ਗਲੋਬਲ ਡਿਸਕਵਰੀ ਸਕੂਲ ’ਚ ‘ਰੁਖ਼ਸਤ-ਏ-ਸਜਦਾ’ ਮਨਾਇਆ
ਗਲੋਬਲ ਡਿਸਕਵਰੀ ਸਕੂਲ ਵਿਚ ਭਾਵਨਾਤਮਕ ਵਿਦਾਈ ਸਮਾਰੋਹ ‘ਰੁਖ਼ਸਤ-ਏ-ਸਜਦਾ’ ਮਨਾਇਆ
Publish Date: Sun, 08 Feb 2026 05:39 PM (IST)
Updated Date: Mon, 09 Feb 2026 04:06 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ’ਚ ਪ੍ਰਸ਼ਾਸਨਿਕ ਮੈਨੇਜਰ ਮਿਸ ਨੰਦਨੀ ਗਰਗ ਦੀ ਅਗਵਾਈ ਹੇਠ ਗਿਆਰਵੀਂ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਸਕੂਲ ਦੇ ਵਿਹੜੇ ’ਚ ‘ਰੁਖ਼ਸਤ-ਏ-ਸਜਦਾ’ ਥੀਮ ਆਧਾਰਿਤ ਵਿਦਾਈ ਸਮਾਗਮ ਕਰਵਾਇਆ।
ਸਮਾਗਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਕੋਆਰਡੀਨੇਟਰ ਵੱਲੋਂ ਰਿਬਨ ਕਟਿੰਗ ਤੇ ਦੀਪ ਜਗਾ ਕੇ ਕੀਤਾ ਗਿਆ। ਪ੍ਰਸ਼ਾਸਨਿਕ ਮੈਨੇਜਰ ਮਿਸ ਨੰਦਨੀ ਗਰਗ ਜੀ ਨੇ ਸਵਾਗਤੀ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਡਾਂਸ ਅਤੇ ਗੀਤਾਂ ਦੀਆਂ ਪੇਸ਼ਕਾਰੀਆਂ ਦੇ ਕੇ ਸਭ ਦਾ ਮਨ ਮੋਹ ਲਿਆ। ਸੀਨੀਅਰ ਵਿਦਿਆਰਥੀਆਂ ਦੇ ਮਨੋਰੰਜਨ ਲਈ ਖੇਡਾਂ ਕਰਵਾਈਆਂ। ਜੂਨੀਅਰ ਵਿਦਿਆਰਥੀਆਂ ਵੱਲੋਂ ਸੀਨੀਅਰਾਂ ਲਈ ਆਕਰਸ਼ਕ ਟਾਈਟਲ ਦੇ ਕੇ ਪਾਰਟੀ ਨੂੰ ਯਾਦਗਾਰ ਬਣਾਇਆ ਗਿਆ। ਵਿਦਿਆਰਥੀ ਰਵਨੀਤ ਸ਼ਰਮਾ ਵੱਲੋਂ ਪੇਸ਼ ਕੀਤੀ ਕਵਿਤਾ ਨੇ ਵਾਤਾਵਰਨ ਨੂੰ ਭਾਵੁਕ ਬਣਾ ਦਿੱਤਾ। ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਨੂੰ ਤਾਰੀਫ਼ਾਂ ਦੇ ਕੇ ਪਿਆਰ ਅਤੇ ਸਨਮਾਨ ਪ੍ਰਗਟ ਕੀਤਾ ਗਿਆ। ਰੈਂਪ ਵਾਕ ਵੀ ਕਰਵਾਇਆ, ਜਿਸ ਵਿਚ ਪ੍ਰਸ਼ਨੋੱਤਰੀ ਰਾਹੀਂ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਸ਼ਖ਼ਸੀਅਤ, ਆਤਮ-ਵਿਸ਼ਵਾਸ ਤੇ ਪ੍ਰਸਤੁਤੀ ਕੌਸ਼ਲਾਂ ਦਾ ਵਿਸ਼ੇਸ਼ ਮੁੱਲਾਂਕਣ ਕੀਤਾ। ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਕਾਵਿਆ ਅਸੀਜਾ ਨੇ ਆਪਣੀ ਟੀਮ ਨਾਲ ਪੇਸ਼ਕਾਰੀ ਰਾਹੀਂ ਇਹ ਸੁਨੇਹਾ ਦਿੱਤਾ ਕਿ ਅਧਿਆਪਕ ਕੇਵਲ ਮਾਰਗਦਰਸ਼ਕ ਹੀ ਨਹੀਂ, ਸਗੋਂ ਹਰ ਕਦਮ ’ਤੇ ਬੱਚਿਆਂ ਦੇ ਸੱਚੇ ਸਾਥੀ ਹੁੰਦੇ ਹਨ। ਇਸ ਪੇਸ਼ਕਾਰੀ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਅਦਭੁੱਤ ਸਹਿਯੋਗ, ਸਨੇਹ ਅਤੇ ਆਪਸੀ ਵਿਸ਼ਵਾਸ ਦੀ ਝਲਕ ਸਪਸ਼ਟ ਦਿਖਾਈ ਦਿੱਤੀ। ਸਕੂਲ ਦੇ ਵਾਈਸ-ਚੇਅਰਮੈਨ ਅਮਿਤ ਸਰਾਫ਼ ਨੇ ਇਸ ਮੌਕੇ ਕਿਹਾ ਕਿ ਵਿਦਿਆਰਥੀ ਸਕੂਲ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ, ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਸਫਲ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਅੰਤ ਵਿਚ ਸਕੂਲ ਮੈਨੇਜਮੈਂਟ ਵੱਲੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ਤੇ ਮਿਸਟਰ ਡਿਸਕਵਰੀਅਨ ਅਤੇ ਮਿਸ ਡਿਸਕਵਰੀਅਨ ਦੇ ਨਤੀਜੇ ਘੋਸ਼ਿਤ ਕੀਤੇ ਗਏ। ਜਿਸ ਵਿਚ ਮਿਸਟਰ ਡਿਸਕਵਰੀਅਨ ਦਾ ਖ਼ਿਤਾਬ ਰਵਨੀਤ ਸ਼ਰਮਾ ਤੇ ਮਿਸ ਡਿਸਕਵਰੀਅਨ ਦਾ ਖ਼ਿਤਾਬ ਰਸ਼ਮੀਨ ਕੌਰ ਨੇ ਜਿੱਤਿਆ।