘ਤੇ ਕਰ ਸਕਦੇ ਹਨ। ਇਹ ਕੰਟਰੋਲ ਰੂਮ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਅਤੇ ਸਾਰਾ ਹਫਤਾ ਵਰਕਿੰਗ ਰਹੇਗਾ।
ਇਸ ਲੜੀ ਤਹਿਤ ਟੀਮਾਂ ਨੇ ਹਾਜ਼ੀਰਤਨ ਰੋਡ, ਮੁਲਤਾਨੀਆ ਰੋਡ ਅਤੇ ਰਾਮਪੁਰਾ ਖੇਤਰਾਂ ਵਿਚ ਚੈਕਿੰਗ ਕੀਤੀ। ਜਾਂਚ ਦੌਰਾਨ ਕੁਝ ਗੈਸ ਸਿਲਿੰਡਰ ਜ਼ਬਤ ਕੀਤੇ ਗਏ। ਪਤਾ ਲੱਗਾ ਕਿ ਕੁਝ ਲੋਕ ਵੱਡੇ ਸਿਲੰਡਰਾਂ ਤੋਂ ਛੋਟੇ ਸਿਲਡਰਾਂ ਵਿੱਚ ਗੈਸ ਭਰ ਕੇ ਮਹਿੰਗੇ ਭਾਅ ‘ਤੇ ਵੇਚ ਰਹੇ ਸਨ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਸਿਲਡਰ ਜਬਤ ਕੀਤੇ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਘਰੇਲੂ ਗੈਸ ਸਿਲੰਡਰਾਂ, ਪੈਟਰੋਲ ਜਾਂ ਡੀਜ਼ਲ ਵਿੱਚ ਕਾਲਾਬਾਜ਼ਾਰੀ, ਜਮ੍ਹਾਂਖੋਰੀ ਜਾਂ ਹੋਰ ਬੇਨਿਯਮੀਆਂ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਸਬੰਧਤ ਟੀਮ ਤੁਰੰਤ ਕਾਰਵਾਈ ਕਰੇਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਡਣ ਦਸਤਿਆਂ ਦੀਆਂ ਟੀਮਾਂ ਵਿਚ ਖੇਤਰੀ ਫੂਡ ਸਪਲਾਈ ਅਫਸਰ ਤੇ ਇੰਸਪੈਕਟਰ ਸ਼ਾਮਲ ਹਨ। ਇਹ ਟੀਮਾਂ ਬਠਿੰਡਾ, ਭਗਤਾ ਭਾਈਕਾ, ਭੁੱਚੋ, ਫੂਲ, ਗੋਨਿਆਣਾ, ਮੌੜ, ਰਾਮਾ, ਤਲਵੰਡੀ ਸਾਬੋ, ਰਾਮਪੁਰਾ, ਸੰਗਤ ਅਤੇ ਨਥਾਣਾ ਖੇਤਰਾਂ ਵਿਚ ਨਿਗਰਾਨੀ ਕਰਦੀਆਂ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਗੈਸ, ਪੈਟਰੋਲ ਜਾਂ ਡੀਜ਼ਲ ਦੀ ਕਾਲਾਬਾਜ਼ਾਰੀ ਜਾਂ ਗਲਤ ਵਿਕਰੀ ਦੀ ਜਾਣਕਾਰੀ ਮਿਲੇ ਤਾਂ ਤੁਰੰਤ ਕੰਟਰੋਲ ਰੂਮ ਜਾਂ ਟੀਮ ਨੂੰ ਸੂਚਿਤ ਕਰਨ, ਤਾਂ ਜੋ ਪ੍ਰਸ਼ਾਸਨ ਤੁਰੰਤ ਕਾਰਵਾਈ ਕਰ ਸਕੇ।
-ਕੰਟਰੋਲ ਰੂਮ ਸਬੰਧੀ ਜਾਣਕਾਰੀ :
ਨੰਬਰ : 0164-2921552
ਸਮਾਂ : ਸਵੇਰੇ 8 ਵਜੇ ਤੋਂ ਸ਼ਾਮ 8 ਵਜੇ
ਸੇਵਾ : ਹਫ਼ਤੇ ਦੇ ਸਾਰੇ ਦਿਨ।