ਗੈਸ ਏਜੰਸੀ ਦੀ ਗੱਡੀ ਸੰਗਤ ਕਲਾਂ ’ਚ ਗੈਰਕਾਨੂੰਨੀ ਢੰਗ ਨਾਲ ਰੋਕੀ
-ਮਾਮਲਾ ਗੈਸ ਏਜੰਸੀਆਂ ਦੀ ਆਪਸੀ ਖੁੰਦਕ ਦਾ
Publish Date: Sun, 08 Feb 2026 07:18 PM (IST)
Updated Date: Mon, 09 Feb 2026 04:09 AM (IST)
-ਗੈਸ ਏਜੰਸੀਆਂ ’ਚ ਖੁੰਦਕ ਦਾ ਮਾਮਲਾ, ਕੰਪਨੀ ਦੇ ਅਧਿਕਾਰੀਆਂ ਤੇ ਸਰਪੰਚ ਨੇ ਕਰਵਾਈ ਬਹਾਲ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਸੰਗਤ ਮੰਡੀ ਵਿਖੇ ਬਠਿੰਡਾ ਤੋਂ ਰਸੋਈ ਗੈਸ ਦੀ ਸਪਲਾਈ ਦੇਣ ਪੁੱਜੀ ਗੁਰਅਰਸ਼ ਗੈਸ ਏਜੰਸੀ ਦੀ ਗੱਡੀ ਸੰਗਤ ਕਲਾਂ ’ਚ ਗੈਰ-ਕਾਨੂੰਨੀ ਢੰਗ ਨਾਲ ਰੋਕ ਕੇ ਗੈਸ ਸਪਲਾਈ ਦੇਣ ਤੋਂ ਰੋਕਿਆ ਗਿਆ, ਜਿਸ ਨੂੰ ਕੰਪਨੀ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਪਿੰਡ ਦੇ ਸਰਪੰਚ ਦੀ ਦੇਖ-ਰੇਖ ਹੇਠ ਸਪਲਾਈ ਬਹਾਲ ਕਰਵਾਈ ਗਈ। ਗੁਰਅਰਸ਼ ਗੈਸ ਏਜੰਸੀ ਬਠਿੰਡਾ ਦੇ ਦੀਪਕ ਕੁਮਾਰ ਨੇ ਦੱਸਿਆ ਕਿ ਸੰਗਤ ਮੰਡੀ ਦੀ ਸੰਗਤ ਇੰਡੇਨ ਗੈਸ ਏਜੰਸੀ ਨੂੰ ਕਿਸੇ ਕਾਰਨ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਕੰਪਨੀ ਵੱਲੋਂ ਉਨ੍ਹਾਂ ਦੀ ਗੈਸ ਏਜੰਸੀ ਅਤੇ ਨਥਾਣਾ ਦੀ ਆਰਬੀ ਗੈਸ ਏਜੰਸੀ ਨੂੰ ਸੰਗਤ ਦੀ ਗੈਸ ਏਜੰਸੀ ਦੇ ਇਲਾਕੇ ’ਚ ਹੋਈ ਬੁਕਿੰਗ ਦੀ ਸਪਲਾਈ ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਕੰਪਨੀ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਮੁਲਾਜ਼ਮ ਗੁਰਮੀਤ ਸਿੰਘ ਤੇ ਹੈਪੀ ਸਿੰਘ ਸੰਗਤ ਮੰਡੀ ਤੇ ਸੰਗਤ ਕਲਾਂ ਵਿਖੇ ਸਪਲਾਈ ਦੇਣ ਪੁੱਜੇ ਤਾਂ ਸਥਾਨਕ ਗੈਸ ਏਜੰਸੀ ਦੇ ਕੁੱਝ ਕਰਿੰਦਿਆਂ ਵੱਲੋਂ ਉਨ੍ਹਾਂ ਨੂੰ ਸਪਲਾਈ ਦੇਣ ਤੋਂ ਰੋਕਿਆ ਗਿਆ। ਸੂਚਨਾ ਮਿਲਣ ’ਤੇ ਉਨ੍ਹਾਂ ਵੱਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਤਾਂ ਕੰਪਨੀ ਦੇ ਸੇਲਜ਼ ਅਫ਼ਸਰ ਸੰਚਿਤ ਸ਼ਰਮਾ ਸਮੇਤ ਉਨ੍ਹਾਂ ਪਿੰਡ ਸੰਗਤ ਕਲਾਂ ਦੇ ਸਰਪੰਚ ਰਾਜਿੰਦਰ ਸਿੰਘ ਰਾਜਾ ਦੇ ਘਰ ਪਹੁੰਚ ਕੇ ਗੈਸ ਦੀ ਸਪਲਾਈ ਸ਼ੁਰੂ ਕਰਵਾਈ। ਇਸ ਮੌਕੇ ਸੇਲਜ਼ ਅਫ਼ਸਰ ਸੰਚਿਤ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਸਪਲਾਈ ਰੋਕਣ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਥੇ ਜਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਥਾਨਕ ਇੰਡੇਨ ਗੈਸ ਏਜੰਸੀ ਵੱਲੋਂ ਰਸੋਈ ਗੈਸ ਦੀ ਸਪਲਾਈ ਵਾਲੀਆਂ ਗੱਡੀਆਂ ’ਤੇ ਲਾਉਡ ਸਪੀਕਰ ਲਗਾ ਕੇ ਖੁੱਲ੍ਹੇਆਮ ਬਿਨਾਂ ਕਿਸੇ ਬੁਕਿੰਗ ਦੇ ਗੈਸ ਸਪਲਾਈ ਕੀਤੀ ਜਾਂਦੀ ਸੀ ਪ੍ਰੰਤੂ ਹੁਣ ਉਕਤ ਗੈਸ ਏਜੰਸੀ ਦੇ ਮਾਲਕ ਬਦਲੇ ਹੋਣ ਕਾਰਨ, ਜੋ ਇੰਡੇਨ ਗੈਸ ਕੰਪਨੀ ਦੇ ਸੇਵਾਮੁਕਤ ਸੇਲਜ਼ ਅਫ਼ਸਰ ਦੱਸੇ ਜਾਂਦੇ ਹਨ, ਵੱਲੋਂ ਬਿਨਾਂ ਬੁਕਿੰਗ ਤੋਂ ਗੈਸ ਸਿਲੰਡਰ ਨਾ ਦਿੱਤੇ ਜਾਣ ਕਾਰਨ ਗੈਸ ਏਜੰਸੀ ਮੂਹਰੇ ਲੰਬੀਆਂ ਕਤਾਰਾਂ ਲੱਗਣ ਲੱਗੀਆਂ ਹਨ। ਇਸ ਬਾਰੇ ਸੰਗਤ ਇੰਡੇਨ ਸਰਵਿੰਸ ਏਜੰਸੀ ਦੇ ਮਾਲਕ ਸਵਰੂਪਰਾਮ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਏਜੰਸੀ ਦੇ ਕਿਸੇ ਮੁਲਾਜ਼ਮ ਵੱਲੋਂ ਸਪਲਾਈ ਵਾਸੀ ਗੱਡੀ ਰੋਕੀ ਗਈ ਹੈ, ਇਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਇਸ ਮੌਕੇ ਪਿੰਡ ਸੰਗਤ ਕਲਾਂ ਦੇ ਸਰਪੰਚ ਰਾਜਿੰਦਰ ਸਿੰਘ ਰਾਜਾ, ਜਗਦੇਵ ਸਿੰਘ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਸੰਗਤ ਤੇ ਹੋਰ ਪਿੰਡ ਵਾਸੀ ਵੀ ਉੱਥੇ ਮੌਜੂਦ ਸਨ।