- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁਸਾਂਤ ਸਿਟੀ ਟੂ ਵਿਖੇ ਚੌਥਾ ਬਠਿੰਡਾ ਫਲਾਵਰ ਫੈਸਟੀਵਲ ਧੂਮਧਾਮ ਨਾਲ ਸ਼ੁਰੂ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ- ਮਾਨਸਾ ਮਾਰਗ ’ਤੇ ਸਥਿਤ ਸ਼ੁਸ਼ਾਂਤ ਸਿਟੀ ਟੂ ਰਿਹਾਇਸ਼ੀ ਕਾਲੋਨੀ ਵਿਖੇ ਦੋ ਰੋਜ਼ਾ ਚੌਥਾ ਬਠਿੰਡਾ ਫਲਾਵਰ ਫੈਸਟੀਵਲ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਵਾਰ ਇਹ ਮੇਲਾ ਮਿੱਤਲ ਗਰੁੱਪ ਬਠਿੰਡਾ ਦੀ ਰਿਹਾਇਸ਼ੀ ਕਾਲੋਨੀ ਸ਼ੁਸਾਂਤ ਸਿਟੀ ਟੂ ਵਿਖੇ ਸਥਿਤ ਵੱਡੇ ਪਾਰਕ ਵਿਖੇ ਲਗਾਇਆ ਗਿਆ ਹੈ।
ਇਸ ਮੇਲੇ ਦੌਰਾਨ ਵੱਡੇ ਪਾਰਕ ਦੇ ਅੰਦਰ 65 ਤੋਂ ਜ਼ਿਆਦਾ ਵੱਖ-ਵੱਖ ਫੁੱਲਾਂ ਦੀਆਂ ਕਿਸਮਾਂ ਨੂੰ ਕੁਦਰਤੀ ਤੌਰ ’ਤੇ ਉਗਾਇਆ ਗਿਆ ਹੈ। ਇਸ ਤੋਂ ਇਲਾਵਾ ਫੁੱਲਾਂ, ਪੰਛੀਆਂ ਅਤੇ ਹੋਰ ਕੁਦਰਤੀ ਜੀਵ ਜੰਤੂਆਂ ਨਾਲ ਸਬੰਧਤ ਵਿਸ਼ੇਸ਼ ਪਾਰਕ ਵੀ ਤਿਆਰ ਕੀਤੇ ਗਏ ਹਨ। 7 ਮਾਰਚ ਨੂੰ ਸਵੇਰੇ ਚੌਥੇ ਬਠਿੰਡਾ ਫਲਾਵਰ ਫੈਸਟੀਵਲ ’ਚ ਮੁੱਖ ਮਹਿਮਾਨ ਵਜੋਂ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਸ਼ਮਸ਼ੇਰ ਸਿੰਘ ਵਿਰਕ ਜੀਓਸੀ 10 ਸੀਓਆਰਪੀਐਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮੇਲੇ ’ਚ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵਿਸ਼ੇਸ਼ ਮਹਿਮਾਨ ਵਿਖੇ ਆਪਣੇ ਪਰਿਵਾਰ ਸਮੇਤ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਜਿੱਥੇ ਆਏ ਹੋਏ ਮਹਿਮਾਨਾਂ ਵੱਲੋਂ ਇਸ ਮੌਕੇ ਵੱਖ ਵੱਖ ਤਰ੍ਹਾਂ ਦੀਆਂ ਲਗਾਈਆਂ ਗਈਆਂ ਸਟਾਲਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਪੰਜਾਬ ਦੇ ਰਿਵਾਇਤੀ ਰੁੱਖਾਂ ਨਾਲ ਸਬੰਧਤ ਟ੍ਰੀ ਮਿਊਜ਼ੀਅਮ, ਜੀਵ-ਜੰਤੂਆਂ ਅਤੇ ਪੰਛੀਆਂ ਨਾਲ ਸਬੰਧਤ ਬਰਡ ਮਿਊਜ਼ੀਅਮ ਤੋਂ ਇਲਾਵਾ ਬਟਰ-ਫਲਾਈ ਗਾਰਡਨ ਅਤੇ ਬੋਨਸਾਈ ਗਾਰਡਨ ਨੂੰ ਦੇਖਿਆ ਗਿਆ।
ਇਸ ਮੌਕੇ ਸਟੇਜ ’ਤੇ ਲੈਫਟੀਨੈਂਟ ਜਨਰਲ ਐੱਸਐੱਸ ਵਿਰਕ ਨੇ ਇਸ ਦੋ ਰੋਜ਼ਾ ਫੁੱਲਾਂ ਦੇ ਕਰਵਾਏ ਗਏ ਮੇਲੇ ਦੀ ਸ਼ਲਾਘਾ ਕੀਤੀ ਤੇ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਇਨਸਾਨ ਨੂੰ ਕੁਦਰਤ ਦੇ ਹੋਰ ਨੇੜੇ ਕਰਦੇ ਹਨ। ਇਸ ਮੌਕੇ ਮਿੱਤਲ ਗਰੁੱਪ ਦੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਨੇ ਦੱਸਿਆ ਕਿ ਇਹ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਸ਼ੁਸਾਂਤ ਸਿਟੀ ਕਾਲੋਨੀ ਦੇ ਇਸ ਵੱਡੇ ਪਾਰਕ ਵਿਖੇ ਕੁਦਰਤ ਦੇ ਏਨੇ ਨਜ਼ਾਰੇ ਖਿੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਹਰ ਸਮੇਂ ਰਿਹਾਇਸੀ ਇਲਾਕਿਆਂ ਨੂੰ ਹਰਾਂ ਭਰਾ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਰਹਿੰਦੇ ਹਨ ਅਤੇ ਇਹ ਫਲਾਵਰ ਮੇਲਾ ਵੀ ਇਸ ਮੁਹਿੰਮ ਦਾ ਹੀ ਇਕ ਹਿੱਸਾ ਹੈ।
ਇਸ ਮੇਲੇ ਦੌਰਾਨ ਖੇਤੀ ਵਿਰਾਸ਼ਤ ਮਿਸ਼ਨ ਤੋਂ ਉਮੇਂਦਰ ਦੱਤ, ਫਲਾਵਰ ਮੈਨ ਆਫ਼ ਇੰਡੀਆਂ ਵਜੋਂ ਜਾਣੇ ਜਾਂਦੇ ਡਾ. ਰਾਮ ਜੀ ਜੈਮੱਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਮੇਲੇ ’ਚ ਵੱਖ ਵੱਖ ਗਰੁੱਪਾਂ ਵੱਲੋਂ ਆਪਣੀਆਂ ਸਟਾਲਾਂ ਵੀ ਲਗਾਈਆਂ ਗਈਆਂ ਹਨ ਜਿਹੜੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹਨ। ਇਸ ਮੌਕੇ ਸ਼ਹਿਰ ਨਾਲ ਸਬੰਧਤ ਵੱਖ ਵੱਖ ਸਕੂਲਾਂ ਅਤੇ ਹੋਰ ਸਿੱਖਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਗਿੱਧੇ, ਭੰਗੜੇ ਅਤੇ ਹੋਰ ਡਾਂਸ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਆਏ ਹੋਏ ਮਹਿਮਾਨਾਂ ਨੇ ਸਨਮਾਨਿਤ ਵੀ ਕੀਤਾ।