ਸ਼ਾਨਦਾਰ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਐਚਐਮਈਐਲ ਵੱਲੋਂ 1000 ਮਹਿਲਾਵਾਂ ਨਾਲ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Publish Date: Wed, 11 Mar 2026 06:01 PM (IST)
Updated Date: Thu, 12 Mar 2026 04:06 AM (IST)

-ਐੱਚਐੱਮਈਐੱਲ ਨੇ 1000 ਮਹਿਲਾਵਾਂ ਨਾਲ ਮਨਾਇਆ ਕੌਮਾਂਤਰੀ ਮਹਿਲਾ ਦਿਵਸ ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ ਮਹਿਲਾਵਾਂ ਨੂੰ ਆਤਮਨਿਰਭਰ ਅਤੇ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਸਿਲਵਰ ਕੇਸਟਲ ਪੈਲੇਸ ਰਾਮਾਂ ਮੰਡੀ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਲਗਭਗ 1000 ਮਹਿਲਾਵਾਂ ਨੇ ਹਿੱਸਾ ਲਿਆ ਤੇ ਆਪਣੇ ਤਜਰਬੇ ਸਾਂਝੇ ਕਰਕੇ ਹੋਰ ਮਹਿਲਾਵਾਂ ਨੂੰ ਆਤਮ-ਨਿਰਭਰ ਬਣਨ ਲਈ ਪ੍ਰੇਰਿਆ। ਸਮਾਗਮ ਦੌਰਾਨ ਐੱਚਐੱਮਈਐੱਲ ਦੇ ਸੀਨੀਅਰ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਵੀ ਖਾਸ ਤੌਰ ‘ਤੇ ਮੌਜੂਦ ਰਹੇ, ਜਿਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ’ਚ ਸ਼ਾਨਦਾਰ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਪੰਜਾਬ ਰਾਜ ਰੂਰਲ ਆਜੀਵਿਕਾ ਮਿਸ਼ਨ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਐੱਚਐੱਮਈਐੱਲ ਵੱਲੋਂ ਸਵੈ-ਸਹਾਇਤਾ ਸਮੂਹਾਂ ਰਾਹੀਂ ਪਿੰਡਾਂ ਵਿੱਚ ਕੀਤੇ ਜਾ ਰਹੇ ਸਮਾਜਿਕ ਤੇ ਆਰਥਿਕ ਵਿਕਾਸ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਮਹਿਲਾਵਾਂ ਲਈ ਮਨੋਰੰਜਨ ਤੇ ਖੇਡ ਮੁਕਾਬਲੇ ਵੀ ਕਰਵਾਏ ਗਏ। ਇਸ ਨਾਲ ਹੀ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਵੱਲੋਂ ਪੰਜਾਬੀ ਲੋਕ ਗੀਤ ਅਤੇ ਲੋਕ ਨ੍ਰਿਤ ‘ਗਿੱਧਾ’ ਦੀ ਰੰਗਾਰੰਗ ਪੇਸ਼ਕਾਰੀ ਕੀਤੀ। ਵਧੀਆ ਪ੍ਰਦਰਸ਼ਨ ਕਰਨ ਵਾਲੇ ਸਮੂਹਾਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਪਿੰਡਾਂ ਦੀਆਂ ਮਹਿਲਾਵਾਂ ਵੱਲੋਂ ਤਿਆਰ ਕੀਤੇ ਵੱਖ-ਵੱਖ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੌਰਾਨ ਇੱਕ ਪ੍ਰੇਰਣਾਦਾਇਕ ਆਡੀਓ-ਵਿਜ਼ੂਅਲ ਵੀ ਦਿਖਾਇਆ ਗਿਆ, ਜਿਸ ਵਿੱਚ ਐਚਐਮਈਐਲ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਸਥਿਤ 59 ਪਿੰਡਾਂ ਵਿੱਚ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਉਨ੍ਹਾਂ ਨਾਲ ਆਏ ਸਕਾਰਾਤਮਕ ਸਮਾਜਿਕ ਬਦਲਾਵਾਂ ਨੂੰ ਦਰਸਾਇਆ ਗਿਆ। ਇਸ ਦੌਰਾਨ ਐੱਚਐੱਮਈਐੱਲ ਦੇ ਡੀਜੀਐੱਮ (ਸੀਐਸਆਰ) ਵਿਸ਼ਵਮੋਹਨ ਪ੍ਰਸਾਦ ਨੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਲਗਨ ਹੋਰ ਮਹਿਲਾਵਾਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਐਚਐਮਈਐਲ ਵੱਲੋਂ ਪਿੰਡਾਂ ਵਿਚ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਕਈ ਸਸ਼ਕਤ ਮਹਿਲਾਵਾਂ ਨੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਐਚਐਮਈਐਲ ਨਾਲ ਜੁੜਨ ਤੋਂ ਬਾਅਦ ਉਹ ਕਿਵੇਂ ਆਤਮ-ਨਿਰਭਰ ਬਣੀਆਂ ਅਤੇ ਅੱਜ “ਲਖਪਤੀ ਦੀਦੀ” ਬਣ ਕੇ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਇਕ ਨਵੀਂ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਨੇ ਹੋਰ ਮਹਿਲਾਵਾਂ ਨੂੰ ਵੀ ਅੱਗੇ ਵਧਣ ਤੇ ਆਪਣੀ ਸਮਰਥਾ ਨੂੰ ਪਛਾਣਨ ਲਈ ਪ੍ਰੇਰਿਆ। ਐੱਚਐੱਮਈਐੱਲ ਨੂੰ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਵਿਕਾਸ ਲਈ ਨਵੇਂ ਰਸਤੇ ਖੋਲ੍ਹਣਗੇ ਤੇ ਪਿੰਡਾਂ ਦੀਆਂ ਮਹਿਲਾਵਾਂ ਨੂੰ ਆਤਮਨਿਰਭਰਤਾ ਵੱਲ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਨਗੇ।