- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਸਿਲੰਡਰ ਵੰਡ ਵਿੱਚ ਵੱਡਾ ਘੋਟਾਲਾ: ਫਰਜ਼ੀ ਡਲਿਵਰੀ, ਕਾਲਾਬਾਜ਼ਾਰੀ ਅਤੇ ਹਫ਼ਤਿਆਂ ਦੀ ਦੇਰੀ ਤੋਂ ਉਪਭੋਗਤਾ ਪਰੇਸ਼ਾਨ

-ਬਾਜ਼ਾਰ ’ਚ 200 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਗੈਸ, ਬੁਕਿੰਗ ਤੋਂ ਤਿੰਨ ਹਫ਼ਤੇ ਬਾਅਦ ਵੀ ਨਹੀਂ ਮਿਲ ਰਹੇ ਸਿਲੰਡਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਸ਼ਹਿਰ ਵਿਚ ਗੈਸ ਸਿਲੰਡਰਾਂ ਸਬੰਧੀ ਇਕ ਵੱਡਾ ਘਪਲਾ ਸਾਹਮਣੇ ਆਇਆ ਹੈ, ਜਿਸ ਨੇ ਆਮ ਖ਼ਪਤਕਾਰਾਂ ਤੋਂ ਲੈ ਕੇ ਵਪਾਰੀਆਂ ਤਕ ਸਭ ਨੂੰ ਪਰੇਸ਼ਾਨ ਕਰ ਦਿੱਤਾ ਹੈ। ਗੈਸ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ, ਜਿੱਥੇ ਇਕ ਪਾਸੇ ਫਰਜ਼ੀ ਡਲਿਵਰੀ ਦਿਖਾ ਕੇ ਖ਼ਪਤਕਾਰਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਬਾਜ਼ਾਰ ਵਿੱਚ ਖੁੱਲ੍ਹੇਆਮ ਗੈਸ ਦੀ ਕਾਲਾਬਾਜ਼ਾਰੀ ਵੀ ਜਾਰੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਹਫ਼ਤਿਆਂ ਤਕ ਬੁਕਿੰਗ ਕਰਵਾਉਣ ਦੇ ਬਾਵਜੂਦ ਸਿਲੰਡਰ ਨਹੀਂ ਲੈ ਪਾ ਰਹੇ, ਜਦਕਿ ਦੂਜੇ ਪਾਸੇ ਮਹਿੰਗੇ ਰੇਟਾਂ ’ਤੇ ਗੈਸ ਆਸਾਨੀ ਨਾਲ ਉਪਲਬਧ ਹੈ। ਗੈਸ ਸਿਲੰਡਰ ਦੀ ਡਲਿਵਰੀ ਲਈ ਖ਼ਪਤਕਾਰਾਂ ਨੂੰ ਇਕ ਓਟੀਪੀ (ਵਨ ਟਾਈਮ ਪਾਸਵਰਡ) ਭੇਜਿਆ ਜਾਂਦਾ ਹੈ, ਜਿਸਨੂੰ ਡਲਿਵਰੀ ਸਮੇਂ ਸਾਂਝਾ ਕਰਨਾ ਲਾਜ਼ਮੀ ਹੁੰਦਾ ਹੈ। ਇਹ ਪ੍ਰਣਾਲੀ ਪਾਰਦਰਸ਼ਤਾ ਅਤੇ ਸੁਰੱਖਿਆ ਲਈ ਲਾਗੂ ਕੀਤੀ ਗਈ ਸੀ ਤਾਂ ਜੋ ਸਹੀ ਉਪਭੋਗਤਾ ਤਕ ਹੀ ਸਿਲੰਡਰ ਪਹੁੰਚ ਸਕੇ। ਪਰ ਬਠਿੰਡਾ ਵਿੱਚ ਕੁਝ ਗੈਸ ਏਜੰਸੀਆਂ ਵੱਲੋਂ ਇਸ ਪ੍ਰਣਾਲੀ ਦਾ ਦੁਰੁਪਯੋਗ ਕੀਤੇ ਜਾਣ ਦੇ ਦੋਸ਼ ਸਾਹਮਣੇ ਆਏ ਹਨ। ਦੋਸ਼ ਹੈ ਕਿ ਏਜੰਸੀ ਕਰਮਚਾਰੀ ਪਹਿਲਾਂ ਹੀ ਖ਼ਪਤਕਾਰਾਂ ਤੋਂ ਡੀਏਸੀ ਕੋਡ ਜਾਂ ਓਟੀਪੀ ਲੈ ਲੈਂਦੇ ਹਨ ਅਤੇ ਬਾਅਦ ਵਿੱਚ ਬਿਨਾਂ ਸਿਲੰਡਰ ਦਿੱਤੇ ਹੀ ਸਿਸਟਮ ਵਿੱਚ ਡਲਿਵਰੀ ਅੱਪਡੇਟ ਕਰ ਦਿੰਦੇ ਹਨ। ਇਸ ਫਰਜ਼ੀਵਾੜੇ ਦੇ ਚਲਦਿਆਂ ਉਪਭੋਗਤਾਵਾਂ ਨੂੰ ਮੋਬਾਈਲ ‘ਤੇ ਡਲਿਵਰੀ ਦਾ ਮੈਸੇਜ ਤਾਂ ਮਿਲ ਜਾਂਦਾ ਹੈ, ਪਰ ਉਨ੍ਹਾਂ ਨੂੰ ਹਕੀਕਤ ਵਿੱਚ ਸਿਲੰਡਰ ਨਹੀਂ ਮਿਲਦਾ। ਇਸ ਤਰ੍ਹਾਂ ਖ਼ਪਤਕਾਰ ਜਦੋਂ ਏਜੰਸੀ ਕੋਲ ਸ਼ਿਕਾਇਤ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਾਰ-ਵਾਰ ਚੱਕਰ ਲਗਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
-ਬਾਕਸ-
-ਲੋਕਾਂ ਨੇ ਦਰਜ ਕਰਵਾਈਆਂ ਸ਼ਿਕਾਇਤਾਂ
ਇਸ ਸਬੰਧੀ ਕਈ ਮਾਮਲਿਆਂ ਵਿੱਚ ਏਜੰਸੀ ਕਰਮਚਾਰੀ ਸੰਤੋਖਜਨਕ ਜਵਾਬ ਨਹੀਂ ਦਿੰਦੇ, ਜਿਸ ਨਾਲ ਲੋਕਾਂ ਵਿੱਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਸਬੰਧ ਵਿੱਚ ਇਕ ਸ਼ਿਕਾਇਤ ਜਨਕ ਰਾਜ ਸ਼ਰਮਾ ਨੇ ਜ਼ਿਲ੍ਹਾ ਖਾਦ ਸਪਲਾਈ ਕੰਟਰੋਲਰ ਬਠਿੰਡਾ ਨੂੰ ਦਿੱਤੀ ਹੈ। ਜਨਕ ਰਾਜ ਸ਼ਰਮਾ ਜੋ ਕਿ ਜ਼ਿਲ੍ਹਾ ਅਦਾਲਤ ਬਠਿੰਡਾ ਵਿੱਚ ਰਿਟਾਇਰਡ ਰੀਡਰ ਗ੍ਰੇਡ-1 ਰਹਿ ਚੁੱਕੇ ਹਨ ਅਤੇ ਦਿਵਿਆਂਗ ਵੀ ਹਨ, ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਸੀ, ਪਰ ਉਨ੍ਹਾਂ ਨੂੰ ਅਜੇ ਤਕ ਸਿਲੰਡਰ ਪ੍ਰਾਪਤ ਨਹੀਂ ਹੋਇਆ। ਇਸ ਦੇ ਬਾਵਜੂਦ 6 ਅਪ੍ਰੈਲ 2026 ਨੂੰ ਉਨ੍ਹਾਂ ਦੇ ਮੋਬਾਈਲ ‘ਤੇ ਇਕ ਮੈਸੇਜ ਆਇਆ, ਜਿਸ ਵਿੱਚ ਸਿਲੰਡਰ ਦੀ ਡਲਿਵਰੀ ਦਰਸਾਈ ਗਈ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਡਲਿਵਰੀ ਦੀ ਪੁਸ਼ਟੀ ਨਹੀਂ ਕੀਤੀ, ਫਿਰ ਵੀ ਏਜੰਸੀ ਵੱਲੋਂ ਸਿਲੰਡਰ ਨੂੰ ਡਲਿਵਰ ਦਿਖਾ ਦਿੱਤਾ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਆਪਣੀ ਸਰੀਰਕ ਹਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਲਈ ਏਜੰਸੀ ਦੇ ਵਾਰ-ਵਾਰ ਚੱਕਰ ਲਗਾਉਣਾ ਮੁਸ਼ਕਲ ਹੈ, ਇਸ ਲਈ ਮਾਮਲੇ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇ।
-ਬਾਕਸ-
-ਕਾਲਾਬਾਜ਼ਾਰੀ ਵੀ ਤੇਜ਼ੀ ਨਾਲ ਵਧਣ ਤੋਂ ਖ਼ਪਤਕਾਰ ਪਰੇਸ਼ਾਨ
ਗੈਸ ਵੰਡ ਵਿੱਚ ਗੜਬੜੀ ਦਾ ਇਹ ਮਾਮਲਾ ਇੱਥੇ ਤਕ ਹੀ ਸੀਮਤ ਨਹੀਂ ਹੈ। ਸ਼ਹਿਰ ਵਿਚ ਗੈਸ ਦੀ ਕਾਲਾਬਾਜ਼ਾਰੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਹਾਜੀ ਰਤਨ ਰੋਡ, ਮੁਲਤਾਨੀਆ ਰੋਡ ਅਤੇ ਰਾਜਿੰਦਰਾ ਕਾਲਜ ਦੇ ਆਸ-ਪਾਸ ਕਈ ਥਾਵਾਂ ‘ਤੇ ਖੁੱਲ੍ਹੇਆਮ 200 ਰੁਪਏ ਪ੍ਰਤੀ ਕਿਲੋ ਤਕ ਗੈਸ ਵੇਚੀ ਜਾ ਰਹੀ ਹੈ। ਲੋਕ ਮਜਬੂਰੀ ਵਿੱਚ ਛੋਟੇ-ਵੱਡੇ ਸਿਲੰਡਰਾਂ ਵਿੱਚ ਗੈਸ ਭਰਵਾਉਣ ਲਈ ਇਨ੍ਹਾਂ ਗੈਰ-ਕਾਨੂੰਨੀ ਥਾਵਾਂ ਦਾ ਸਹਾਰਾ ਲੈ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਏਜੰਸੀਆਂ ਤੋਂ ਸਮੇਂ ‘ਤੇ ਸਿਲੰਡਰ ਨਹੀਂ ਮਿਲਦਾ, ਤਾਂ ਉਹ ਮਜਬੂਰੀ ਵਿੱਚ ਮਹਿੰਗੇ ਰੇਟਾਂ ‘ਤੇ ਗੈਸ ਖਰੀਦਦੇ ਹਨ, ਜਿਸ ਨਾਲ ਉਨ੍ਹਾਂ ‘ਤੇ ਵਾਧੂ ਆਰਥਿਕ ਬੋਝ ਪੈਂਦਾ ਹੈ। ਖ਼ਾਸ ਕਰਕੇ ਮੱਧ ਵਰਗ ਅਤੇ ਗਰੀਬ ਪਰਿਵਾਰ ਇਸ ਸਥਿਤੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ।
-ਬਾਕਸ-
-2500 ਦਾ ਮਿਲ ਰਿਹਾ ਸਿਲੰਡਰ
ਇਸ ਸੰਕਟ ਦਾ ਅਸਰ ਵਪਾਰਕ ਸੰਸਥਾਵਾਂ ‘ਤੇ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਢਾਬਾ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਯਮਿਤ ਤੌਰ ‘ਤੇ ਗੈਸ ਸਿਲੰਡਰ ਨਹੀਂ ਮਿਲ ਰਹੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਰਗੇ ਛੋਟੇ ਵਪਾਰੀ ਆਪਣੇ ਕਾਰੋਬਾਰ ਨੂੰ ਚਲਾਉਣ ਲਈ 2000 ਤੋਂ 2500 ਰੁਪਏ ਤਕ ਵਿੱਚ ਸਿਲੰਡਰ ਖਰੀਦਣ ਲਈ ਮਜਬੂਰ ਹਨ, ਜੋ ਆਮ ਕੀਮਤ ਨਾਲੋਂ ਕਾਫ਼ੀ ਵੱਧ ਹੈ। ਸੋਨੀ ਦੇ ਅਨੁਸਾਰ ਜੇ ਇਹੀ ਹਾਲਾਤ ਰਹੇ ਤਾਂ ਛੋਟੇ ਢਾਬਿਆਂ ਅਤੇ ਰੈਸਟੋਰੈਂਟ ਵਾਲਿਆਂ ਲਈ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਸ ਦੀ ਕਾਲਾਬਾਜ਼ਾਰੀ ‘ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਏਜੰਸੀਆਂ ਦੀ ਕਾਰਗੁਜ਼ਾਰੀ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ।
