ਟਰੈਕਟਰ ਨੂੰ ਲੱਗੀ ਅੱਗ, ਸੜਿਆ ਟਰੈਕਟਰ ਦਾ ਪਿਛਲਾ ਹਿੱਸਾ
ਤੂੜੀ ਬਣਾਉਂਦੇ ਸਮੇਂ ਟਰੈਕਟਰ ਨੂੰ ਅੱਗ ਲੱਗੀ, ਟਰੈਕਟਰ ਦਾ ਪਿਛਲਾ ਹਿੱਸਾ ਸੜਿਆ
Publish Date: Mon, 13 Apr 2026 06:29 PM (IST)
Updated Date: Tue, 14 Apr 2026 04:07 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਇੱਥੋਂ ਨੇੜਲੇ ਪਿੰਡ ਕੋਠਾ ਗੁਰੂ ਵਿਖੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਤੂੜੀ ਬਣਾਉਂਦੇ ਸਮੇਂ ਇਕ ਟਰੈਕਟਰ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਗੁਰਮੀਤ ਸਿੰਘ ਕਾਲਾ ਪੁੱਤਰ ਬਲਦੇਵ ਸਿੰਘ ਵਾਸੀ ਕੋਠਾ ਗੁਰੂ ਆਪਣੇ ਟਰੈਕਟਰ ਨਾਲ ਖੇਤਾਂ ’ਚ ਤੂੜੀ ਬਣਾਉਣ ਦਾ ਕੰਮ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਕੰਮ ਦੌਰਾਨ ਅਚਾਨਕ ਟਰੈਕਟਰ ਦੇ ਪਿਛਲੇ ਹਿੱਸੇ ਵਿੱਚੋਂ ਚੰਗਿਆੜੀਆਂ ਨਿਕਲਣ ਲੱਗੀਆਂ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ। ਅੱਗ ਲੱਗਣ ਕਾਰਨ ਆਲੇ-ਦੁਆਲੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਇਕੱਠੇ ਹੋ ਗਏ। ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਤਿਕਾਰ ਕਮੇਟੀ ਕੋਠਾ ਗੁਰੂ ਦੀ ਫਾਇਰ ਬ੍ਰਿਗੇਡ ਟੀਮ ਨੂੰ ਤੁਰੰਤ ਸੂਚਿਤ ਕੀਤਾ ਗਿਆ। ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਹਾਲਾਂਕਿ ਉਦੋਂ ਤਕ ਟਰੈਕਟਰ ਦਾ ਪਿਛਲਾ ਹਿੱਸਾ ਕਾਫੀ ਹੱਦ ਤਕ ਸੜ ਚੁੱਕਾ ਸੀ ਅਤੇ ਕਿਸਾਨ ਦਾ ਵੱਡਾ ਨੁਕਸਾਨ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪੀੜਤ ਗੁਰਮੀਤ ਸਿੰਘ ਕਾਲਾ ਹਮੇਸ਼ਾ ਸਮਾਜ ਸੇਵਾ ਵਿੱਚ ਅੱਗੇ ਰਹਿੰਦਾ ਹੈ ਅਤੇ ਇਲਾਕੇ ਵਿੱਚ ਲੱਗਣ ਵਾਲੀਆਂ ਛਬੀਲਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਉਤਸ਼ਾਹ ਨਾਲ ਸੇਵਾ ਕਰਦਾ ਹੈ। ਇਸ ਕਾਰਨ ਘਟਨਾ ਤੋਂ ਬਾਅਦ ਲੋਕਾਂ ਵਿੱਚ ਉਸ ਪ੍ਰਤੀ ਹਮਦਰਦੀ ਦਾ ਮਾਹੌਲ ਵੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਦੌਰਾਨ ਸਤਿਕਾਰ ਕਮੇਟੀ ਕੋਠਾ ਗੁਰੂ ਵੱਲੋਂ ਨਗਰ ਨਿਵਾਸੀਆਂ ਅਤੇ ਐਨਆਰਆਈਜ਼ ਦੇ ਸਹਿਯੋਗ ਨਾਲ ਪੀੜਤ ਦੀ ਆਰਥਿਕ ਮਦਦ ਲਈ ਵੀ ਕਦਮ ਚੁੱਕੇ ਗਏ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਯੋਗ ਮਦਦ ਮੁਹੱਈਆ ਕਰਵਾਈ ਜਾਵੇ, ਤਾਂ ਜੋ ਉਸ ਨੂੰ ਰਾਹਤ ਮਿਲ ਸਕੇ। ਇਹ ਘਟਨਾ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਦੀ ਵਰਤੋਂ ਦੌਰਾਨ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ।