ਗੈਸ ਏਜੰਸੀ ਦਫ਼ਤਰ ਮੂਹਰੇ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ
ਇੰਡੇਨ ਗੈਸ ਏਜੰਸੀ ਦੇ ਦਫ਼ਤਰ ਮੂਹਰੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ
Publish Date: Sat, 18 Apr 2026 04:52 PM (IST)
Updated Date: Sun, 19 Apr 2026 04:04 AM (IST)
-ਇੰਡੇਨ ਗੈਸ ਏਜੰਸੀ ਦੇ ਮਾਲਕ ਦੀਆਂ ਮਨਮਾਨੀਆਂ ਤੋਂ ਲੋਕ ਪਰੇਸ਼ਾਨ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸਥਾਨਕ ਗੈਸ ਏਜੰਸੀ ਮਾਲਕ ਦੀਆਂ ਮਨਮਾਨੀਆਂ ਤੋਂ ਦੁਖੀ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਲੋਕਾਂ ਵੱਲੋਂ ਇੰਡੇਨ ਗੈਸ ਏਜੰਸੀ ਦੇ ਦਫ਼ਤਰ ਮੂਹਰੇ ਧਰਨਾ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਵੇਰੇ 9 ਵਜੇ ਸ਼ੁਰੂ ਕੀਤੇ ਧਰਨੇ ਦੀ ਅਗਵਾਈ ਕਰ ਰਹੇ ਪ੍ਰਮਿੰਦਰ ਸਿੰਘ, ਅੰਗਰੇਜ਼ ਸਿੰਘ, ਪਵਨ ਕੁਮਾਰ ਅਤੇ ਸਮਾਜਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਗੈਸ ਸਿਲੰਡਰ ਨਾ ਮਿਲਣ ਤੋਂ ਪਰੇਸ਼ਾਨ ਲੋਕਾਂ ਵੱਲੋਂ ਏਜੰਸੀ ਦੇ ਬਾਹਰ ਧੁੱਪ ’ਚ ਖੜ੍ਹੇ ਹੋ ਕੇ ਘੰਟਿਆਂ ਬੱਧੀ ਉਡੀਕ ਕੀਤੀ ਜਾਂਦੀ ਹੈ, ਜਿਥੇ ਗਰਮੀ ਦੇ ਮੌਸਮ ’ਚ ਵੀ ਇੰਡੇਨ ਸਰਵਿਸ ਗੈਸ ਏਜੰਸੀ ਵੱਲੋਂ ਛਾਂ ਜਾਂ ਪੀਣ ਦੇ ਪਾਣੀ ਤਕ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੰਡੇਨ ਗੈਸ ਕੰਪਨੀ ਦੇ ਰਿਟਾਇਰਡ ਅਫ਼ਸਰ ਵੱਲੋਂ ਚਾਰ ਮਹੀਨੇ ਪਹਿਲਾਂ ਉਕਤ ਗੈਸ ਏਜੰਸੀ ਖ਼ਰੀਦੀ ਗਈ ਸੀ ਪ੍ਰੰਤੂ ਸਾਰਾ ਕੁਝ ਜਾਣਦੇ ਹੋਣ ਦੇ ਬਾਵਜੂਦ ਉਨ੍ਹਾਂ ਵੱਲੋਂ ਨਿਯਮਾ ਦੀ ਪਾਲਣਾਂ ਨਾ ਕਰਦੇ ਹੋਏ ਏਜੰਸੀ ਅਤੇ ਗੋਦਾਮ ਦੇ ਬਾਹਰ ਸਟਾਕ ਬੋਰਡ ਜਾਣਬੁੱਝ ਕੇ ਨਹੀਂ ਲਗਾਏ ਗਏ।
ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਗੈਸ ਏਜੰਸੀਆਂ ਵੱਲੋਂ ਸਿਲੰਡਰ ਸਮੇਂ ‘ਤੇ ਮੁਹੱਈਆ ਨਹੀਂ ਕਰਵਾਏ ਜਾ ਰਹੇ, ਜਦਕਿ ਬਲੈਕ ਵਿੱਚ ਇਹੀ ਸਿਲੰਡਰ ਵੱਧ ਕੀਮਤ ’ਤੇ ਆਸਾਨੀ ਨਾਲ ਮਿਲ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਏਜੰਸੀ ‘ਤੇ ਸਿਲੰਡਰ ਲਈ ਸੰਪਰਕ ਕਰਦੇ ਹਨ ਤਾਂ ਉਨ੍ਹਾਂ ਨੂੰ “ਸਟਾਕ ਨਹੀਂ” ਜਾਂ “ਦੇਰੀ ਹੋ ਰਹੀ ਹੈ” ਜਿਹੇ ਜਵਾਬ ਮਿਲਦੇ ਹਨ। ਪਰ ਦੂਜੇ ਪਾਸੇ ਕੁਝ ਵਿਚੋਲਿਆਂ ਰਾਹੀਂ ਇਹ ਸਿਲੰਡਰ ਵੱਧ ਰੇਟ ‘ਤੇ ਤੁਰੰਤ ਉਪਲਬਧ ਹੋ ਰਹੇ ਹਨ। ਇਸ ਨਾਲ ਆਮ ਵਰਗ ਦੇ ਲੋਕਾਂ ’ਤੇ ਆਰਥਿਕ ਬੋਝ ਵੱਧ ਰਿਹਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਘਰੇਲੂ ਕੰਮਕਾਜ ਲਈ ਗੈਸ ਸਿਲੰਡਰ ਬਹੁਤ ਜ਼ਰੂਰੀ ਹੈ ਤੇ ਇਸ ਤਰ੍ਹਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕਾਂ ਨੇ ਕਿਹਾ ਕਿ ਮਜ਼ਬੂਰੀ ’ਚ ਉਨ੍ਹਾਂ ਨੂੰ ਮਹਿੰਗੇ ਭਾਅ ‘ਤੇ ਸਿਲੰਡਰ ਖਰੀਦਣਾ ਪੈਂਦਾ ਹੈ, ਜੋ ਸਿੱਧੀ ਤਰ੍ਹਾਂ ਕਾਲਾਬਾਜ਼ਾਰੀ ਨੂੰ ਦਰਸਾਉਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਸ ਦੀ ਸਪਲਾਈ ਸੁਚਾਰੂ ਬਣਾਈ ਜਾਵੇ ਤਾਂ ਜੋ ਹਰ ਘਰ ਤੱਕ ਸਮੇਂ ਸਿਰ ਸਿਲੰਡਰ ਪਹੁੰਚ ਸਕੇ। ਦੂਜੇ ਪਾਸੇ ਕੁਝ ਏਜੰਸੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਪਲਾਈ ਵਿੱਚ ਕਈ ਵਾਰ ਤਕਨੀਕੀ ਸਮੱਸਿਆਵਾਂ ਆ ਜਾਂਦੀਆਂ ਹਨ, ਜਿਸ ਕਾਰਨ ਡਿਲਿਵਰੀ ਵਿੱਚ ਦੇਰੀ ਹੋ ਸਕਦੀ ਹੈ। ਹਾਲਾਂਕਿ ਲੋਕ ਇਸ ਵਜ੍ਹਾ ਨੂੰ ਮਨਣ ਲਈ ਤਿਆਰ ਨਹੀਂ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਮਸਲੇ ‘ਤੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।