ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਰੁਕੀ, ਢਾਬਿਆਂ-ਹੋਟਲਾਂ ’ਚ ਮਚੀ ਹਾਹਾਕਾਰ
importent news from bti
Publish Date: Wed, 11 Mar 2026 06:24 PM (IST)
Updated Date: Thu, 12 Mar 2026 04:07 AM (IST)

-ਖਾੜੀ ਦੇਸ਼ਾਂ ’ਚ ਜੰਗ : ਵਿਆਹ ਦੇ ਸੀਜ਼ਨ ’ਚ ਹੋਟਲ ਉਦਯੋਗ ’ਤੇ ਸੰਕਟ, ਕਾਰੋਬਾਰੀਆਂ ਨੂੰ ਹੋ ਰਿਹੈ ਨੁਕਸਾਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਅਚਾਨਕ ਰੋਕ ਦਿੱਤੇ ਜਾਣ ਕਾਰਨ ਜਿਲ੍ਹੇ ਅੰਦਰ ਢਾਬਿਆਂ, ਹੋਟਲਾਂ ਤੇ ਮੇਰਿਜ ਪੈਲੇਸਾਂ ਦੇ ਕਾਰੋਬਾਰ ’ਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸ਼ਹਿਰ ਵਿੱਚ ਰੋਜ਼ਾਨਾ ਇੱਕ ਹਜ਼ਾਰ ਤੋਂ ਵੱਧ ਵਪਾਰਕ ਸਿਲੰਡਰਾਂ ਦੀ ਖਪਤ ਹੁੰਦੀ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਇਸ ਦੀ ਸਪਲਾਈ ਲਗਭਗ ਰੁਕੀ ਹੋਈ ਹੈ। ਹਾਲਾਂਕਿ ਹਸਪਤਾਲਾਂ, ਸਕੂਲਾਂ ਅਤੇ ਕਾਲਜਾਂ ਨੂੰ ਸਿਲੰਡਰ ਉਪਲੱਬਧ ਕਰਵਾਏ ਜਾ ਰਹੇ ਹਨ, ਪਰ ਢਾਬਿਆਂ, ਹੋਟਲਾਂ ਅਤੇ ਮੈਰਿਜ ਪੈਲੇਸਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ। ਸਪਲਾਈ ਰੁਕਣ ਨਾਲ ਕਾਰੋਬਾਰੀਆਂ ਵਿੱਚ ਭਾਰੀ ਰੋਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਠੋਸ ਵਿਵਸਥਾ ਦੇ ਵਪਾਰਕ ਗੈਸ ਸਿਲੰਡਰਾਂ ਦੀ ਸਪਲਾਈ ਰੋਕਣਾ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਹਮਲਾ ਹੈ। ਢਾਬਾ ਸੰਚਾਲਕਾਂ ਅਤੇ ਹੋਟਲ ਉਦਯੋਗ ਨਾਲ ਜੁੜੇ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਸਪਲਾਈ ਮੁੜ ਨਹੀਂ ਹੋਈ ਤਾਂ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਵਪਾਰਕ ਗੈਸ ਦੀ ਕਮੀ ਕਾਰਨ ਕਈ ਢਾਬਾ ਸੰਚਾਲਕਾਂ ਨੂੰ ਮਜਬੂਰੀ ਵਿੱਚ ਘਰੇਲੂ ਗੈਸ ਸਿਲੰਡਰ ਵਰਤਣੇ ਪੈ ਰਹੇ ਹਨ। ਹਾਲਾਤ ਇਹ ਹਨ ਕਿ ਬਠਿੰਡਾ ਸ਼ਹਿਰ ਵਿਚ 500 ਤੋਂ ਵੱਧ ਛੋਟੇ-ਵੱਡੇ ਢਾਬੇ, ਹੋਟਲ ਅਤੇ ਮੇਰਿਜ ਪੈਲੇਸ ਹਨ। ਇਸ ਤਰ੍ਹਾਂ ਸ਼ਹਿਰ ਵਿੱਚ ਢਾਬਾ ਸੰਚਾਲਕਾਂ ਦੇ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਪਾਰਕ ਸਿਲੰਡਰ ਨਾ ਮਿਲਣ ਕਾਰਨ ਢਾਬਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਅਤੇ ਕਈ ਲੋਕਾਂ ਨੂੰ ਘਰੇਲੂ ਸਿਲੰਡਰਾਂ ਨਾਲ ਕੰਮ ਚਲਾਉਣਾ ਪੈ ਰਿਹਾ ਹੈ। ਜੇ ਇਹ ਸਥਿਤੀ ਲੰਬੀ ਚੱਲੀ ਤਾਂ ਢਾਬਿਆਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ ਤੇ ਇਸ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। -ਬਾਕਸ- -ਬਲੈਕ ਮਾਰਕੀਟ ਨੇ ਵਧਾਈ ਮੁਸ਼ਕਲ ਸਿਲੰਡਰਾਂ ਦੀ ਕਮੀ ਦਾ ਫਾਇਦਾ ਚੁੱਕ ਕੇ ਕੁਝ ਲੋਕ ਬਲੈਕ ਮਾਰਕੀਟਿੰਗ ਵੀ ਕਰ ਰਹੇ ਹਨ। ਢਾਬਾ ਸੰਚਾਲਕਾਂ ਦਾ ਦੋਸ਼ ਹੈ ਕਿ ਜਿਨ੍ਹਾਂ ਕੋਲ ਪਹਿਲਾਂ ਤੋਂ ਸਟਾਕ ਹੈ, ਉਹ ਉਨ੍ਹਾਂ ਨੂੰ ਵਧੇਰੇ ਕੀਮਤਾਂ ’ਤੇ ਸਿਲੰਡਰ ਵੇਚ ਰਹੇ ਹਨ। ਢਾਬਾ ਸੰਚਾਲਕਾਂ ਦੇ ਮੁਤਾਬਿਕ 1400 ਰੁਪਏ ਦਾ ਵਪਾਰਕ ਸਿਲੰਡਰ ਹੁਣ 2100 ਰੁਪਏ ਤਕ ਵਿਚ ਵੇਚਿਆ ਜਾ ਰਿਹਾ ਹੈ। ਇਸ ਨਾਲ ਛੋਟੇ ਕਾਰੋਬਾਰੀਆਂ ’ਤੇ ਆਰਥਿਕ ਬੋਝ ਵਧ ਗਿਆ ਹੈ। ਢਾਬਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੋਨੀ ਨੇ ਦੱਸਿਆ ਕਿ ਸਿਲੰਡਰਾਂ ਦੀ ਸਪਲਾਈ ਦੀ ਕਮੀ ਕਾਰਨ ਉਨ੍ਹਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ। ਉਹ ਇਸ ਸਬੰਧ ਵਿੱਚ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ। ਮੋਹਿਤ ਢਾਬਾ ਦੇ ਸੰਚਾਲਕ ਰਾਜੂ ਨੇ ਕਿਹਾ ਕਿ ਅਚਾਨਕ ਸਪਲਾਈ ਰੋਕ ਦੇਣ ਨਾਲ ਉਨ੍ਹਾਂ ਦਾ ਪੂਰਾ ਸਿਸਟਮ ਪ੍ਰਭਾਵਿਤ ਹੋ ਗਿਆ। ਉਨ੍ਹਾਂ ਕਿਹਾ ਕਿ ਹਰ ਦਿਨ ਕਈ ਸਿਲੰਡਰਾਂ ਦੀ ਲੋੜ ਹੁੰਦੀ ਹੈ, ਪਰ ਹੁਣ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੰਮ ਚਲਾਉਣਾ ਪੈ ਰਿਹਾ ਹੈ। ਮਨੀ ਢਾਬਾ ਦੇ ਸੰਚਾਲਕ ਹਰਤਾਰ ਸਿੰਘ ਮਨੀ ਨੇ ਕਿਹਾ ਕਿ ਗੈਸ ਦੀ ਕਮੀ ਕਾਰਨ ਖਾਣਾ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਸਿਲੰਡਰ ਬਲੈਕ ਵਿਚ ਵੇਚ ਰਹੇ ਹਨ ਤੇ ਮਜਬੂਰੀ ਵਿਚ ਕਈ ਢਾਬਾ ਸੰਚਾਲਕਾਂ ਨੂੰ ਮਹਿੰਗੇ ਭਾਅ ’ਤੇ ਸਿਲੰਡਰ ਖਰੀਦਣੇ ਪੈ ਰਹੇ ਹਨ। ਜੇਕਰ ਪਾਰਕ ਸਿਲੰਡਰਾਂ ਦੀ ਕਮੀ ਇਸ ਤਰ੍ਹਾਂ ਹੀ ਰਹੀ ਤਾਂ ਅਗਲੇ ਦਿਨਾਂ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਕਮੀ ਵੀ ਆ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।