-ਬਾਕਸ
-ਬੁਕਿੰਗ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਸਿਲੰਡਰ
ਆਮ ਉਪਭੋਗਤਾਵਾਂ ਦੀ ਸਥਿਤੀ ਵੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੇ ਤਿੰਨ-ਤਿੰਨ ਹਫ਼ਤੇ ਪਹਿਲਾਂ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਸੀ, ਪਰ ਅਜੇ ਤਕ ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲਿਆ। ਬਠਿੰਡਾ ਦੇ ਮਾਡਲ ਟਾਊਨ ਫੇਜ਼-2 ਵਿਚ ਸਥਿਤ ਨਾਰਾਇਣ ਗੈਸ ਏਜੰਸੀ ਦੇ ਬਾਹਰ ਪਹੁੰਚੇ ਜਗਰੂਪ ਸਿੰਘ ਤੇ ਬਲੌਰ ਸਿੰਘ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਸਿਲੰਡਰ ਦੀ ਉਡੀਕ ਕਰ ਰਹੇ ਹਨ। ਜਗਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਏਜੰਸੀ ਨਾਲ ਸੰਪਰਕ ਕੀਤਾ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਦਿੱਤਾ। ਬਲੌਰ ਸਿੰਘ ਨੇ ਦੱਸਿਆ ਕਿ ਏਜੰਸੀ ਦੇ ਬਾਹਰ ਲੰਬੀਆਂ ਕਤਾਰਾਂ ਲੱਗਦੀਆਂ ਹਨ, ਪਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ।
-ਬਾਕਸ
-ਅਧਿਕਾਰੀ ਕਹਿੰਦੇ ਹਨ—ਕੋਈ ਸਮੱਸਿਆ ਨਹੀਂ
ਇਸ ਸਾਰੇ ਮਾਮਲੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਫਰਜ਼ੀ ਡਲਿਵਰੀ ਕਰਨ ਵਾਲੀਆਂ ਏਜੰਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗੈਸ ਦੀ ਕਾਲਾਬਾਜ਼ਾਰੀ ਨੂੰ ਤੁਰੰਤ ਰੋਕਿਆ ਜਾਵੇ। ਲੋਕਾਂ ਨੇ ਸੁਝਾਅ ਦਿੱਤਾ ਕਿ ਗੈਸ ਵੰਡ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਇਆ ਜਾਵੇ ਤੇ ਓਟੀਪੀ ਪ੍ਰਣਾਲੀ ਦੇ ਦੁਰਉਪਯੋਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ’ਚ ਗੈਸ ਦੀ ਕੋਈ ਘਾਟ ਨਹੀਂ ਹੈ। ਜੇਕਰ ਕਿਤੇ ਕੋਈ ਸਮੱਸਿਆ ਹੈ ਤਾਂ ਉਸਨੂੰ ਦੂਰ ਕੀਤਾ ਜਾ ਰਿਹਾ ਹੈ, ਜਦਕਿ ਕਾਲਾਬਾਜ਼ਾਰੀ ਨੂੰ ਰੋਕਣ ਲਈ ਟੀਮਾਂ ਦਾ ਗਠਨ ਵੀ ਕੀਤਾ ਹੈ।